Chandrayaan-3 Moon Landing: ਚੰਦਰਯਾਨ-2 ਨੂੰ ਜਿਸ ਮੋੜ 'ਤੇ ਆਈ ਸੀ ਸਮੱਸਿਆ, ਉਸੇ ਦਿਸ਼ 'ਚ ਮੁੜਨ ਵਾਲਾ ਚੰਦਰਯਾਨ-3, ਹੁਣ ਕੀ ਹੋਏਗਾ?
Chandrayaan-3: ਚੰਦਰਯਾਨ-3 ਬੁੱਧਵਾਰ ਨੂੰ ਸ਼ਾਮ 6.04 ਵਜੇ ਚੰਦਰਮਾ ਦੀ ਸਤ੍ਹਾ 'ਤੇ ਉੱਤਰ ਕੇ ਇਤਿਹਾਸ ਰਚਣ ਜਾ ਰਿਹਾ ਹੈ। ਮਿਸ਼ਨ ਚੰਦਰਯਾਨ-2 ਦੀ ਅਸਫਲਤਾ ਤੋਂ ਬਾਅਦ, ਇਸਰੋ ਨੇ 14 ਜੁਲਾਈ ਨੂੰ ਇਸ ਨਵੇਂ ਚੰਦਰਮਾ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ।
Chandrayaan-3 Landing: ਜਿਸ ਪਲ ਦਾ ਪੂਰਾ ਦੇਸ਼ ਤੇ ਦੁਨੀਆ ਇੰਤਜ਼ਾਰ ਕਰ ਰਹੀ ਹੈ, ਉਹ ਪਲ ਅਗਲੇ ਕੁਝ ਘੰਟਿਆਂ ਵਿੱਚ ਆਉਣ ਵਾਲਾ ਹੈ। ਚੰਦਰਯਾਨ-3 ਬੁੱਧਵਾਰ (23 ਅਗਸਤ) ਨੂੰ ਸ਼ਾਮ 6.04 ਵਜੇ ਚੰਦਰਮਾ ਦੀ ਸਤ੍ਹਾ 'ਤੇ ਉੱਤਰ ਕੇ ਇਤਿਹਾਸ ਰਚਣ ਜਾ ਰਿਹਾ ਹੈ। ਮਿਸ਼ਨ ਚੰਦਰਯਾਨ-2 ਦੀ ਅਸਫਲਤਾ ਤੋਂ ਬਾਅਦ, ਇਸਰੋ ਨੇ 14 ਜੁਲਾਈ ਨੂੰ ਇਸ ਨਵੇਂ ਚੰਦਰਮਾ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ।
'ਹਿੰਦੁਸਤਾਨ ਟਾਈਮਜ਼' ਮੁਤਾਬਕ 5 ਅਗਸਤ ਨੂੰ ਚੰਦਰਯਾਨ-3 ਚੰਦਰਮਾ ਦੇ ਪੰਧ 'ਚ ਦਾਖਲ ਹੋਇਆ ਸੀ। 17 ਅਗਸਤ ਨੂੰ ਲੈਂਡਰ ਤੇ ਰੋਵਰ ਦੋਵੇਂ ਮਾਡਿਊਲ ਵੱਖ ਹੋਏ। ਅਮਰੀਕਾ, ਚੀਨ ਤੇ ਪੁਰਾਣੇ ਸੋਵੀਅਤ ਸੰਘ ਤੋਂ ਬਾਅਦ ਭਾਰਤ ਚੰਦਰਮਾ ਦੀ ਸਤ੍ਹਾ 'ਤੇ ਸਾਫਟ ਲੈਂਡਿੰਗ ਕਰਨ ਵਾਲਾ ਚੌਥਾ ਦੇਸ਼ ਬਣਨ ਦੇ ਰਾਹ 'ਤੇ ਹੈ। ਇੰਨਾ ਹੀ ਨਹੀਂ ਜੇਕਰ ਪੂਰਾ ਘਟਨਾਕ੍ਰਮ ਇਸਰੋ ਮੁਤਾਬਕ ਚੱਲਦਾ ਰਿਹਾ ਤਾਂ ਭਾਰਤ ਚੰਦਰਮਾ ਦੇ ਦੱਖਣੀ ਧਰੁਵ 'ਤੇ ਸਾਫਟ ਲੈਂਡਿੰਗ ਕਰਨ ਵਾਲਾ ਪਹਿਲਾ ਦੇਸ਼ ਬਣ ਜਾਵੇਗਾ।
ਸਾਫਟ ਲੈਂਡਿੰਗ ਤੇ ਹਾਰਡ ਲੈਂਡਿੰਗ ਕੀ ਹੈ?
