SGPC ਦਾ ਸ਼ਲਾਘਾਯੋਗ ਉਪਰਾਲਾ,ਪੱਛਮੀ ਬੰਗਾਲ ’ਚ ਕਰਵਾਇਆ ਪੰਜ ਦਿਨਾਂ ਗੁਰਮਤਿ ਕੈਂਪ, ਬੱਚਿਆ ਨੂੰ ਸਿੱਖ ਇਤਿਹਾਸ ਦੀ ਦਿੱਤੀ ਜਾਣਕਾਰੀ
ਗੁਰਮਤਿ ਸਮਰ ਕੈਂਪ ਦੌਰਾਨ ਧਾਰਮਿਕ ਮੁਕਾਬਲਿਆਂ ਵਿਚ ਬੇਹਤਰ ਕਾਰਗੁਜ਼ਾਰੀ ਦਿਖਾਉਣ ਵਾਲੇ ਅਤੇ ਕੈਂਪ ਵਿਚ ਸ਼ਮੂਲੀਅਤ ਕਰਨ ਵਾਲੇ ਸਮੂਹ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਪੱਛਮੀ ਬੰਗਾਲ ਦੇ ਆਸਨਸੋਲ ਵਿਖੇ ਲਗਾਏ ਗਏ ਪੰਜ ਰੋਜ਼ਾ ਗੁਰਮਤਿ ਸਮਰ ਕੈਂਪ ਦੇ ਸਮਾਪਤੀ ਸਮਾਗਮ ਮੌਕੇ ਬੱਚਿਆਂ ਨੇ ਧਾਰਮਿਕ ਮੁਕਾਬਲਿਆਂ ਵਿਚ ਉਤਸ਼ਾਹ ਨਾਲ ਹਿੱਸਾ ਲਿਆ।
ਇਸ ਗੁਰਮਤਿ ਕੈਂਪ ਵਿਚ 350 ਬੱਚਿਆਂ ਨੇ ਸ਼ਮੂਲੀਅਤ ਕਰਕੇ ਸਿੱਖ ਇਤਿਹਾਸ, ਰਹਿਤ ਮਰਯਾਦਾ, ਗੁਰਬਾਣੀ ਨਿਤਨੇਮ ਦੀ ਸੰਥਿਆ ਅਤੇ ਗੁਰਮਤਿ ਸਿਧਾਂਤਾਂ ਬਾਰੇ ਜਾਣਕਾਰੀ ਹਾਸਲ ਕੀਤੀ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਹਰ ਸਾਲ ਲਗਾਏ ਜਾਂਦੇ ਇਸ ਕੈਂਪ ਵਿਚ ਪੱਛਮੀ ਬੰਗਾਲ ਦੀਆਂ ਵੱਖ-ਵੱਖ ਗੁਰਦੁਆਰਾ ਕਮੇਟੀਆਂ ਅਤੇ ਸਭਾ-ਸੁਸਾਇਟੀਆਂ ਵੱਲੋਂ ਭਰਵਾਂ ਸਹਿਯੋਗ ਕੀਤਾ ਜਾਂਦਾ ਹੈ। ਇਸ ਵਾਰ ਆਸਨਸੋਲ ਕੈਂਪ ਦੇ ਮੁੱਖ ਸੰਚਾਲਕ ਵਜੋਂ ਸ. ਗੁਰਿੰਦਰ ਸਿੰਘ ਨੇ ਅਹਿਮ ਭੂਮਿਕਾ ਨਿਭਾਈ।
ਗੁਰਮਤਿ ਸਮਰ ਕੈਂਪ ਦੀ ਸਮਾਪਤੀ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪੁੱਜੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਸਿੱਖ ਨੌਜੁਆਨੀ ਅੰਦਰ ਸਿੱਖੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਅਹਿਮ ਸਾਬਤ ਹੁੰਦੇ ਹਨ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਸਿੱਖ ਨੌਜੁਆਨਾਂ ਅਤੇ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਵਾਸਤੇ ਪੰਜਾਬ ਦੇ ਨਾਲ-ਨਾਲ ਦੇਸ਼ ਦੇ ਹੋਰਨਾਂ ਸੂਬਿਆਂ ਵਿਚ ਲਗਾਤਾਰ ਕਾਰਜ ਕਰ ਰਹੀ ਹੈ।
ਜਿਹੜੀਆਂ ਸਿੱਖ ਸੰਸਥਾਵਾਂ ਸਿੱਖੀ ਪ੍ਰਚਾਰ ਲਈ ਕਾਰਜਸ਼ੀਲ ਹਨ, ਉਨ੍ਹਾਂ ਦਾ ਸਹਿਯੋਗ ਵੀ ਸ਼੍ਰੋਮਣੀ ਕਮੇਟੀ ਵੱਲੋਂ ਪਹਿਲ ਦੇ ਅਧਾਰ ’ਤੇ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਿੱਖੀ ਪ੍ਰਚਾਰ ਲਈ ਕਾਰਜਸ਼ੀਲ ਸੰਸਥਾਵਾਂ ਵਿਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਡੇ ਕਾਰਜ ਕਰ ਰਿਹਾ ਹੈ, ਜਿਸ ਤਹਿਤ ਇਸ ਗੁਰਮਤਿ ਸਮਰ ਕੈਂਪ ਵਿਚ ਬੱਚਿਆਂ ਨੇ ਭਰਵੀਂ ਸ਼ਮੂਲੀਅਤ ਕਰਕੇ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਵੱਖ-ਵੱਖ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਸਿੱਖੀ ਪ੍ਰਤੀ ਸ਼ਰਧਾ ਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਜਿਹੇ ਕਾਰਜਾਂ ਵਿਚ ਸਹਿਯੋਗੀ ਬਣੀ ਰਹੇਗੀ।
ਇਸ ਦੌਰਾਨ ਵੱਖ-ਵੱਖ ਗੁਰਦੁਆਰਾ ਕਮੇਟੀਆਂ ਵੱਲੋਂ ਪ੍ਰਚਾਰਕਾਂ ਦੀ ਕੀਤੀ ਮੰਗ ’ਤੇ ਭਾਈ ਗਰੇਵਾਲ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਵਿਚਾਰ ਕਰਕੇ ਲੋੜ ਅਨੁਸਾਰ ਜਥੇ ਭੇਜੇ ਜਾਣਗੇ। ਇਸ ਮੌਕੇ ਗੁਰਦੁਆਰਾ ਕਮੇਟੀਆਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਹਿਯੋਗੀ ਬਣ ਕੇ ਸਿੱਖੀ ਪ੍ਰਚਾਰ ਦੀ ਵਚਨਬੱਧਤਾ ਵੀ ਪ੍ਰਗਟਾਈ ਗਈ।
ਗੁਰਮਤਿ ਸਮਰ ਕੈਂਪ ਦੌਰਾਨ ਧਾਰਮਿਕ ਮੁਕਾਬਲਿਆਂ ਵਿਚ ਬੇਹਤਰ ਕਾਰਗੁਜ਼ਾਰੀ ਦਿਖਾਉਣ ਵਾਲੇ ਅਤੇ ਕੈਂਪ ਵਿਚ ਸ਼ਮੂਲੀਅਤ ਕਰਨ ਵਾਲੇ ਸਮੂਹ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