Punjab News: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਅਕਾਲੀ ਦਲ ਨੇ ਮੰਗਿਆ ਭਗਵੰਤ ਮਾਨ ਤੋਂ ਅਸਤੀਫਾ
Punjab News: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ 'ਤੇ ਬੁੱਧਵਾਰ ਨੂੰ ਹਰਿਮੰਦਰ ਸਾਹਿਬ ਦੇ ਗੇਟ 'ਤੇ ਫਾਇਰਿੰਗ ਕੀਤੀ ਗਈ ਪਰ ਨਿਸ਼ਾਨਾ ਖੁੰਝ ਗਿਆ। ਗੋਲੀ ਕੰਧ 'ਚ ਜਾ ਲੱਗੀ, ਜਿਸ ਕਾਰਨ ਉਹ ਵਾਲ-ਵਾਲ ਬਚ ਗਏ।
Punjab News: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ 'ਤੇ ਬੁੱਧਵਾਰ ਨੂੰ ਹਰਿਮੰਦਰ ਸਾਹਿਬ ਦੇ ਗੇਟ 'ਤੇ ਫਾਇਰਿੰਗ ਕੀਤੀ ਗਈ ਪਰ ਨਿਸ਼ਾਨਾ ਖੁੰਝ ਗਿਆ। ਗੋਲੀ ਕੰਧ 'ਚ ਜਾ ਲੱਗੀ, ਜਿਸ ਕਾਰਨ ਉਹ ਵਾਲ-ਵਾਲ ਬਚ ਗਏ। ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਹਮਲਾਵਰ ਹੱਥ ਵਿੱਚ ਪਿਸਤੌਲ ਲੈ ਕੇ ਸੁਖਬੀਰ ਬਾਦਲ ਵੱਲ ਭੱਜਿਆ ਤੇ ਗੋਲੀ ਚਲਾ ਦਿੱਤੀ। ਫਿਰ ਉਥੇ ਖੜ੍ਹੇ ਸੁਰੱਖਿਆ ਕਰਮਚਾਰੀਆਂ ਨੇ ਉਸ ਵਿਅਕਤੀ ਨੂੰ ਫੜ ਕੇ ਪਿਸਤੌਲ ਖੋਹ ਲਿਆ।
ਉਧਰ, ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੁਖਬੀਰ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ 'ਤੇ ਸੇਵਕ ਵਾਂਗ ਸੇਵਾ ਕਰ ਰਹੇ ਸਨ। ਇਸ ਦੌਰਾਨ ਇੱਕ ਵਿਅਕਤੀ ਨੇ ਉਨ੍ਹਾਂ 'ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਦਾ ਹਾਂ ਕਿ ਉਨ੍ਹਾਂ ਨੇ ਆਪਣੇ ਸੇਵਕ ਦੇ ਸਿਰ 'ਤੇ ਹੱਥ ਰੱਖਿਆ ਤੇ ਉਹ ਬਚ ਗਏ। ਅਸੀਂ ਪਾਰਟੀ ਦੀ ਤਰਫੋਂ ਇਸ ਘਟਨਾ ਦੀ ਨਿਖੇਧੀ ਕਰਦੇ ਹਾਂ।
ਚੀਮਾ ਨੇ ਕਿਹਾ ਕਿ ਸਾਡੀ ਪਾਰਟੀ ਨੇ ਪੰਜਾਬ ਵਿੱਚ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ। ਅੱਜ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਸਵਾਲ ਕਰਨਾ ਚਾਹੁੰਦਾ ਹਾਂ ਕਿ ਕੀ ਦਰਬਾਰ ਸਾਹਿਬ ਦੇ ਬਾਹਰ ਅਜਿਹੇ ਸੇਵਾਦਾਰ 'ਤੇ ਹਮਲਾ ਕਰਨਾ ਗਲਤ ਨਹੀਂ ਹੈ। ਸੀਐਮ ਮਾਨ ਨੂੰ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਹਮਲਾਵਰ ਨੂੰ ਮੌਕੇ 'ਤੇ ਹੀ ਫੜ ਲਿਆ ਗਿਆ। ਚੀਮਾ ਨੇ ਕਿਹਾ ਕਿ ਮੈਂ ਸੁਰੱਖਿਆ ਕਰਮਚਾਰੀਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਦਲੇਰੀ ਨਾਲ ਉਨ੍ਹਾਂ ਨੂੰ ਬਚਾ ਲਿਆ।
ਉਧਰ, ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਪੰਜਾਬ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ। ਅਸੀਂ ਇਸ ਘਟਨਾ ਦੀ ਨਿੰਦਾ ਕਰਦੇ ਹਾਂ। ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈਣਾ ਕੋਈ ਵੱਡੀ ਪ੍ਰਾਪਤੀ ਨਹੀਂ। ਮੈਂ ਇਸ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਾ ਹਾਂ।