Corona Impact: ਕੈਨੇਡਾ ਤੇ UAE ਨੇ ਭਾਰਤੀ ਉਡਾਣਾਂ ’ਤੇ ਲਾਈ ਪਾਬੰਦੀ, ਦੋਵਾਂ ਮੁਲਕਾਂ 'ਚ ਨਹੀਂ ਜਾ ਸਕਣਗੇ ਜਹਾਜ਼
Canada, UAE ban Indian flights: ਭਾਰਤ ਤੇ ਪਾਕਿਸਤਾਨ ਤੋਂ ਕੈਨੇਡਾ ਪੁੱਜਣ ਵਾਲੀਆਂ ਉਡਾਣਾਂ ’ਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਵਧਦੀ ਜਾ ਰਹੀ ਗਿਣਤੀ ਕਾਰਨ ਅਜਿਹਾ ਕਦਮ ਚੁੱਕਿਆ ਗਿਆ ਹੈ। ਕੈਨੇਡਾ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਉਮਰ ਅਲਗ਼ਬਰਾ ਨੇ ਇਸ ਪਾਬੰਦੀ ਬਾਰੇ ਐਲਾਨ ਕੀਤਾ।
ਮਹਿਤਾਬ-ਉਦ-ਦੀਨ
ਚੰਡੀਗੜ੍ਹ: Corona-Virus Impact: ਕੈਨੇਡਾ ਸਰਕਾਰ (Canada Governement) ਨੇ ਭਾਰਤ ਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਉਡਾਣਾਂ (India-Pak Flights Ban) ਉੱਤੇ 30 ਦਿਨਾਂ ਤੱਕ ਲਈ ਮੁਕੰਮਲ ਪਾਬੰਦੀ ਲਾ ਦਿੱਤੀ ਹੈ। ਇਹ ਪਾਬੰਦੀ ਭਾਰਤ ਤੇ ਪਾਕਿਸਤਾਨ ਦੋਵੇਂ ਦੇਸ਼ਾਂ ’ਚ ਤੇਜ਼ੀ ਨਾਲ ਵਧਦੇ ਜਾ ਰਹੇ ਕੋਰੋਨਾਵਾਇਰਸ (Coronavirus) ਦੀ ਲਾਗ ਦੇ ਮਾਮਲਿਆਂ ਨੂੰ ਵੇਖਦਿਆਂ ਲਾਈ ਗਈ ਹੈ। ਉੱਧਰ ਸੰਯੁਕਤ ਅਰਬ ਅਮੀਰਾਤ (UAE) ਨੇ ਵੀ ਕੋਵਿਡ-19 ਕਰਕੇ ਹੀ ਭਾਰਤੀ ਉਡਾਣਾਂ ਦੀ ਆਮਦ ਉੱਤੇ ਪਾਬੰਦੀ ਲਾ ਦਿੱਤੀ ਹੈ ਪਰ ਉਸ ਨੇ ਇਹ ਪਾਬੰਦੀ ਸਿਰਫ਼ 10 ਦਿਨਾਂ ਲਈ ਲਾਈ ਹੈ; ਜੋ 25 ਅਪ੍ਰੈਲ ਤੋਂ ਲੈ ਕੇ 4 ਮਈ ਤੱਕ ਜਾਰੀ ਰਹੇਗੀ ਤੇ ਇਹ ਦੋਵੇਂ ਦਿਨ ਵੀ ਇਸ ਪਾਬੰਦੀ ’ਚ ਸ਼ਾਮਲ ਹੋਣਗੇ।
ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਤੇ ਪਾਕਿਸਤਾਨ ਤੋਂ ਕੈਨੇਡਾ ਪੁੱਜਣ ਵਾਲੀਆਂ ਉਡਾਣਾਂ ’ਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਵਧਦੀ ਜਾ ਰਹੀ ਗਿਣਤੀ ਕਾਰਨ ਅਜਿਹਾ ਕਦਮ ਚੁੱਕਿਆ ਗਿਆ ਹੈ। ਕੈਨੇਡਾ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਉਮਰ ਅਲਗ਼ਬਰਾ ਨੇ ਇਸ ਪਾਬੰਦੀ ਬਾਰੇ ਐਲਾਨ ਕੀਤਾ।
