Corona Guidelines: ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ, ਵਿਆਹ-ਸ਼ਾਦੀ ਤੇ ਸਸਕਾਰ ਲਈ ਵੀ ਬਣੇ ਨਿਯਮ
ਮਹਾਰਾਸ਼ਟਰ ਸਰਕਾਰ ਨੇ ਆਪਣੇ ਹੁਕਮਾਂ 'ਚ ਸਿਨੇਮਾ ਹਾਲ, ਰੈਸਟੋਰੈਂਟ, ਸਿਹਤ ਤੇ ਲੋੜੀਂਦੀਆਂ ਸੇਵਾਵਾਂ ਛੱਡ ਕੇ ਸਾਰੇ ਦਫਤਰਾਂ 'ਚ 31 ਮਾਰਚ ਤਕ ਕਰਮਚਾਰੀਆਂ ਨੂੰ ਗਿਣਤੀ ਅੱਧੀ ਰੱਖਣ ਲਈ ਕਿਹਾ ਗਿਆ।
ਮੁੰਬਈ: ਮਹਾਰਾਸ਼ਟਰ 'ਚ ਜਾਨਲੇਵਾ ਕੋਰੋਨਾ ਵਾਇਰਸ ਦੇ ਮਾਮਲੇ ਦਿਨ-ਬ-ਦਿਨ ਵਧਦੇ ਜਾ ਰਹੇ ਹਨ। ਵਧਦੇ ਮਾਮਲਿਆਂ ਨੂੰ ਦੇਖਦਿਆਂ ਮਹਾਰਾਸ਼ਟਰ ਸਰਕਾਰ ਨੇ ਜਨਤਾ ਲਈ ਇੱਕ ਵਾਰ ਫਿਰ ਨਵੇਂ ਨਿਯਮ ਲਾਗੂ ਕਰ ਦਿੱਤਾ ਹੈ।
ਹੁਣ ਜਨਤਕ ਥਾਵਾਂ 'ਤੇ ਲੋਕਾਂ ਦੇ ਇਕੱਠਾ ਹੋਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸਾਰੇ ਦਫਤਰ 31 ਮਾਰਚ ਤਕ ਅੱਧੀ ਸਮਰੱਥਾ ਨਾਲ ਕੰਮ ਕਰਨਗੇ। ਮਹਾਰਾਸ਼ਟਰ 'ਚ ਸੋਮਵਾਰ ਇਨਫੈਕਸ਼ਨ ਦੇ ਮਾਮਲਿਆਂ ਦੀ ਸੰਖਿਆ ਫਿਰ 15 ਹਜ਼ਾਰ ਤੋਂ ਜ਼ਿਆਦਾ ਹੋ ਗਈ।
ਸਿਨੇਮਾ ਹਾਲ, ਰੈਸਟੋਰੈਂਟ ਜਿਹੀਆਂ ਜਨਤਕ ਥਾਵਾਂ 'ਤੇ ਮਾਸਕ ਪਹਿਣਨਾ ਜ਼ਰੂਰੀ
ਮਹਾਰਾਸ਼ਟਰ ਸਰਕਾਰ ਨੇ ਆਪਣੇ ਹੁਕਮਾਂ 'ਚ ਸਿਨੇਮਾ ਹਾਲ, ਰੈਸਟੋਰੈਂਟ, ਸਿਹਤ ਤੇ ਲੋੜੀਂਦੀਆਂ ਸੇਵਾਵਾਂ ਛੱਡ ਕੇ ਸਾਰੇ ਦਫਤਰਾਂ 'ਚ 31 ਮਾਰਚ ਤਕ ਕਰਮਚਾਰੀਆਂ ਨੂੰ ਗਿਣਤੀ ਅੱਧੀ ਰੱਖਣ ਲਈ ਕਿਹਾ ਗਿਆ। ਸੂਬਾ ਸਰਕਾਰ ਨੇ ਕਿਹਾ ਕਿ ਸਿਨੇਮਾ ਹਾਲ, ਰੈਸਟੋਰੈਂਟ ਜਿਹੀਆਂ ਜਨਤਕ ਥਾਵਾਂ 'ਤੇ ਕਿਸੇ ਨੂੰ ਵੀ ਬਿਨਾਂ ਮਾਸਕ ਪਹਿਨੇ ਜਾਂ ਤਾਪਮਾਨ ਦੀ ਜਾਂਚ ਕੀਤੇ ਬਗੈਰ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ।
ਵਿਆਹ 'ਚ 50 ਫੀਸਦ, ਸਸਕਾਰ 'ਚ 20 ਲੋਕ ਹੋ ਸਕਣਗੇ ਸ਼ਾਮਲ
ਸਰਕਾਰ ਨੇ ਕਿਹਾ ਕਿ ਸਮਾਜਿਕ, ਧਾਰਮਿਕ ਇਕੱਠ ਨੂੰ ਮਨਜੂਰੀ ਨਹੀਂ ਦਿੱਤੀ ਜਾਵੇਗੀ। ਜਦਕਿ ਵਿਆਹ 'ਚ 50 ਫੀਸਦ ਤੋਂ ਜ਼ਿਆਦਾ ਲੋਕਾਂ ਨੂੰ ਇਜਾਜ਼ਤ ਨਹੀਂ ਹੋਵੇਗੀ। ਸਸਕਾਰ 'ਚ 20 ਤੋਂ ਜ਼ਿਆਦਾ ਲੋਕਾਂ ਦੇ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਹਾਲਾਂਕਿ ਸਿਹਤ ਤੇ ਹੋਰ ਲੋੜੀਂਦੀਆਂ ਸੇਵਾਵਾਂ ਦੇਣ ਵਾਲੇ ਦਫਤਰਾਂ ਤੇ 50 ਫੀਸਦ ਸਮਰੱਥਾ ਦਾ ਨਿਯਮ ਲਾਗੂ ਨਹੀਂ ਹੋਵੇਗਾ। ਸੂਬੇ ਦੇ ਨੋਟੀਫਿਕੇਸ਼ਨ 'ਚ ਕਿਹਾ ਗਿਆ ਜਿੱਥੋਂ ਤਕ ਸੰਭਵ ਹੋਵੇ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦੀ ਸਲਾਹ ਦਿੱਤੀ ਜਾਵੇ।
ਮਹਾਰਾਸ਼ਟਰ 'ਚ ਵਧ ਰਿਹਾ ਕੋਰੋਨਾ ਕਹਿਰ
ਮਹਾਰਾਸ਼ਟਰ 'ਚ ਸੋਮਵਾਰ ਕੋਰੋਨਾ ਵਾਇਰਸ ਦੇ 15,051 ਮਾਮਲੇ ਸਾਹਮਣੇ ਆਏ। ਜਿਸ ਨਾਲ ਸੂਬੇ 'ਚ ਇਨਫੈਕਸ਼ਨ ਦੇ ਕੁੱਲ ਮਾਮਲੇ ਵਧ ਕੇ 23,29,464 ਤਕ ਪਹੁੰਚ ਗਏ। ਬਿਮਾਰੀ ਨਾਲ 48 ਲੋਕਾਂ ਦੀ ਮੌਤ ਹੋ ਗਈ। ਸੂਬੇ 'ਚ ਕੋਰੋਨਾ ਮਹਾਮਾਰੀ ਨਾਲ ਜਾਨ ਗਵਾਉਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 52,909 ਹੋ ਗਈ।