ਚੰਦਰਮਾ ਦੀ ਸਤ੍ਹਾ 'ਤੇ ਪੁਲਾੜ ਯਾਨ ਦੀ ਨਿਯੰਤਰਿਤ ਲੈਂਡਿੰਗ ਨੂੰ ਸਾਫਟ ਲੈਂਡਿੰਗ ਕਹਿੰਦੇ ਹੈ। ਲੈਂਡਿੰਗ ਦੇ ਸਮੇਂ ਪੁਲਾੜ ਯਾਨ ਦੀ ਗਤੀ ਹੌਲੀ-ਹੌਲੀ ਘੱਟ ਜਾਵੇਗੀ ਤੇ ਲਗਪਗ 0 ਦੀ ਰਫਤਾਰ ਨਾਲ ਸਤ੍ਹਾ ਨੂੰ ਛੂਹ ਲਵੇਗਾ। ਹਾਰਡ ਲੈਂਡਿੰਗ ਇੱਕ ਕ੍ਰੈਸ਼ ਲੈਂਡਿੰਗ ਹੈ ਜਿੱਥੇ ਪੁਲਾੜ ਯਾਨ ਸਤ੍ਹਾ ਨਾਲ ਟਕਰਾਉਣ 'ਤੇ ਨਸ਼ਟ ਹੋ ਜਾਂਦਾ ਹੈ। ਇਸ ਤੋਂ ਪਹਿਲਾਂ ਚੰਦਰਯਾਨ-2 ਸਾਫਟ ਲੈਂਡਿੰਗ ਦੌਰਾਨ ਫੇਲ੍ਹ ਹੋ ਗਿਆ ਸੀ ਪਰ ਇਸ ਵਾਰ ਇਸਰੋ ਚੀਫ ਐਸ ਸੋਮਨਾਥ ਦਾ ਦਾਅਵਾ ਹੈ ਕਿ ਜੋ ਵੀ ਹੋ ਜਾਏ, ਸਾਫਟ ਲੈਂਡਿੰਗ ਜ਼ਰੂਰ ਹੋਵੇਗੀ।
ਚੰਦਰਯਾਨ-3 ਦੀ ਸਾਫਟ ਲੈਂਡਿੰਗ, ਅੱਜ ਕੀ ਹੋਵੇਗਾ?
ਪੁਲਾੜ ਯਾਨ 30 ਕਿਮੀ ਦੀ ਉਚਾਈ ਤੋਂ 1.68 ਕਿਮੀ ਘੰਟੇ ਦੀ ਰਫਤਾਰ ਨਾਲ ਹੇਠਾਂ ਉਤਰਨਾ ਸ਼ੁਰੂ ਕਰ ਦੇਵੇਗਾ। ਚੰਦਰਮਾ ਦੀ ਸਤ੍ਹਾ 'ਤੇ ਪਹੁੰਚਣ ਤੱਕ ਇਸ ਦੀ ਗਤੀ ਲਗਪਗ 0 ਹੋ ਜਾਵੇਗੀ। ਅੱਜ ਦੀ ਲੈਂਡਿੰਗ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਚੰਦਰਯਾਨ-3 ਹੌਰੀਜੈਂਟਲ ਤੋਂ ਵਰਟੀਕਲ ਦਿਸ਼ਾ ਵੱਲ ਮੁੜੇਗਾ। ਇਸ ਜਗ੍ਹਾ 'ਤੇ ਚੰਦਰਯਾਨ-2 ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ।
ਚੰਦਰਯਾਨ-3 ਦੇ ਚੰਦਰਮਾ 'ਤੇ ਸਫਲ ਲੈਂਡਿੰਗ ਤੋਂ ਬਾਅਦ ਕੀ ਹੋਵੇਗਾ?
