8 ਸਾਲ ਪਹਿਲਾਂ ਸੀ ਮਾਮੂਲੀ ਅਧਿਆਪਕ, BYJU ਐਪ ਬਣਾਉਣ ਮਗਰੋਂ ਬਣਿਆ ਦੇਸ਼ ਦਾ ਨਵਾਂ ਅਰਬਪਤੀ
ਬਲੂਮਬਰਗ ਦੀ ਰਿਪੋਰਟ ਮੁਤਾਬਕ ਰਵਿੰਦਰਨ ਦੀ ਕੰਪਨੀ ਥਿੰਕ ਐਂਡ ਲਰਨ ਨੇ ਇਸੇ ਮਹੀਨੇ 15 ਕਰੋੜ ਡਾਲਰ (1,035 ਕਰੋੜ ਰੁਪਏ) ਦੀ ਫੰਡਿੰਗ ਇਕੱਠੀ ਕੀਤੀ ਸੀ। ਇਸ ਨਾਲ ਕੰਪਨੀ ਦਾ ਵੈਲਿਊਏਸ਼ਨ 5.7 ਅਰਬ ਡਾਲਰ (39,330 ਕਰੋੜ ਰੁਪਏ) ਹੋ ਗਿਆ। ਉਨ੍ਹਾਂ ਕੋਲ ਕੰਪਨੀ ਦੇ 21 ਫੀਸਦੀ ਤੋਂ ਜ਼ਿਆਦਾ ਸ਼ੇਅਰ ਹਨ।
ਬੰਗਲੁਰੂ: ਆਨਲਾਈਨ ਐਜੂਕੇਸ਼ਨ ਐਪ BYJU ਦੇ ਫਾਊਂਡਰ ਤੇ ਸੀਈਓ ਬਾਇਜੂ ਰਵਿੰਦਰਨ ਦੇਸ਼ ਦੇ ਨਵੇਂ ਅਰਬਪਤੀ ਬਣ ਗਏ ਹਨ। ਬਲੂਮਬਰਗ ਦੀ ਰਿਪੋਰਟ ਮੁਤਾਬਕ ਰਵਿੰਦਰਨ ਦੀ ਕੰਪਨੀ ਥਿੰਕ ਐਂਡ ਲਰਨ ਨੇ ਇਸੇ ਮਹੀਨੇ 15 ਕਰੋੜ ਡਾਲਰ (1,035 ਕਰੋੜ ਰੁਪਏ) ਦੀ ਫੰਡਿੰਗ ਇਕੱਠੀ ਕੀਤੀ ਸੀ। ਇਸ ਨਾਲ ਕੰਪਨੀ ਦਾ ਵੈਲਿਊਏਸ਼ਨ 5.7 ਅਰਬ ਡਾਲਰ (39,330 ਕਰੋੜ ਰੁਪਏ) ਹੋ ਗਿਆ। ਉਨ੍ਹਾਂ ਕੋਲ ਕੰਪਨੀ ਦੇ 21 ਫੀਸਦੀ ਤੋਂ ਜ਼ਿਆਦਾ ਸ਼ੇਅਰ ਹਨ।
ਅਧਿਆਪਕ ਰਹਿ ਚੁੱਕੇ ਰਵਿੰਦਰਨ ਨੇ 2011 ਵਿੱਚ ਥਿੰਕ ਐਂਡ ਲਰਨ ਦੀ ਸਥਾਪਨਾ ਕੀਤੀ ਸੀ। 2015 ਵਿੱਚ ਉਨ੍ਹਾਂ ਮੁੱਖ ਲਰਨਿੰਗ ਐਪ ਬਾਇਜੂ ਲਾਂਚ ਕੀਤੀ ਸੀ। ਦੱਸ ਦੇਈਏ ਇੱਕ ਵਾਰ ਰਵਿੰਦਰਨ ਨੇ ਕਿਹਾ ਸੀ ਕਿ ਉਹ ਦੇਸ਼ ਦੀ ਸਿੱਖਿਆ ਵਿਵਸਥਾ ਲਈ ਠੀਕ ਉਸੇ ਤਰ੍ਹਾਂ ਕੰਮ ਕਰਨਾ ਚਾਹੁੰਦੇ ਹਨ, ਜਿਹੜਾ ਮਾਊਸ ਹਾਊਸ (ਡਿਜ਼ਨੀ) ਨੇ ਮਨੋਰੰਜਨ ਲਈ ਕੀਤਾ ਹੈ।
