Congress Chintan Shivir: ਕਾਂਗਰਸ 'ਚ ਇੱਕ ਪਰਿਵਾਰ, ਇੱਕ ਟਿਕਟ 'ਤੇ ਬਣੀ ਸਹਿਮਤੀ, ਘੱਟੋ-ਘੱਟ 50 ਫੀਸਦੀ ਨੌਜਵਾਨਾਂ ਨੂੰ ਕੀਤਾ ਜਾਵੇਗਾ ਸ਼ਾਮਲ
ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਸੰਗਠਨ ਦਾ ਦਾਅ ਪੇਚ ਕੱਸਣਾ ਸ਼ੁਰੂ ਕਰ ਦਿੱਤਾ ਹੈ। ਇਸੇ ਕੜੀ ਵਿੱਚ ਰਾਜਸਥਾਨ ਦੇ ਉਦੈਪੁਰ ਵਿੱਚ ਤਿੰਨ ਰੋਜ਼ਾ ਚਿੰਤਨ ਕੈਂਪ ਲਗਾਇਆ ਜਾ ਰਿਹਾ ਹੈ।
Congress Chintan Shivir In Udaipur: ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਸੰਗਠਨ ਦਾ ਦਾਅ ਪੇਚ ਕੱਸਣਾ ਸ਼ੁਰੂ ਕਰ ਦਿੱਤਾ ਹੈ। ਇਸੇ ਕੜੀ ਵਿੱਚ ਰਾਜਸਥਾਨ ਦੇ ਉਦੈਪੁਰ ਵਿੱਚ ਤਿੰਨ ਰੋਜ਼ਾ ਚਿੰਤਨ ਕੈਂਪ ਲਗਾਇਆ ਜਾ ਰਿਹਾ ਹੈ। ਉਦੈਪੁਰ ਚਿੰਤਨ ਸ਼ਿਵਿਰ ਦੌਰਾਨ ਕਾਂਗਰਸ ਨੇ ਸੰਗਠਨ ਬਦਲਣ ਲਈ ਕੁਝ ਵੱਡੇ ਫੈਸਲੇ ਲਏ ਹਨ। ਕਾਂਗਰਸ ਦੇ ਜਨਰਲ ਸਕੱਤਰ ਅਜੇ ਮਾਕਨ ਨੇ ਕਿਹਾ ਕਿ ਪਾਰਟੀ ਇੱਕ ਪਰਿਵਾਰ, ਇੱਕ ਟਿਕਟ 'ਤੇ ਪੂਰੀ ਤਰ੍ਹਾਂ ਇੱਕਮਤ ਹੈ। ਉਨ੍ਹਾਂ ਨੇ ਸੰਮੇਲਨ ਤੋਂ ਬਾਅਦ ਪਾਰਟੀ ਵਿੱਚ ਵੱਡੇ ਸੰਗਠਨਾਤਮਕ ਬਦਲਾਅ ਦਾ ਵਾਅਦਾ ਕੀਤਾ।
ਅਜੇ ਮਾਕਨ ਨੇ ਕਿਹਾ ਕਿ ਪੈਨਲ ਦੇ ਸਾਰੇ ਮੈਂਬਰ ਲਗਪਗ ਪੂਰੀ ਤਰ੍ਹਾਂ ਨਾਲ ਸਹਿਮਤ ਹਨ ਕਿ ਇੱਕ ਪਰਿਵਾਰ ਦੇ ਇੱਕ ਮੈਂਬਰ ਨੂੰ ਹੀ ਟਿਕਟ ਦਿੱਤੀ ਜਾਵੇ। ਪਾਰਟੀ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੂੰ ਤਾਂ ਹੀ ਟਿਕਟ ਦੇਵੇਗੀ ਜੇਕਰ ਉਸ ਨੇ ਘੱਟੋ-ਘੱਟ ਪੰਜ ਸਾਲ ਸੰਗਠਨ ਵਿੱਚ ਕੰਮ ਕੀਤਾ ਹੋਵੇ। ਨਾਲ ਹੀ ਪਾਰਟੀ ਦਾ ਕੋਈ ਵੀ ਨੇਤਾ 5 ਸਾਲਾਂ ਤੋਂ ਵੱਧ ਸਮੇਂ ਲਈ ਕੋਈ ਅਹੁਦਾ ਨਹੀਂ ਸੰਭਾਲੇਗਾ। ਜੇਕਰ ਅਜਿਹੇ ਵਿਅਕਤੀ ਨੂੰ ਕਿਸੇ ਵੀ ਅਹੁਦੇ 'ਤੇ ਵਾਪਸ ਲਿਆਉਣਾ ਹੈ ਤਾਂ ਉਸ ਲਈ ਘੱਟੋ-ਘੱਟ 3 ਸਾਲ ਦਾ ਕੂਲਿੰਗ ਪੀਰੀਅਡ ਹੋਣਾ ਲਾਜ਼ਮੀ ਹੋਵੇਗਾ।
ਸੰਗਠਨ ਵਿੱਚ 50 ਫੀਸਦੀ ਨੌਜਵਾਨਾਂ ਨੂੰ ਕੀਤਾ ਜਾਵੇਗਾ ਸ਼ਾਮਲ