ਰੋਵਰ (ਪ੍ਰਗਿਆਨ) ਲੈਂਡਰ (ਵਿਕਰਮ) ਤੋਂ ਨਿਕਲ ਕੇ ਚੰਦਰਮਾ ਦੀ ਸਤ੍ਹਾ 'ਤੇ ਉਤਰੇਗਾ। ਇਸ ਤੋਂ ਬਾਅਦ, ਰੋਵਰ ਚੰਦਰਮਾ ਦੀ ਸਤ੍ਹਾ ਦਾ ਵਿਸ਼ਲੇਸ਼ਣ ਕਰੇਗਾ ਤੇ ਮੌਜੂਦਾ ਵਾਤਾਵਰਣ ਦਾ ਅਧਿਐਨ ਕਰੇਗਾ। ਲੈਂਡਰ ਤੇ ਰੋਵਰ ਇੱਕ ਚੰਦਰ ਦਿਨ ਯਾਨੀ ਚੰਦਰਮਾ ਉੱਤੇ ਇੱਕ ਦਿਨ ਤੱਕ ਸੁਰੱਖਿਅਤ ਰਹਿ ਸਕਦੇ ਹਨ। ਇੱਕ ਚੰਦਰ ਦਿਨ ਧਰਤੀ ਦੇ 14 ਦਿਨਾਂ ਦੇ ਬਰਾਬਰ ਹੁੰਦਾ ਹੈ। ਇਸਰੋ ਵੱਲੋਂ 14 ਦਿਨਾਂ ਬਾਅਦ ਕੀ ਹੋਵੇਗਾ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਹਾਲਾਂਕਿ, ਵਿਗਿਆਨੀਆਂ ਨੇ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਕਿ ਲੈਂਡਰ ਤੇ ਰੋਵਰ ਇੱਕ ਚੰਦਰ ਦਿਨ ਤੋਂ ਵੱਧ ਸਮੇਂ ਤੱਕ ਜ਼ਿੰਦਾ ਰਹਿ ਸਕਦੇ ਹਨ।
ਚੰਦਰ ਦਿਨ ਉਹ ਸਮਾਂ ਹੁੰਦਾ ਹੈ ਜਦੋਂ ਸੂਰਜ ਚੰਦਰਮਾ 'ਤੇ ਚਮਕਦਾ ਹੈ। ਜਿੰਨਾ ਚਿਰ ਸੂਰਜ ਚਮਕਦਾ ਰਹੇਗਾ, ਸਾਰੇ ਸਿਸਟਮ ਠੀਕ ਤਰ੍ਹਾਂ ਕੰਮ ਕਰਦੇ ਰਹਿਣਗੇ। ਇਸ ਤੋਂ ਬਾਅਦ ਜਦੋਂ ਚੰਦਰਮਾ 'ਤੇ ਸੂਰਜ ਡੁੱਬੇਗਾ ਤਾਂ ਉਥੇ ਹਨ੍ਹੇਰਾ ਹੋ ਜਾਵੇਗਾ ਤੇ ਤਾਪਮਾਨ ਮਨਫ਼ੀ 180 ਡਿਗਰੀ ਸੈਲਸੀਅਸ ਤੱਕ ਚਲਾ ਜਾਵੇਗਾ। ਅਜਿਹੀ ਸਥਿਤੀ ਵਿੱਚ, ਪੁਲਾੜ ਯਾਨ ਦੇ ਬਚਣ ਦੀ ਸੰਭਾਵਨਾ ਘੱਟ ਜਾਵੇਗੀ। ਜੇਕਰ ਇਹ ਬਚਦਾ ਹੈ ਤਾਂ ਇਸਰੋ ਦੇ ਖਾਤੇ ਵਿੱਚ ਇੱਕ ਹੋਰ ਪ੍ਰਾਪਤੀ ਜੁੜ ਜਾਵੇਗੀ।
ਜੇ ਚੰਦਰਯਾਨ-3 ਸਫਲ ਲੈਂਡਿੰਗ ਨਹੀਂ ਕਰਦਾ ਤਾਂ ਕੀ ਹੋਵੇਗਾ?