ਬਾਇਜੂ ਐਪ ਦੇ 3.5 ਕਰੋੜ ਸਬਸਕ੍ਰਾਈਬਰਜ਼ ਹਨ। ਇਨ੍ਹਾਂ ਵਿੱਚੋਂ 24 ਲੱਖ ਪੇਅਡ ਯੂਜ਼ਰਸ ਹਨ ਜੋ ਸਾਲਾਨਾ 10 ਤੋਂ 12 ਹਜ਼ਾਰ ਰੁਪਏ ਫੀਸ ਅਦਾ ਕਰਦੇ ਹਨ। ਇਸ ਸਾਲ ਮਾਰਚ ਤਕ ਬਾਇਜੂ ਮੁਨਾਫੇ ਵਿੱਚ ਆ ਗਈ ਸੀ। ਇਸੇ ਦੌਰਾਨ ਰਵਿੰਦਰਨ ਨੇ ਪੈਂਸ਼ਨ ਫੰਡ ਤੇ ਸਾਵਰੇਨ ਵੈਲਥ ਫੰਡ ਵਰਗੇ ਲੰਮੀ ਮਿਆਦ ਵਾਲੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨਾ ਸ਼ੁਰੂ ਕਰ ਦਿੱਤਾ। ਹਾਲ ਹੀ ਵਿੱਚ ਕਤਰ ਇਨਵੈਸਟਮੈਂਟ ਅਥਾਰਿਟੀ ਨੇ ਉਨ੍ਹਾਂ ਦੀ ਕੰਪਨੀ ਵਿੱਚ ਪੈਸਾ ਲਾਇਆ ਹੈ।
ਦੱਖਣੀ ਭਾਰਤ ਦੇ ਤੱਟਵਰਤੀ ਪਿੰਡ ਵਿੱਚ ਜੰਮੇ ਰਵਿੰਦਰਨ ਦੇ ਮਾਪੇ ਸਕੂਲ ਅਧਿਆਪਕ ਸਨ। ਰਵਿੰਦਰਨ ਦਾ ਮਨ ਸਕੂਲ ਵਿੱਚ ਨਹੀਂ ਲੱਗਦਾ ਸੀ। ਉਹ ਅਕਸਰ ਫੁੱਟਬਾਲ ਖੇਡਣ ਜਾਂਦੇ ਸਨ। ਬਾਅਦ ਵਿੱਚ ਉਹ ਘਰ ਵਿੱਚ ਪੜ੍ਹਾਈ ਕਰਦੇ ਸੀ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਰਵਿੰਦਰਨ ਇੰਜੀਨੀਅਰ ਬਣ ਗਏ ਤੇ ਪ੍ਰੀਖਿਆ ਦੀ ਤਿਆਰੀ ਵਿੱਚ ਵਿਦਿਆਰਥੀਆਂ ਦੀ ਮਦਦ ਕਰਨ ਲੱਗੇ। ਉਨ੍ਹਾਂ ਦੀਆਂ ਕਲਾਸਾਂ ਵਿੱਚ ਵਿਦਿਆਰਥੀ ਇੰਨੇ ਵਧ ਗਏ ਕਿ ਉਨ੍ਹਾਂ ਨੇ ਹਜ਼ਾਰਾਂ ਵਿਦਿਆਰਥੀਆਂ ਨੂੰ ਸਟੇਡੀਅਮ ਵਿੱਚ ਇਕੱਠੇ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਰਵਿੰਦਰਨ ਇਕ ਸੈਲਿਬ੍ਰਿਟੀ ਅਧਿਆਪਕ ਬਣ ਗਏ।