ਚੰਡੀਗੜ੍ਹ 'ਚ ਮਿਲ ਰਿਹਾ ਸਸਤਾ ਪਿਆਜ਼, ਪ੍ਰਸ਼ਾਸਨ ਨੇ ਹੋਲਸੇਲਰਾਂ ਤੇ ਰਿਟੇਲਰਾਂ 'ਤੇ ਕੱਸਿਆ ਸ਼ਿਕੰਜਾ
ਤਿਉਹਾਰੀ ਸੀਜ਼ਨ ਵਿੱਚ ਪਿਆਜ਼ ਦੇ ਵਧਦੇ ਭਾਅ ਦੀ ਵਜ੍ਹਾ ਨਾਲ ਜਮ੍ਹਾਖੋਰੀ ਨੂੰ ਰੋਕਣ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਹੋਲਸੇਲਰਾਂ ਤੇ ਰਿਟੇਲਰਾਂ ਦੇ ਪਿਆਜ਼ ਜਮ੍ਹਾ ਕਰਨ ਦੀ ਹੱਦ ਨਿਰਧਾਰਿਤ ਕਰ ਦਿੱਤੀ ਹੈ। ਇਸ ਦੇ ਮੁਤਾਬਕ ਹੁਣ ਹੋਲਸੇਲਰ 500 ਕੁਇੰਟਲ ਤੋਂ ਜ਼ਿਆਦਾ ਪਿਆਜ਼ ਸਟੋਰ ਨਹੀਂ ਕਰ ਸਕਣਗੇ। ਇਸੇ ਤਰ੍ਹਾਂ ਰਿਟੇਲਰ ਵੀ 100 ਕੁਇੰਟਲ ਤੋਂ ਵੱਧ ਪਿਆਜ਼ ਜਮ੍ਹਾ ਨਹੀਂ ਕਰ ਸਕਣਗੇ।

ਚੰਡੀਗੜ੍ਹ: ਤਿਉਹਾਰੀ ਸੀਜ਼ਨ ਵਿੱਚ ਪਿਆਜ਼ ਦੇ ਵਧਦੇ ਭਾਅ ਦੀ ਵਜ੍ਹਾ ਨਾਲ ਜਮ੍ਹਾਖੋਰੀ ਨੂੰ ਰੋਕਣ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਹੋਲਸੇਲਰਾਂ ਤੇ ਰਿਟੇਲਰਾਂ ਦੇ ਪਿਆਜ਼ ਜਮ੍ਹਾ ਕਰਨ ਦੀ ਹੱਦ ਨਿਰਧਾਰਿਤ ਕਰ ਦਿੱਤੀ ਹੈ। ਇਸ ਦੇ ਮੁਤਾਬਕ ਹੁਣ ਹੋਲਸੇਲਰ 500 ਕੁਇੰਟਲ ਤੋਂ ਜ਼ਿਆਦਾ ਪਿਆਜ਼ ਸਟੋਰ ਨਹੀਂ ਕਰ ਸਕਣਗੇ। ਇਸੇ ਤਰ੍ਹਾਂ ਰਿਟੇਲਰ ਵੀ 100 ਕੁਇੰਟਲ ਤੋਂ ਵੱਧ ਪਿਆਜ਼ ਜਮ੍ਹਾ ਨਹੀਂ ਕਰ ਸਕਣਗੇ।
ਜੇ ਕਿਸੇ ਹੋਲਸੇਲਰ ਜਾਂ ਰਿਟੇਲਰ ਕੋਲ ਤੈਅ ਸੀਮਾ ਤੋਂ ਵੱਧ ਪਿਆਜ਼ ਪਾਇਆ ਗਿਆ ਤਾਂ ਉਸ ਤੇ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ। ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਇਹ ਸੀਮਾ ਨਿਰਧਾਰਤ ਕੀਤੀ ਹੈ। ਪਿਆਜ਼ ਦੇ ਵਧਦੇ ਭਾਅ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਕੋਲ ਜਮ੍ਹਾਖੋਰੀ ਦੀਆਂ ਸ਼ਿਕਾਇਤਾਂ ਆਉਣ ਲੱਗੀਆਂ ਸੀ।
ਚੰਡੀਗੜ੍ਹ ਪ੍ਰਸ਼ਾਸਨ ਮੁਤਾਬਕ ਨਰਾਤਿਆਂ ਬਾਅਦ ਪਿਆਜ਼ ਦੀ ਖਪਤ ਵਿੱਚ ਅਚਾਨਕ ਵਾਧਾ ਹੁੰਦਾ ਹੈ। ਇਸ ਵੇਲੇ ਪੂਰੇ ਦੇਸ਼ ਵਿੱਚ ਪਿਆਜ਼ ਦੇ ਭਾਅ ਵਧੇ ਹੋਏ ਹਨ। ਇਸ ਲਈ ਹੋਲਸੇਲਰ ਤੇ ਰਿਟੇਲਰ ਪਿਆਜ਼ ਦੀ ਜਮ੍ਹਾਖੋਰੀ ਕਰ ਸਕਦੇ ਹਨ। ਇਸ 'ਤੇ ਰੋਕ ਲਾਉਣ ਲਈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਲਿਆ ਗਿਆ ਹੈ।
ਉਂਞ ਸ਼ਹਿਰ ਵਾਸੀਆਂ ਨੂੰ ਪਿਆਜ਼ ਦੇ ਵਧੇ ਭਾਅ ਤੋਂ ਨਿਜ਼ਾਤ ਦਿਵਾਉਣ ਲਈ ਚੰਡੀਗੜ੍ਹ ਪ੍ਰਸ਼ਾਸਨ ਆਧਾਰ ਕਾਰਡ ਦਿਖਾਉਣ 'ਤੇ 32 ਰੁਪਏ ਕਿੱਲੋ ਪਿਆਜ਼ ਵੇਚ ਰਿਹਾ ਹੈ। ਚੰਡੀਗੜ੍ਹ ਪ੍ਰਸ਼ਾਸਨ ਦੇ ਫੂਡ ਤੇ ਸਪਲਾਈ ਵਿਭਾਗ ਵੱਲੋਂ ਸ਼ਹਿਰ 'ਚ ਪੰਜ ਥਾਈਂ ਕਾਊਂਟਰ ਲਾਏ ਗਏ ਹਨ। ਇਸ ਤੋਂ ਇਲਾਵਾ ਵਿਭਾਗ ਵੱਲੋਂ ਦੋ ਮੋਬਾਈਲ ਵੈਨ ਵੀ ਚਲਾਈਆਂ ਜਾ ਰਹੀਆਂ ਹਨ।






















