Assembly Election Result: ਚਾਰ ਸੂਬਿਆਂ ਦੇ ਚੋਣ ਨਤੀਜਿਆਂ ਤੋਂ ਪਹਿਲਾਂ ਕਾਂਗਰਸ ਨੇ ਚੁੱਕਿਆ ਵੱਡਾ ਕਦਮ
Assembly Election Result 2023: ਕਾਂਗਰਸ ਨੇ ਚਾਰ ਸੂਬਿਆਂ ਵਿੱਚ ਵਿਧਾਇਕ ਦਲਾਂ ਨਾਲ ਤਾਲਮੇਲ ਮੀਟਿੰਗਾਂ ਲਈ ਆਬਜ਼ਰਵਰ ਨਿਯੁਕਤ ਕੀਤੇ ਹਨ। ਕਾਂਗਰਸ ਨੇ ਇਹ ਕਦਮ ਪਾਰਟੀ ਅੰਦਰ ਫੁੱਟ ਨਾ ਪੈਦਾ ਹੋਣ ਦੇ ਮੱਦੇਨਜ਼ਰ ਉਠਾਇਆ ਹੈ।
Assembly Election Result: ਰਾਜਸਥਾਨ, ਮੱਧ ਪ੍ਰਦੇਸ਼, ਤੇਲੰਗਾਨਾ ਤੇ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਕਾਂਗਰਸ ਨੇ ਵੱਡਾ ਦਮ ਉਠਾਇਆ ਹੈ। ਕਾਂਗਰਸ ਨੇ ਚਾਰ ਸੂਬਿਆਂ ਵਿੱਚ ਵਿਧਾਇਕ ਦਲਾਂ ਨਾਲ ਤਾਲਮੇਲ ਮੀਟਿੰਗਾਂ ਲਈ ਆਬਜ਼ਰਵਰ ਨਿਯੁਕਤ ਕੀਤੇ ਹਨ। ਕਾਂਗਰਸ ਨੇ ਇਹ ਕਦਮ ਪਾਰਟੀ ਅੰਦਰ ਫੁੱਟ ਨਾ ਪੈਦਾ ਹੋਣ ਦੇ ਮੱਦੇਨਜ਼ਰ ਉਠਾਇਆ ਹੈ।
ਹਾਸਲ ਜਾਣਕਾਰੀ ਮੁਤਾਬਕ ਕਾਂਗਰਸ ਨੇ ਰਾਜਸਥਾਨ ਲਈ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਮਧੂਸੂਦਨ ਮਿਸਤਰੀ, ਮੁਕੁਲ ਵਾਸਨਿਕ ਤੇ ਸ਼ਕੀਲ ਅਹਿਮਦ ਨੂੰ ਨਿਯੁਕਤ ਕੀਤਾ ਹੈ। ਇਸੇ ਤਰ੍ਹਾਂ ਤਿਲੰਗਾਨਾ ਲਈ ਡੀਕੇ ਸ਼ਿਵਕੁਮਾਰ, ਦੀਪਾ ਦਾਸ ਮੁਨਸ਼ੀ, ਅਜੋਏ ਕੁਮਾਰ, ਕੇ. ਮੁਰਲੀਧਰਨ ਤੇ ਕੇ.ਜੇ ਜੌਰਜ ਨੂੰ ਨਿਯੁਕਤ ਕੀਤਾ ਹੈ।
ਛੱਤੀਸਗੜ੍ਹ ਵਿੱਚ ਅਜੈ ਮਾਕਨ, ਰਮੇਸ਼ ਚੇਨੀਥਲਾ ਤੇ ਪ੍ਰੀਤਮ ਸਿੰਘ ਨੂੰ ਆਬਜ਼ਰਵਰ ਵਜੋਂ ਭੇਜਿਆ ਗਿਆ ਹੈ, ਜਦਕਿ ਮੱਧ ਪ੍ਰਦੇਸ਼ ਲਈ ਪਾਰਟੀ ਆਗੂ ਅਧੀਰ ਰੰਜਨ ਚੌਧਰੀ, ਪ੍ਰਿਥਵੀਰਾਜ ਚੌਹਾਨ, ਰਾਜੀਵ ਸ਼ੁਕਲਾ ਤੇ ਚੰਦਰਕਾਂਤ ਹੰਡੋਰ ਨੂੰ ਤਾਇਨਾਤ ਕੀਤਾ ਗਿਆ ਹੈ।
