ਭਾਰਤ ’ਚ ਕੱਲ੍ਹ ਤੋਂ ਨਵੇਂ ਨਿਯਮ ਲਾਗੂ, ਜਾਣੋ ਕੀ ਹੋਣਗੀਆਂ ਅਹਿਮ ਤਬਦੀਲੀਆਂ
ਭਲਕੇ 1 ਮਾਰਚ ਤੋਂ ਦੇਸ਼ ਵਿੱਚ ਕੁਝ ਅਹਿਮ ਤਬਦੀਲੀਆਂ ਲਾਗੂ ਹੋਣ ਜਾ ਰਹੀਆਂ ਹਨ। ਇਨ੍ਹਾਂ ਦਾ ਸਬੰਧ ਆਮ ਲੋਕਾਂ ਨਾਲ ਹੈ। ਇਹ ਤਬਦੀਲੀਆਂ ਬੈਂਕਿੰਗ, ਸਿਹਤ ਤੇ ਸਿੱਖਿਆ ਖੇਤਰ ਨਾਲ ਸਬੰਧਤ ਹਨ।
ਨਵੀਂ ਦਿੱਲੀ: ਭਲਕੇ 1 ਮਾਰਚ ਤੋਂ ਦੇਸ਼ ਵਿੱਚ ਕੁਝ ਅਹਿਮ ਤਬਦੀਲੀਆਂ ਲਾਗੂ ਹੋਣ ਜਾ ਰਹੀਆਂ ਹਨ। ਇਨ੍ਹਾਂ ਦਾ ਸਬੰਧ ਆਮ ਲੋਕਾਂ ਨਾਲ ਹੈ। ਇਹ ਤਬਦੀਲੀਆਂ ਬੈਂਕਿੰਗ, ਸਿਹਤ ਤੇ ਸਿੱਖਿਆ ਖੇਤਰ ਨਾਲ ਸਬੰਧਤ ਹਨ।
ਵਿਜਯਾ ਬੈਂਕ ਅਤੇ ਦੇਨਾ ਬੈਂਕ ਦੇ ਪੁਰਾਣੇ IFSC ਕੋਡ 1 ਮਾਰਚ, 2021 ਤੋਂ ਕੰਮ ਨਹੀਂ ਕਰਨਗੇ। ਪਹਿਲੀ ਮਾਰਚ ਤੋਂ ਗਾਹਕਾਂ ਨੂੰ ਨਵਾਂ IFSC ਕੋਡ ਵਰਤਣਾ ਹੋਵੇਗਾ। ਹੁਣ ਇਹ ਬੈਂਕ ਆਫ਼ ਬੜੌਦਾ ਬਣ ਚੁੱਕਾ ਹੈ ਕਿਉਂਕਿ ਵਿਜਯਾ ਬੈਂਕ ਤੇ ਦੇਨਾ ਬੈਂਕ ਦੋਵੇਂ ਹੀ ਉਸ ਵਿੱਚ ਰਲ਼ਾ ਦਿੱਤੇ ਗਏ ਹਨ। ਇਹ ਰਲੇਵਾਂ 1 ਅਪ੍ਰੈਲ 2019 ਤੋਂ ਹੋਣ ਲੱਗ ਗਿਆ ਸੀ।
ਆਮਦਨ ਟੈਕਸ ਵਿਭਾਗ ਨੇ ਵਿਵਾਦ ਹੱਲ ਕਰਨ ਦੀ ਯੋਜਨਾ ‘ਵਿਵਾਦ ਤੋਂ ਵਿਸ਼ਵਾਸ’ ਅਧੀਨ ਵੇਰਵੇ ਦੇਣ ਦੀ ਸਮਾਂ-ਸੀਮਾ ਵਧਾ ਕੇ 31 ਮਾਰਚ ਅਤੇ ਭੁਗਤਾਨ ਲਈ 30 ਅਪ੍ਰੈਲ ਤੱਕ ਵਧਾ ਦਿੱਤੀ ਹੈ। ਬਿਨਾ ਵਾਧੂ ਰਾਸ਼ੀ ਦੇ ਭੁਗਤਾਨ ਦੀ ਸਮਾਂ-ਸੀਮਾ ਵਧ ਕੇ 30 ਅਪ੍ਰੈਲ ਹੋ ਗਈ ਹੈ ਪਹਿਲਾਂ ਇਹ ਸਮਾਂ-ਸੀਮਾ 28 ਫ਼ਰਵਰੀ ਸੀ।
ਭਲਕੇ 1 ਮਾਰਚ ਤੋਂ ਸਿਹਤ ਖੇਤਰ ’ਚ ਅਹਿਮ ਨਿਯਮ ਲਾਗੂ ਹੋਣ ਜਾ ਰਿਹਾ ਹੈ। 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਤੇ ਗੰਭੀਰ ਬੀਮਾਰੀਆਂ ਨਾਲ ਜੂਝ ਰਹੇ 45 ਸਾਲਾਂ ਤੋਂ ਵੱਧ ਉਮਰ ਦੇ ਲੋਕਾਂ ਨੂੰ 1 ਮਾਰਚ ਤੋਂ ਕੋਵਿਡ ਦਾ ਟੀਕਾ ਲੱਗਣਾ ਸ਼ੁਰੂ ਹੋ ਜਾਵੇਗਾ। ਸਰਕਾਰੀ ਹਸਪਤਾਲਾਂ ’ਚ ਇਹ ਟੀਕਾ ਮੁਫ਼ਤ ਲੱਗੇਗਾ ਪਰ ਪ੍ਰਾਈਵੇਟ ਹਸਪਤਾਲਾਂ ’ਚ ਪੈਸੇ ਦੇਣੇ ਹੋਣਗੇ।
ਦੇਸ਼ ਦੇ ਦੋ ਰਾਜਾਂ ਉੱਤਰ ਪ੍ਰਦੇਸ਼ ਤੇ ਬਿਹਾਰ ’ਚ ਭਲਕੇ 1 ਮਾਰਚ ਤੋਂ ਪ੍ਰਾਇਮਰੀ ਸਕੂਲ ਖੁੱਲ੍ਹ ਜਾਣਗੇ। ਹਰਿਆਣਾ ਸਰਕਾਰ ਨੇ 1 ਮਾਰਚ ਤੋਂ ਗ੍ਰੇਡ 1 ਤੇ 2 ਲਈ ਨਿਯਮਤ ਕਲਾਸਾਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਹਰਿਆਣਾ ’ਚ ਤੀਜੀ ਤੋਂ 5ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ ਪਹਿਲਾਂ ਹੀ ਖੁੱਲ੍ਹ ਚੁੱਕੇ ਹਨ।