Naxal attack: ਜਵਾਨ ਅਗਵਾ ਕਰਨ ਮਗਰੋਂ ਨਕਸਲੀਆਂ ਨੇ ਸਰਕਾਰ ਸਾਹਮਣੇ ਰੱਖੀ ਇਹ ਸ਼ਰਤ
ਇਸ ਦੌਰਾਨ ਕੇਂਦਰੀ ਰਿਜ਼ਰਵ ਪੁਲਿਸ ਫ਼ੋਰਸ (ਸੀਆਰਪੀਐਫ) ਦੇ ਡਾਇਰੈਕਟਰ ਜਨਰਲ ਕੁਲਦੀਪ ਸਿੰਘ ਨੇ ਕਿਹਾ ਕਿ ਸੁਰੱਖਿਆ ਬਲਾਂ ਦੇ ਆਪ੍ਰੇਸ਼ਨ 'ਚ ਕੋਈ ਕਮੀ ਨਹੀਂ ਆਈ ਤੇ ਸਾਡੇ ਜਵਾਨਾਂ ਨੇ ਕਈ ਨਕਸਲੀਆਂ ਨੂੰ ਮਾਰ ਮੁਕਾਇਆ ਹੈ।
ਬੀਜਾਪੁਰ: ਨਕਸਲੀਆਂ ਨੇ ਬੀਜਾਪੁਰ ਮੁਕਾਬਲੇ ਦੌਰਾਨ ਅਗਵਾ ਕੀਤੇ ਗਏ ਜਵਾਨ ਰਾਕੇਸ਼ਵਰ ਸਿੰਘ ਮਨਹਾਸ ਦੀ ਰਿਹਾਈ ਲਈ ਸਰਕਾਰ ਅੱਗੇ ਇੱਕ ਸ਼ਰਤ ਰੱਖੀ ਹੈ। ਪਾਬੰਦੀਸ਼ੁਦਾ ਭਾਰਤੀ ਕਮਿਊਨਿਸ਼ਟ ਪਾਰਟੀ (ਮਾਓਵਾਦੀ) ਨੇ ਮੰਗਲਵਾਰ ਨੂੰ ਇੱਕ ਖੁੱਲ੍ਹੀ ਚਿੱਠੀ ਜਾਰੀ ਕਰਦਿਆਂ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਸੰਗਠਨ ਨੇ ਅਗਵਾ ਕੀਤੇ ਗਏ ਜਵਾਨ ਨੂੰ ਰਿਹਾਅ ਕਰਨ ਲਈ ਵਿਚੋਲਿਆਂ ਨੂੰ ਨਿਯੁਕਤ ਕਰਨ ਦਾ ਪ੍ਰਸਤਾਵ ਦਿੱਤਾ ਹੈ।
ਦੋ ਪੇਜ਼ਾਂ ਦੀ ਚਿੱਠੀ 'ਚ ਕਿਹਾ ਗਿਆ ਹੈ, "ਬੀਜਾਪੁਰ ਹਮਲੇ 'ਚ 24 ਸੁਰੱਖਿਆ ਬਲਾਂ ਦੀ ਜਾਨ ਗਈ, 31 ਜ਼ਖ਼ਮੀ ਹੋਏ, 1 ਹਿਰਾਸਤ 'ਚ ਹੈ। ਪੀਪਲਜ਼ ਲਿਬਰੇਸ਼ਨ ਗੁਰਿੱਲਾ ਆਰਮੀ ਦੇ 4 ਜਵਾਨਾਂ ਦੀ ਜਾਨ ਚਲੀ ਗਈ। ਅਸੀਂ ਸਰਕਾਰ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ। ਉਹ ਵਿਚੋਲਿਆਂ ਦੀ ਘੋਸ਼ਣਾ ਕਰ ਸਕਦੇ ਹਨ। ਅਸੀਂ ਉਸ ਨੂੰ ਛੱਡ ਦਿਆਂਗੇ। ਜਵਾਨ ਸਾਡੇ ਦੁਸ਼ਮਣ ਨਹੀਂ ਹਨ।
ਇਸ ਦੌਰਾਨ ਕੇਂਦਰੀ ਰਿਜ਼ਰਵ ਪੁਲਿਸ ਫ਼ੋਰਸ (ਸੀਆਰਪੀਐਫ) ਦੇ ਡਾਇਰੈਕਟਰ ਜਨਰਲ ਕੁਲਦੀਪ ਸਿੰਘ ਨੇ ਕਿਹਾ ਕਿ ਸੁਰੱਖਿਆ ਬਲਾਂ ਦੇ ਆਪ੍ਰੇਸ਼ਨ 'ਚ ਕੋਈ ਕਮੀ ਨਹੀਂ ਆਈ ਤੇ ਸਾਡੇ ਜਵਾਨਾਂ ਨੇ ਕਈ ਨਕਸਲੀਆਂ ਨੂੰ ਮਾਰ ਮੁਕਾਇਆ ਹੈ। ਡਾਇਰੈਕਟਰ ਜਨਰਲ ਨੇ ਕਿਹਾ ਕਿ ਸਾਡੇ ਜਵਾਨਾਂ ਨੇ ਲਗਪਗ 700-750 ਟ੍ਰੇਨਿੰਗ ਪ੍ਰਾਪਤ ਨਕਸਲੀਆਂ ਦਾ ਡਟ ਕੇ ਸਾਹਮਣਾ ਕੀਤਾ, ਉਨ੍ਹਾਂ ਦੀ ਘੇਰਾਬੰਦੀ ਤੋੜੀ ਅਤੇ 28 ਤੋਂ 30 ਨਕਸਲੀਆਂ ਨੂੰ ਮਾਰਿਆ ਤੇ ਜ਼ਖ਼ਮੀ ਜਵਾਨਾਂ ਦੀ ਮਦਦ ਕੀਤੀ।
