By Elections in India: ਬੀਜੇਪੀ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ! ਹੁਣ ਮਹਾਰਾਸ਼ਟਰ ਤੇ ਹਰਿਆਣਾ 'ਚ ਵੀ ਔਖਾ
ਸੱਤ ਸੂਬਿਆਂ ਦੀਆਂ 13 ਅਸੈਂਬਲੀ ਸੀਟਾਂ ’ਤੇ ਹੋਈਆਂ ਜ਼ਿਮਨੀ ਚੋਣਾਂ ਨੇ ਬੀਜੇਪੀ ਦੀ ਨੀਂਦ ਉਡਾ ਦਿੱਤੀ ਹੈ। ਇਨ੍ਹਾਂ 13 ਸੀਟਾਂ ’ਚੋਂ ਇੰਡੀਆ ਗੱਠਜੋੜ ਨੇ 10 ਸੀਟਾਂ ਜਿੱਤ ਲਈਆਂ ਹਨ। ਭਾਜਪਾ ਨੂੰ ਦੋ ਸੀਟਾਂ ਮਿਲੀਆਂ
By Elections in India: ਸੱਤ ਸੂਬਿਆਂ ਦੀਆਂ 13 ਅਸੈਂਬਲੀ ਸੀਟਾਂ ’ਤੇ ਹੋਈਆਂ ਜ਼ਿਮਨੀ ਚੋਣਾਂ ਨੇ ਬੀਜੇਪੀ ਦੀ ਨੀਂਦ ਉਡਾ ਦਿੱਤੀ ਹੈ। ਇਨ੍ਹਾਂ 13 ਸੀਟਾਂ ’ਚੋਂ ਇੰਡੀਆ ਗੱਠਜੋੜ ਨੇ 10 ਸੀਟਾਂ ਜਿੱਤ ਲਈਆਂ ਹਨ। ਭਾਜਪਾ ਨੂੰ ਦੋ ਸੀਟਾਂ ਮਿਲੀਆਂ ਜਦਕਿ ਇੱਕ ਆਜ਼ਾਦ ਉਮੀਦਵਾਰ ਨੇ ਚੋਣ ਜਿੱਤੀ ਹੈ। ਹਰਿਆਣਾ ਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਨੇ ਬੀਜੇਪੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਹੈ।
ਦੱਸ ਦਈਏ ਕਿ ਜ਼ਿਮਨੀ ਚੋਣਾਂ ਲਈ ਪੱਛਮੀ ਬੰਗਾਲ ਦੀਆਂ ਚਾਰ, ਹਿਮਾਚਲ ਪ੍ਰਦੇਸ਼ ਦੀਆਂ ਤਿੰਨ, ਉੱਤਰਾਖੰਡ ਦੀਆਂ ਦੋ, ਪੰਜਾਬ, ਮੱਧ ਪ੍ਰਦੇਸ਼, ਬਿਹਾਰ ਤੇ ਤਾਮਿਲਨਾਡੂ ਦੀਆਂ ਇੱਕ-ਇੱਕ ਸੀਟਾਂ ’ਤੇ ਬੁੱਧਵਾਰ ਨੂੰ ਵੋਟਾਂ ਪਈਆਂ ਸਨ। ਪੰਜਾਬ ਦੀ ਜਲੰਧਰ ਪੱਛਮੀ ਸੀਟ ’ਤੇ ‘ਆਪ’ ਦੇ ਮਹਿੰਦਰ ਭਗਤ ਨੇ ਭਾਜਪਾ ਦੇ ਸ਼ੀਤਲ ਅੰਗੁਰਾਲ ਨੂੰ 37,325 ਵੋਟਾਂ ਦੇ ਫ਼ਰਕ ਨਾਲ ਹਰਾਇਆ।