ਇਸ ਦੇ ਨਾਲ ਹੀ ਨੌਜਵਾਨ ਦਿਖਣ ਦੀ ਕਵਾਇਦ 'ਚ ਕਾਂਗਰਸ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਹੁਣ ਹਰ ਪੱਧਰ 'ਤੇ ਘੱਟੋ-ਘੱਟ 50 ਫੀਸਦੀ ਨੌਜਵਾਨਾਂ ਨੂੰ ਸੰਗਠਨ 'ਚ ਸ਼ਾਮਲ ਕੀਤਾ ਜਾਵੇਗਾ। ਕਾਂਗਰਸ ਦੇ ਜਨਰਲ ਸਕੱਤਰ ਮਾਕਨ ਨੇ ਕਿਹਾ ਕਿ ਬਲਾਕ ਤੇ ਬੂਥ ਕਮੇਟੀਆਂ ਵਿਚਕਾਰ ਮੰਡਲ ਕਮੇਟੀ ਬਣਾਉਣ ਲਈ ਸਹਿਮਤੀ ਬਣੀ ਹੈ। ਇੱਕ ਮੰਡਲ ਕਮੇਟੀ ਵਿੱਚ 15 ਤੋਂ 20 ਬੂਥ ਹੋਣਗੇ।
ਅਜੇ ਮਾਕਨ ਨੇ ਕਿਹਾ ਕਿ ਜ਼ਮੀਨੀ ਪੱਧਰ ਦੇ ਸਰਵੇਖਣ ਤੇ ਅਜਿਹੇ ਹੋਰ ਕੰਮਾਂ ਲਈ ਪਾਰਟੀ ਵਿੱਚ ‘ਪਬਲਿਕ ਇਨਸਾਈਟ ਡਿਪਾਰਟਮੈਂਟ’ ਬਣਾਉਣ ਦੀ ਵੀ ਤਜਵੀਜ਼ ਹੈ। ਇਸ ਤੋਂ ਇਲਾਵਾ ਇਹ ਵੀ ਤਜਵੀਜ਼ ਹੈ ਕਿ ਅਹੁਦੇਦਾਰਾਂ ਦੀ ਕੰਮਕਾਜੀ ਕਾਰਗੁਜ਼ਾਰੀ ਦੀ ਜਾਂਚ ਲਈ ਮੁਲਾਂਕਣ ਯੂਨਿਟ (ਅਸੈਸਮੈਂਟ ਵਿੰਗ) ਦਾ ਗਠਨ ਕੀਤਾ ਜਾਵੇ ਤਾਂ ਜੋ ਚੰਗਾ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਥਾਂ ਦਿੱਤੀ ਜਾਵੇ ਤੇ ਜੋ ਕੰਮ ਨਹੀਂ ਕਰਦੇ ,ਉਨ੍ਹਾਂ ਨੂੰ ਹਟਾ ਦਿੱਤਾ ਜਾਵੇ।
ਚਿੰਤਨ ਕੈਂਪ 'ਚ ਪਹੁੰਚੇ ਕਾਂਗਰਸ ਨੇਤਾ ਮਲਿਕਾਰਜੁਨ ਖੜਗੇ ਨੇ ਕਿਹਾ, 'ਕਾਂਗਰਸ ਦਾ ਕਿਸੇ ਵੀ ਪਾਰਟੀ ਨਾਲ ਗਠਜੋੜ 'ਤੇ ਵਿਚਾਰ ਹੈ ਕਿ ਕਾਂਗਰਸ ਸਮਾਨ ਸੋਚ ਵਾਲੀਆਂ ਪਾਰਟੀਆਂ ਨਾਲ ਕੰਮ ਕਰੇਗੀ ਪਰ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਪਹਿਲਾਂ ਕਦਮ ਚੁੱਕੇ ਜਾਣਗੇ। ਕਿਤੇ ਨਾ ਕਿਤੇ ਸਾਡੀ ਮੁਹਿੰਮ ਵਿਚ ਕਮੀਆਂ ਹਨ, ਅਸੀਂ ਬਹੁਤ ਕੰਮ ਕੀਤਾ ਹੈ, ਸਾਨੂੰ ਉਸ ਦਾ ਫਲ ਨਹੀਂ ਮਿਲ ਰਿਹਾ। ਇਸ ਦਾ ਫਲ ਕੋਈ ਹੋਰ ਖਾ ਰਿਹਾ ਹੈ ਅਤੇ ਉਹ ਕਹਿ ਰਹੇ ਹਨ ਕਿ ਅਸੀਂ ਅਸਲੀ ਦੇਸ਼ ਭਗਤ ਹਾਂ।
ਤੁਹਾਨੂੰ ਦੱਸ ਦੇਈਏ ਕਿ ਅੱਜ ਤੋਂ ਰਾਜਸਥਾਨ ਦੇ ਉਦੈਪੁਰ ਵਿੱਚ ਕਾਂਗਰਸ ਦਾ ਤਿੰਨ ਰੋਜ਼ਾ ਚਿੰਤਨ ਕੈਂਪ ਸ਼ੁਰੂ ਹੋ ਗਿਆ ਹੈ। ਇਸ ਵਿੱਚ ਪਾਰਟੀ ਦੇ ਸੀਨੀਅਰ ਆਗੂ ਅਤੇ ਗਾਂਧੀ ਪਰਿਵਾਰ ਦੇ ਮੈਂਬਰ ਹਿੱਸਾ ਲੈ ਰਹੇ ਹਨ। ਇਸ 'ਚ 2024 ਦੀਆਂ ਆਮ ਚੋਣਾਂ ਦੀ ਰਣਨੀਤੀ, ਆਉਣ ਵਾਲੀਆਂ ਚੋਣਾਂ ਦੀਆਂ ਚੁਣੌਤੀਆਂ ਦੀ ਤਿਆਰੀ 'ਤੇ ਚਰਚਾ ਕੀਤੀ ਜਾਵੇਗੀ।