ਦੱਸ ਦਈਏ ਕਿ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਤੇ ਤਿੰਲਗਾਨਾ ਵਿੱਚ ਅੱਜ ਵੋਟਾਂ ਦੀ ਗਿਣਤੀ ਹੋ ਰਹੀ ਹੈ ਤੇ ਮਿਜ਼ੋਰਮ ਵਿੱਚ ਸੋਮਵਾਰ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਵਿਧਾਨ ਸਭਾ ਚੋਣਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਛੱਤੀਸਗੜ੍ਹ ਤੋਂ ਹੋਈ ਸੀ, ਜਿੱਥੇ ਪਹਿਲੇ ਪੜਾਅ ਵਿੱਚ 7 ਨਵੰਬਰ ਨੂੰ ਵੋਟਿੰਗ ਹੋਈ ਸੀ। ਇਸ ਤੋਂ ਬਾਅਦ 17 ਨਵੰਬਰ ਨੂੰ ਦੂਜੇ ਪੜਾਅ ਲਈ ਵੋਟਾਂ ਪਈਆਂ। ਮੱਧ ਪ੍ਰਦੇਸ਼ ਵਿੱਚ ਵੋਟਰਾਂ ਨੇ 17 ਨਵੰਬਰ ਨੂੰ ਇੱਕ ਪੜਾਅ ਵਿੱਚ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਸ ਤੋਂ ਪਹਿਲਾਂ ਰਾਜਸਥਾਨ 'ਚ 23 ਨਵੰਬਰ ਨੂੰ ਵੋਟਿੰਗ ਹੋਣੀ ਸੀ ਪਰ ਤਰੀਕ ਬਦਲ ਕੇ 25 ਨਵੰਬਰ ਕਰ ਦਿੱਤੀ ਗਈ ਸੀ। ਤੇਲੰਗਾਨਾ ਵਿੱਚ 30 ਨਵੰਬਰ ਨੂੰ ਆਖਰੀ ਵੋਟਾਂ ਪਈਆਂ ਸਨ।
ਕਿਹੜੇ ਸੂਬੇ ਵਿੱਚ ਕਿਸ ਦੀ ਸਰਕਾਰ?
ਛੱਤੀਸਗੜ੍ਹ ਤੇ ਰਾਜਸਥਾਨ ਦੋ ਚੋਣਵੇਂ ਰਾਜ ਹਨ ਜਿੱਥੇ ਕਾਂਗਰਸ ਸੱਤਾ ਵਿੱਚ ਹੈ। ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ 'ਚ ਕਾਂਗਰਸ ਦੀ ਸਰਕਾਰ ਸੀ ਪਰ 20 ਵਿਧਾਇਕਾਂ ਦੇ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਉਸ ਦੀ ਸਰਕਾਰ ਡਿੱਗ ਗਈ ਤੇ ਫਿਰ ਭਾਜਪਾ ਸੂਬੇ 'ਚ ਸੱਤਾ 'ਚ ਵਾਪਸ ਆ ਗਈ। ਇਸ ਤਰ੍ਹਾਂ ਮੱਧ ਪ੍ਰਦੇਸ਼ ਵਿੱਚ ਇਸ ਵੇਲੇ ਭਾਜਪਾ ਦੀ ਸਰਕਾਰ ਹੈ। ਤੇਲੰਗਾਨਾ ਵਿੱਚ ਬੀਆਰਐਸ ਦੀ ਸਰਕਾਰ ਹੈ। ਕਾਂਗਰਸ ਨੂੰ ਪੂਰੀ ਉਮੀਦ ਹੈ ਕਿ ਉਹ ਤੇਲੰਗਾਨਾ ਵਿੱਚ ਸਰਕਾਰ ਬਣਾਏਗੀ। ਭਾਜਪਾ ਨੂੰ ਮੱਧ ਪ੍ਰਦੇਸ਼-ਰਾਜਸਥਾਨ 'ਚ ਸਰਕਾਰ ਬਣਾਉਣ ਦੀ ਉਮੀਦ ਹੈ।