ਪੱਛਮੀ ਬੰਗਾਲ ’ਚ ਟੀਐਮਸੀ ਨੇ ਚਾਰੋਂ ਸੀਟਾਂ ਰਾਏਗੰਜ, ਰਾਣਾਘਾਟ ਦਕਸ਼ਿਣ, ਬਾਗਦਾ ਤੇ ਮਾਣਿਕਤਾਲ ’ਤੇ ਭਾਜਪਾ ਉਮੀਦਵਾਰਾਂ ਨੂੰ ਹਰਾਇਆ। ਰਾਏਗੰਜ ’ਚ ਪਾਰਟੀ ਉਮੀਦਵਾਰ ਕ੍ਰਿਸ਼ਣਾ ਕਲਿਆਨੀ ਨੇ ਭਾਜਪਾ ਦੇ ਮਾਨਸ ਕੁਮਾਰ ਘੋਸ਼ ਨੂੰ 50,077 ਵੋਟਾਂ, ਰਾਣਾਘਾਟ ਦਕਸ਼ਿਣ ’ਚ ਮੁਕੁਤ ਨਾਮੀ ਅਧਿਕਾਰੀ ਨੇ ਭਾਜਪਾ ਦੇ ਮਨੋਜ ਕੁਮਾਰ ਬਿਸਵਾਸ ਨੂੰ 74,485 ਵੋਟਾਂ, ਬਾਗਦਾ ’ਚ ਮਧੂਪਰਨਾ ਠਾਕੁਰ ਨੇ ਭਾਜਪਾ ਦੇ ਬਿਨੇ ਕੁਮਾਰ ਬਿਸਵਾਸ ਨੂੰ 74,251 ਵੋਟਾਂ ਅਤੇ ਮਾਣਿਕਤਾਲ ’ਚ ਸੁਪਤੀ ਪਾਂਡੇ ਨੇ ਭਾਜਪਾ ਦੇ ਕਲਿਆਣ ਚੌਬੇ ਨੂੰ 62,312 ਵੋਟਾਂ ਦੇ ਫ਼ਰਕ ਨਾਲ ਹਰਾਇਆ।
ਉੱਤਰਾਖੰਡ ਦੀਆਂ ਦੋਵੇਂ ਸੀਟਾਂ ਬਦਰੀਨਾਥ ਤੇ ਮੰਗਲੌਰ ਤੋਂ ਕਾਂਗਰਸ ਦੇ ਲਖਪਤ ਸਿੰਘ ਬੁਟੋਲਾ ਤੇ ਕਾਜ਼ੀ ਮੁਹੰਮਦ ਨਿਜ਼ਾਮੂਦੀਨ ਜੇਤੂ ਰਹੇ। ਬੁਟੋਲਾ ਨੇ ਬਦਰੀਨਾਥ ਸੀਟ ’ਤੇ ਸਾਬਕਾ ਮੰਤਰੀ ਅਤੇ ਭਾਜਪਾ ਆਗੂ ਰਾਜੇਂਦਰ ਸਿੰਘ ਭੰਡਾਰੀ ਨੂੰ 5,224 ਵੋਟਾਂ ਦੇ ਫ਼ਰਕ ਨਾਲ ਹਰਾਇਆ। ਇਸੇ ਤਰ੍ਹਾਂ ਨਿਜ਼ਾਮੂਦੀਨ ਨੇ ਮਗਲੌਰ ਸੀਟ ’ਤੇ ਭਾਜਪਾ ਦੇ ਕਰਤਾਰ ਸਿੰਘ ਭਡਾਨਾ ਨੂੰ ਸਿਰਫ਼ 422 ਵੋਟਾਂ ਦੇ ਫ਼ਰਕ ਨਾਲ ਮਾਤ ਦਿੱਤੀ।
ਮੱਧ ਪ੍ਰਦੇਸ਼ ’ਚ ਭਾਜਪਾ ਦੇ ਕਮਲੇਸ਼ ਪ੍ਰਤਾਪ ਸਿੰਘ ਨੇ ਅਮਰਵਾੜਾ ਹਲਕੇ ਤੋਂ ਕਾਂਗਰਸ ਦੇ ਧੀਰਨ ਸ਼ਾਹ ਇਨਵਾਤੀ ਨੂੰ 3,027 ਵੋਟਾਂ ਦੇ ਫ਼ਰਕ ਨਾਲ ਹਰਾਇਆ। ਬਿਹਾਰ ’ਚ ਆਜ਼ਾਦ ਉਮੀਦਵਾਰ ਸ਼ੰਕਰ ਸਿੰਘ ਨੇ ਰੁਪੌਲੀ ਸੀਟ ’ਤੇ ਜਿੱਤ ਹਾਸਲ ਕੀਤੀ ਹੈ। ਉਸ ਨੇ ਜਨਤਾ ਦਲ (ਯੂ) ਦੇ ਕਾਲਾਧਰ ਪ੍ਰਸਾਦ ਮੰਡਲ ਨੂੰ 8,246 ਵੋਟਾਂ ਨਾਲ ਹਰਾਇਆ। ਤਾਮਿਲਨਾਡੂ ’ਚ ਹੁਕਮਰਾਨ ਡੀਐਮਕੇ ਦੇ ਏ. ਸ਼ਿਵਾ ਐਨਡੀਏ ’ਚ ਸ਼ਾਮਲ ਪੀਐੱਮਕੇ ਦੇ ਅੰਬੂਮਣੀ ਸੀ. ਨੂੰ ਵਿਕਰਵੰਡੀ ਹਲਕੇ ਤੋਂ 67,757 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜੇਤੂ ਰਹੇ।
ਉਧਰ, ਕਾਂਗਰਸ ਨੇ ਜ਼ਿਮਨੀ ਚੋਣਾਂ ’ਚ ‘ਇੰਡੀਆ’ ਗੱਠਜੋੜ ਦੇ ਉਮੀਦਵਾਰਾਂ ਦੀ ਜਿੱਤ ਦਾ ਸਵਾਗਤ ਕੀਤਾ ਹੈ। ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਇਨ੍ਹਾਂ ਨਤੀਜਿਆਂ ਨਾਲ ਸਪੱਸ਼ਟ ਹੋ ਗਿਆ ਹੈ ਕਿ ਭਾਜਪਾ ਵੱਲੋਂ ‘ਡਰ ਤੇ ਭਰਮ’ ਦਾ ਬੁਣਿਆ ਜਾਲ ਟੁੱਟ ਗਿਆ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪਾਰਟੀ ਵਰਕਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕਾਂ ਨੇ ਭਾਜਪਾ ਦੀ ਹੰਕਾਰ, ਕੁਸ਼ਾਸਨ ਅਤੇ ਨਾਂਹ-ਪੱਖੀ ਸਿਆਸਤ ਰੱਦ ਕਰ ਦਿੱਤੀ ਹੈ।
ਕਾਂਗਰਸ ਨੇ ਕਿਹਾ ਕਿ ਨਤੀਜੇ ਦੇਸ਼ ’ਚ ਬਦਲ ਰਹੇ ਸਿਆਸੀ ਮਾਹੌਲ ਵੱਲ ਇਸ਼ਾਰਾ ਕਰਦੇ ਹਨ। ਖੜਗੇ ਨੇ ਕਿਹਾ ਕਿ ਇਹ ਮੋਦੀ-ਸ਼ਾਹ ਦੀ ਡਿੱਗ ਰਹੀ ਸਿਆਸੀ ਸਾਖ ਦਾ ਪੁਖ਼ਤਾ ਸਬੂਤ ਹੈ। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਦੇਵਭੂਮੀ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਲੋਕਾਂ ਨੇ ਕਾਂਗਰਸ ’ਚ ਭਰੋਸਾ ਜਤਾਇਆ ਹੈ ਤੇ ਲੋਕ ਜਾਣ ਗਏ ਹਨ ਕਿ 100 ਸਾਲ ਪਹਿਲਾਂ ਅਤੇ 100 ਸਾਲ ਬਾਅਦ ਲੋਕਾਂ ਨੂੰ ਗੁੰਮਰਾਹ ਕਰਨ ਦੀ ਸਿਆਸਤ ਨਾਲ ਦੇਸ਼ ਨੂੰ ਕੋਈ ਲਾਭ ਨਹੀਂ ਹੋਵੇਗਾ।