ਕਾਂਗਰਸ ਦੇ ਮਹਿੰਗਾਈ ਤੇ ਬੇਰੁਜ਼ਗਾਰੀ ਖਿਲਾਫ ਪ੍ਰਦਰਸ਼ਨ ਤੋਂ ਪਹਿਲਾਂ ਲੱਗੀ ਦਫਾ 144
ਦਿੱਲੀ ਪੁਲਿਸ ਤੋਂ ਇਜਾਜ਼ਤ ਨਾ ਮਿਲਣ ਦੇ ਬਾਵਜੂਦ ਪਾਰਟੀ ਆਗੂਆਂ ਨੇ ਕਿਹਾ ਕਿ ਉਹ ਆਪਣੇ ਪ੍ਰਸਤਾਵਿਤ ਰੋਸ ਮਾਰਚ ਨੂੰ ਅੱਗੇ ਵਧਾਉਣਗੇ। ਇਸ ਦੌਰਾਨ ਪਾਰਟੀ ਵਰਕਰਾਂ ਨੇ ਦਿੱਲੀ ਦੇ 24 ਅਕਬਰ ਰੋਡ ਸਥਿਤ ਕਾਂਗਰਸ.......
Congress Delhi Protest: ਕਾਂਗਰਸ ਪਾਰਟੀ ਦੇ ਮਹਿੰਗਾਈ ਤੇ ਬੇਰੁਜ਼ਗਾਰੀ ਖਿਲਾਫ ਦੇਸ਼ ਵਿਆਪੀ ਪ੍ਰਦਰਸ਼ਨ ਦੇ ਸੱਦੇ ਤੋਂ ਪਹਿਲਾਂ, ਦਿੱਲੀ ਪੁਲਿਸ ਨੇ ਜੰਤਰ-ਮੰਤਰ ਨੂੰ ਛੱਡ ਕੇ ਨਵੀਂ ਦਿੱਲੀ ਵਿੱਚ ਸੀਆਰਪੀਸੀ ਦੀ ਧਾਰਾ 144 ਲਾਗੂ ਕਰ ਦਿੱਤੀ ਹੈ। ਪਾਰਟੀ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਨਿਵਾਸਾਂ ਸਣੇ ਪੂਰੇ ਭਾਰਤ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ। ਹਾਲਾਂਕਿ ਦਿੱਲੀ ਪੁਲਿਸ ਨੇ ਇਸ ਗੱਲ ਤੋਂ ਇਨਕਾਰ ਕੀਤਾ।
ਦਿੱਲੀ ਪੁਲਿਸ ਤੋਂ ਇਜਾਜ਼ਤ ਨਾ ਮਿਲਣ ਦੇ ਬਾਵਜੂਦ ਪਾਰਟੀ ਆਗੂਆਂ ਨੇ ਕਿਹਾ ਕਿ ਉਹ ਆਪਣੇ ਪ੍ਰਸਤਾਵਿਤ ਰੋਸ ਮਾਰਚ ਨੂੰ ਅੱਗੇ ਵਧਾਉਣਗੇ। ਇਸ ਦੌਰਾਨ ਪਾਰਟੀ ਵਰਕਰਾਂ ਨੇ ਦਿੱਲੀ ਦੇ 24 ਅਕਬਰ ਰੋਡ ਸਥਿਤ ਕਾਂਗਰਸ ਦੇ ਮੁੱਖ ਦਫਤਰ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ। ਪੁਲਿਸ ਨੇ ਵੀ ਸਖ਼ਤ ਚੌਕਸੀ ਰੱਖੀ ਹੋਈ ਹੈ ਤੇ ਪਾਰਟੀ ਹੈੱਡਕੁਆਰਟਰ ਦੇ ਬਾਹਰ ਸੜਕ ’ਤੇ ਬੈਰੀਕੇਡ ਲਾ ਦਿੱਤੇ ਹਨ। ਤਾਜ਼ਾ ਰਿਪੋਰਟਾਂ ਅਨੁਸਾਰ ਇਸ ਸਮੇਂ ਸੈਂਕੜੇ ਵਰਕਰ ਕਾਂਗਰਸ ਹੈੱਡਕੁਆਰਟਰ ਦੇ ਅੰਦਰ ਮੌਜੂਦ ਹਨ।
ਇਸ ਦੌਰਾਨ ਬੇਰੁਜ਼ਗਾਰੀ ਤੇ ਮਹਿੰਗਾਈ ਨੂੰ ਲੈ ਕੇ ਕਾਂਗਰਸ ਦੇ ਦੇਸ਼ ਵਿਆਪੀ ਧਰਨੇ ਤੋਂ ਪਹਿਲਾਂ ਵਿਜੇ ਚੌਕ ਵਿੱਚ ਪੁਲਿਸ ਅਧਿਕਾਰੀਆਂ ਨੇ ਸੁਰੱਖਿਆ ਮੁਲਾਜ਼ਮਾਂ ਨੂੰ ਜਾਣੂ ਕਰਵਾਇਆ। ਕਾਂਗਰਸ ਨੇ ਐਲਾਨ ਕੀਤਾ ਹੈ ਕਿ ਪਾਰਟੀ ਦੇ ਸੰਸਦ ਮੈਂਬਰ ਪਾਰਲੀਮੈਂਟ ਤੋਂ "ਚਲੋ ਰਾਸ਼ਟਰਪਤੀ ਭਵਨ" ਮਾਰਚ ਕਰਨਗੇ ਤੇ ਸੀਨੀਅਰ ਨੇਤਾ "ਪ੍ਰਧਾਨ ਮੰਤਰੀ ਹਾਊਸ ਘਿਰਾਓ" ਵਿੱਚ ਹਿੱਸਾ ਲੈਣਗੇ।
ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਦਾ ਲੋਕਤੰਤਰ ਖਤਮ ਹੁੰਦਾ ਦੇਖ ਕੇ ਤੁਹਾਨੂੰ ਕੀ ਲੱਗ ਰਿਹਾ ਹੈ। ਅੱਜ ਦੇਸ਼ ਵਿੱਚ ਲੋਕਤੰਤਰ ਨਹੀਂ ਹੈ। ਅੱਜ ਦੇਸ਼ ਵਿੱਚ ਚਾਰ ਲੋਕਾਂ ਦੀ ਤਾਨਾਸ਼ਾਹੀ ਹੈ। ਅਸੀਂ ਮਹਿੰਗਾਈ, ਬੇਰੁਜ਼ਗਾਰੀ ਦਾ ਮੁੱਦਾ ਉਠਾਉਣਾ ਚਾਹੁੰਦੇ ਹਾਂ। ਅਸੀਂ ਇਸ ਬਾਰੇ ਚਰਚਾ ਕਰਨਾ ਚਾਹੁੰਦੇ ਹਾਂ। ਸਾਨੂੰ ਬੋਲਣ ਦੀ ਇਜਾਜ਼ਤ ਨਹੀਂ ਹੈ। ਸੰਸਦ ਵਿੱਚ ਕੋਈ ਚਰਚਾ ਨਹੀਂ ਹੁੰਦੀ। ਸਾਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਅੱਜ ਭਾਰਤ ਦੀ ਹਾਲਤ ਹੈ।