ਉਨ੍ਹਾਂ ਕਿਹਾ ਕਿ ਇਸ ਮੁਹਿੰਮ, ਖੁਫੀਆ ਸੂਚਨਾਵਾਂ ਤੇ ਰਾਹਤ ਕਾਰਜਾਂ 'ਚ ਕੋਈ ਕਮੀ ਨਹੀਂ ਹੈ। ਸਾਨੂੰ ਪਤਾ ਲੱਗਿਆ ਸੀ ਕਿ ਬੀਜਾਪੁਰ ਪਿੰਡ 'ਚ ਵੱਡੀ ਗਿਣਤੀ 'ਚ ਨਕਸਲੀ ਮੌਜੂਦ ਹਨ ਅਤੇ ਸੁਰੱਖਿਆ ਬਲਾਂ ਨੇ ਸਾਂਝੇ ਤੌਰ 'ਤੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ। ਮਾਓਵਾਦੀਆਂ ਨੇ 3 ਅਪ੍ਰੈਲ ਨੂੰ ਵਾਪਸ ਆਉਂਦੇ ਸਮੇਂ ਸਾਡੇ ਜਵਾਨਾਂ 'ਤੇ ਹਮਲਾ ਕੀਤਾ ਤੇ ਦੇਸੀ ਅੰਡਰ-ਬੈਰਲ ਗ੍ਰੇਨੇਡ ਲਾਂਚਰ, ਲਾਈਟ ਮਸ਼ੀਨ ਗਨ ਤੇ ਹੋਰ ਆਟੋਮੈਟਿਕ ਹਥਿਆਰਾਂ ਤੋਂ ਭਾਰੀ ਗੋਲੀਬਾਰੀ ਕੀਤੀ। ਆਪ੍ਰੇਸ਼ਨ ਸਮੇਂ ਕਮਾਂਡੈਂਟ ਪੱਧਰ ਦੇ ਅਧਿਕਾਰੀ ਉੱਥੇ ਮੌਜੂਦ ਸਨ।
ਅਗਵਾ ਜਵਾਨ ਦੀ ਰਿਹਾਈ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਸਤਰ ਦੇ ਆਈ.ਜੀ. ਸੁੰਦਰਰਾਜ ਪੀ. ਨੇ ਦੱਸਿਆ ਕਿ ਮੀਡੀਆ ਸਮੇਤ ਪਿੰਡ ਦੇ ਵਿਚੋਲਿਆਂ ਨੂੰ ਇਸ ਕੰਮ 'ਚ ਲਗਾਇਆ ਗਿਆ ਹੈ। ਅਗਵਾ ਜਵਾਨ ਦੀ ਅਸਲ ਲੋਕੇਸ਼ਨ ਬਾਰੇ ਪਤਾ ਨਹੀਂ ਲੱਗਿਆ ਹੈ, ਪਰ ਛੇਤੀ ਹੀ ਉਸ ਨੂੰ ਰਿਹਾਅ ਕਰਵਾ ਲਿਆ ਜਾਵੇਗਾ। ਦੱਸ ਦਈਏ ਕਿ ਸ਼ਨਿੱਚਰਵਾਰ ਨੂੰ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿਚ ਨਕਸਲੀਆਂ ਵੱਲੋਂ ਕੀਤੇ ਗਏ ਹਮਲੇ 'ਚ 22 ਜਵਾਨ ਸ਼ਹੀਦ ਹੋ ਗਏ ਸਨ।
ਇਹ ਵੀ ਪੜ੍ਹੋ: New Traffic Rules: ਹੁਣ ਟ੍ਰੈਫ਼ਿਕ ਨਿਯਮ ਤੋੜਨ 'ਤੇ ਰੱਦ ਨਹੀਂ ਹੋਵੇਗਾ ਡਰਾਈਵਿੰਗ ਲਾਇਸੈਂਸ, ਜਾਣੋ ਨਵੇਂ ਨਿਯਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904