ਪੈਟਰੋਲ-ਡੀਜ਼ਲ ਤੇ ਗੈਸ ਦੀਆਂ ਕੀਮਤਾਂ ਨੂੰ ਲੈ ਕੇ ਕਾਂਗਰਸ ਨੇ ਮੋਦੀ ਸਰਕਾਰ 'ਤੇ ਬੋਲਿਆ ਹਮਲਾ, ਕਿਹਾ, 'ਭਾਜਪਾ ਲਿਆਈ ਮਹਾਂ-ਮਹਿੰਗਾਈ'
ਭਾਰਤ ਵਿੱਚ ਪ੍ਰਚੂਨ ਮਹਿੰਗਾਈ ਨੇ ਆਮ ਲੋਕਾਂ ਦੀਆਂ ਜੇਬਾਂ ਖਾਲੀ ਕਰ ਦਿੱਤੀਆਂ ਹਨ। ਦਰਅਸਲ ਮੰਗਲਵਾਰ ਯਾਨੀ ਅੱਜ ਤੋਂ ਦੇਸ਼ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਨਾਲ-ਨਾਲ ਘਰੇਲੂ ਰਸੋਈ ਗੈਸ ਐਲਪੀਜੀ ਦੀਆਂ ਕੀਮਤਾਂ 'ਚ ਵਾਧਾ ਦਰਜ ਕੀਤਾ ਗਿਆ ਹੈ।
ਨਵੀਂ ਦਿੱਲੀ: ਭਾਰਤ (India) ਵਿੱਚ ਪ੍ਰਚੂਨ ਮਹਿੰਗਾਈ ਨੇ ਆਮ ਲੋਕਾਂ ਦੀਆਂ ਜੇਬਾਂ ਖਾਲੀ ਕਰ ਦਿੱਤੀਆਂ ਹਨ। ਦਰਅਸਲ ਮੰਗਲਵਾਰ ਯਾਨੀ ਅੱਜ ਤੋਂ ਦੇਸ਼ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਨਾਲ-ਨਾਲ ਘਰੇਲੂ ਰਸੋਈ ਗੈਸ ਐਲਪੀਜੀ ਦੀਆਂ ਕੀਮਤਾਂ 'ਚ ਵਾਧਾ ਦਰਜ ਕੀਤਾ ਗਿਆ ਹੈ। ਸਰਕਾਰੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਅੱਜ ਐਲਪੀਜੀ ਦੀ ਕੀਮਤ ਵਿੱਚ 50 ਰੁਪਏ ਦਾ ਵਾਧਾ ਕਰ ਦਿੱਤਾ ਹੈ। ਇਸ ਨਾਲ ਜਨਤਾ ਦੀ ਰਸੋਈ ਦਾ ਬਜਟ ਵਧੇਗਾ ਤੇ ਲੋਕਾਂ ਦੀਆਂ ਜੇਬਾਂ 'ਤੇ ਵੱਡਾ ਅਸਰ ਪਵੇਗਾ।
ਇਸ ਦੇ ਨਾਲ ਹੀ ਕਾਂਗਰਸ ਨੇ ਵਧਦੀ ਮਹਿੰਗਾਈ ਨੂੰ ਲੈ ਕੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਤੇ ਰਾਸ਼ਟਰੀ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਗੈਸ ਦੀਆਂ ਕੀਮਤਾਂ 'ਚ ਵਾਧੇ ਨੂੰ ਦੇਖਦੇ ਹੋਏ ਟਵੀਟ ਕਰਕੇ ਕਿਹਾ, 'ਮਹਾਂ- ਮਹਿੰਗਾਈ - ਭਾਜਪਾ ਲਿਆਈ। ਉਨ੍ਹਾਂ ਆਪਣੇ ਟਵੀਟ ਵਿੱਚ ਕਿਹਾ ਕਿ ਹੁਣ ਗੈਸ ਸਿਲੰਡਰ 50 ਰੁਪਏ ਮਹਿੰਗਾ ਹੋ ਗਿਆ ਹੈ। ਦਿੱਲੀ ਤੇ ਮੁੰਬਈ 'ਚ ਗੈਸ ਦੀ ਕੀਮਤ 949.50 ਰੁਪਏ ਹੈ। ਜਦੋਂਕਿ ਲਖਨਊ ਵਿੱਚ 987.50 ਰੁ. ਕੋਲਕਾਤਾ ਵਿੱਚ ਗੈਸ ਦੀ ਕੀਮਤ 976 ਰੁਪਏ ਤੇ ਚੇਨਈ ਵਿੱਚ 965.50 ਰੁਪਏ ਹੈ। ਸੁਰਜੇਵਾਲਾ ਨੇ ਅੱਗੇ ਕਿਹਾ, ਲੋਕ ਕਹਿ ਰਹੇ ਹਨ, ਕੋਈ ਲੋਟਾ ਦਿਓ, ਉਹ 'ਸੱਚੇ -ਸਸਤੇ ਦਿਨ', ਨਹੀਂ ਚਾਹੀਦੇ ਮੋਦੀ ਜੀ ਦੇ 'ਅੱਛੇ ਦਿਨ'।
ਅਕਤੂਬਰ 2021 ਤੋਂ ਬਾਅਦ ਪਹਿਲੀ ਵਾਰ ਰੇਟ ਵਧੇ