ਇਸਰੋ ਦੇ ਮੁਖੀ ਐਸ ਸੋਮਨਾਥ ਅਨੁਸਾਰ ਅਜਿਹਾ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ। ਉਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਇਸ ਵਾਰ ਗਲਤੀ ਹੋਣ ਦੀ ਕੋਈ ਸੰਭਾਵਨਾ ਨਹੀਂ। ਜੇਕਰ ਵਿਕਰਮ ਲੈਂਡਰ ਦੇ ਸਾਰੇ ਇੰਜਣ ਤੇ ਸੈਂਸਰ ਕੰਮ ਕਰਨਾ ਬੰਦ ਕਰ ਦਿੰਦੇ ਹਨ ਤਾਂ ਵੀ ਸਾਫਟ ਲੈਂਡਿੰਗ ਹੋਵੇਗੀ।
ਉਨ੍ਹਾਂ ਕਿਹਾ ਸੀ, "ਜੇ ਸਭ ਕੁਝ ਅਸਫਲ ਹੋ ਜਾਂਦਾ ਹੈ, ਜੇਕਰ ਸਾਰੇ ਸੈਂਸਰ ਫੇਲ੍ਹ ਹੋ ਜਾਂਦੇ ਹਨ, ਕੁਝ ਵੀ ਕੰਮ ਨਹੀਂ ਕਰਦਾ, ਫਿਰ ਵੀ ਉਹ (ਵਿਕਰਮ) ਉਤਰੇਗਾ। ਇਸ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ। ਬਸ਼ਰਤੇ ਪ੍ਰੋਪਲਸ਼ਨ ਸਿਸਟਮ ਸਹੀ ਢੰਗ ਨਾਲ ਕੰਮ ਕਰੇ। ਅਸੀਂ ਇਸ ਵਾਰ ਇਹ ਵੀ ਯਕੀਨੀ ਬਣਾਇਆ ਹੈ ਕਿ ਜੇਕਰ ਇਸ ਵਾਰ (ਵਿਕਰਮ ਦੇ) ਦੋਵੇਂ ਇੰਜਣ ਕੰਮ ਨਹੀਂ ਕਰਦੇ ਤਾਂ ਵੀ ਇਹ ਲੈਂਡ ਹੋ ਜਾਵੇਗਾ।
ਇਨ੍ਹਾਂ ਸਾਰੇ ਪ੍ਰਬੰਧਾਂ ਤੋਂ ਬਾਅਦ ਵੀ ਜੇਕਰ ਚੰਦਰਯਾਨ-3 ਫੇਲ੍ਹ ਹੋ ਜਾਂਦਾ ਹੈ ਤਾਂ ਇਸ ਨੂੰ 24 ਅਗਸਤ ਨੂੰ ਦੁਬਾਰਾ ਅਜ਼ਮਾਇਆ ਜਾਵੇਗਾ ਤੇ ਜੇਕਰ ਇਹ ਫਿਰ ਵੀ ਕੰਮ ਨਹੀਂ ਕਰਦਾ ਤਾਂ 14 ਦਿਨਾਂ ਬਾਅਦ ਯਾਨੀ ਅਗਲੇ ਚੰਦਰ ਦਿਨ ਜਦੋਂ ਸੂਰਜ ਡੁੱਬੇਗਾ ਤਾਂ ਇਸ ਨੂੰ ਦੁਬਾਰਾ ਅਜ਼ਮਾਇਆ ਜਾ ਸਕਦਾ ਹੈ।