ਮੰਗਲਵਾਰ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ 80 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ, ਜਦਕਿ ਘਰੇਲੂ ਰਸੋਈ ਗੈਸ ਦੀ ਕੀਮਤ 'ਚ 50 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇਸ ਤਰ੍ਹਾਂ ਚੋਣ ਸਰਗਰਮੀਆਂ ਕਾਰਨ ਦਰਾਂ ਦੀ ਸੋਧ 'ਤੇ ਲਗੀ ਸਾਢੇ ਚਾਰ ਮਹੀਨਿਆਂ ਦੀ ਰੋਕ ਖ਼ਤਮ ਹੋ ਗਈ। ਦਿੱਲੀ 'ਚ ਪੈਟਰੋਲ ਦੀ ਕੀਮਤ ਪਹਿਲਾਂ 95.41 ਰੁਪਏ ਤੋਂ ਹੁਣ 96.21 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ, ਜਦਕਿ ਡੀਜ਼ਲ ਦੀ ਕੀਮਤ 86.67 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 87.47 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ ਰਾਸ਼ਟਰੀ ਰਾਜਧਾਨੀ ਵਿੱਚ ਬਿਨਾਂ ਸਬਸਿਡੀ ਵਾਲੇ 14.2 ਕਿਲੋਗ੍ਰਾਮ ਐਲਪੀਜੀ ਸਿਲੰਡਰ ਦੀ ਕੀਮਤ 949.50 ਰੁਪਏ ਹੋ ਗਈ ਹੈ।
LPG ਦੀਆਂ ਦਰਾਂ ਨੂੰ ਆਖਰੀ ਵਾਰ 6 ਅਕਤੂਬਰ 2021 ਨੂੰ ਸੋਧਿਆ ਗਿਆ ਸੀ। ਇਸ ਦੇ ਨਾਲ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 4 ਨਵੰਬਰ ਤੋਂ ਸਥਿਰ ਹਨ। ਜੁਲਾਈ ਤੋਂ ਅਕਤੂਬਰ 2021 ਦਰਮਿਆਨ ਐਲਪੀਜੀ ਦੀ ਕੀਮਤ 100 ਰੁਪਏ ਪ੍ਰਤੀ ਸਿਲੰਡਰ ਦੇ ਕਰੀਬ ਵਧੀ ਸੀ। ਹਾਲਾਂਕਿ, ਕੱਚੇ ਮਾਲ ਦੀਆਂ ਕੀਮਤਾਂ ਵਧਣ ਦੇ ਬਾਵਜੂਦ ਐਲਪੀਜੀ ਤੇ ਆਟੋ ਈਂਧਨ ਦੋਵਾਂ ਦੀਆਂ ਕੀਮਤਾਂ ਉਦੋਂ ਤੋਂ ਸਥਿਰ ਸਨ।
ਦੱਸ ਦੇਈਏ ਕਿ ਐਲਪੀਜੀ ਦੀ ਕੀਮਤ ਵਿੱਚ ਇਹ ਵਾਧਾ ਅਕਤੂਬਰ 2021 ਤੋਂ ਬਾਅਦ ਪਹਿਲੀ ਵਾਰ ਹੋਇਆ ਹੈ, ਹਾਲਾਂਕਿ ਇਸ ਦੌਰਾਨ ਗੈਰ ਸਬਸਿਡੀ ਵਾਲੇ ਗੈਸ ਸਿਲੰਡਰ ਦੀ ਕੀਮਤ ਵਿੱਚ ਵਾਧਾ ਹੋਇਆ ਹੈ ਪਰ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਵਾਧਾ ਨਹੀਂ ਕੀਤਾ ਗਿਆ ਸੀ। ਆਖਰੀ ਵਾਰ ਘਰੇਲੂ ਐਲਪੀਜੀ ਸਿਲੰਡਰ ਦੀਆਂ ਕੀਮਤਾਂ 6 ਅਕਤੂਬਰ 2021 ਨੂੰ ਵਧਾਈਆਂ ਗਈਆਂ ਸਨ।
ਇਹ ਵੀ ਪੜ੍ਹੋ : ਭਗਵੰਤ ਮਾਨ ਵੱਲੋਂ ਪੰਜਾਬ ਵਿੱਚ ਕੱਲ੍ਹ ਛੁੱਟੀ ਦਾ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490