ਮੰਤਰੀ ਨੇ ਕਿਹਾ ਕਿ ਇਹ ਪਾਬੰਦੀ ਆਰਜ਼ੀ ਹੈ ਤੇ ਜਦੋਂ ਹਾਲਾਤ ਸੁਖਾਵੇਂ ਹੋ ਜਾਣਗੇ, ਤਾਂ ਇਹ ਪਾਬੰਦੀ ਹਟਾ ਦਿੱਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਮਾਲ ਵਾਹਕ ਉਡਾਣਾਂ (Cargo Flights) ਉੱਤੇ ਅਜਿਹੀ ਕੋਈ ਪਾਬੰਦੀ ਨਹੀਂ ਹੋਵੇਗੀ, ਤਾਂ ਜੋ ਵੈਕਸੀਨਾਂ, ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟਸ (PPEs) ਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਬੇਰੋਕ ਜਾਰੀ ਰਹਿ ਸਕੇ।
ਦਰਅਸਲ, ਭਾਰਤ ’ਚ ਹੁਣ ਕੋਰੋਨਾ ਵਾਇਰਸ ਦੀ ਲਾਗ ਦੇ ‘ਡਬਲ ਮਿਊਟੈਂਟ’ ਵੇਰੀਐਂਟ ਦੇ ਮਾਮਲੇ ਚਿੰਤਾਜਨਕ ਹੱਦ ਤੱਕ ਵਧਦੇ ਜਾ ਰਹੇ ਹਨ। ਹੁਣ ਭਾਰਤ ’ਚ ਇੱਕ-ਇੱਕ ਦਿਨ ’ਚ ਸਾਹਮਣੇ ਆਉਣ ਵਾਲੇ ਮਾਮਲਿਆਂ ਦੀ ਗਿਣਤੀ 3 ਲੱਖ ਤੋਂ ਵੀ ਜ਼ਿਆਦਾ ਹੋ ਗਈ ਹੈ।
ਕੈਨੇਡਾ ਦੇ ਸਿਹਤ ਮੰਤਰੀ ਪੈਟੀ ਹਾਜਦੂ ਨੇ ਦੱਸਿਆ ਕਿ ਕੈਨੇਡਾ ਆਉਣ ਵਾਲੇ ਸਿਰਫ਼ 1.8 ਫ਼ੀ ਸਦੀ ਯਾਤਰੀ ਕੋਰੋਨਾ ਪੌਜ਼ੇਟਿਵ ਪਾਏ ਜਾ ਰਹੇ ਹਨ ਪਰ ਉਨ੍ਹਾਂ ’ਚੋਂ ਕੈਨੇਡਾ ਆਉਣ ਵਾਲੇ ਭਾਰਤੀ ਯਾਤਰੀਆਂ ਦੀ ਗਿਣਤੀ 20 ਫ਼ੀਸਦੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਤੋਂ ਵੀ ਲਗਪਗ ਓਨੇ ਹੀ ਫ਼ੀਸਦੀ ਦੇ ਹਿਸਾਬ ਨਾਲ ਕੋਰੋਨਾ ਮਰੀਜ਼ ਕੈਨੇਡਾ ਆ ਰਹੇ ਹਨ।
‘ਹੈਲਥ ਕੈਨੇਡਾ’ ਦੇ ਅੰਕੜਿਆਂ ਅਨੁਸਾਰ ਪਿਛਲੇ ਦੋ ਹਫ਼ਤਿਆਂ ਦੌਰਾਨ 18 ਉਡਾਣਾਂ ਦਿੱਲੀ ਤੋਂ ਤੇ ਦੋ ਲਾਹੌਰ ਤੋਂ ਟੋਰਾਂਟੋ ਤੇ ਵੈਨਕੂਵਰ ਪੁੱਜੀਆਂ ਸਨ। ਇੰਝ ਹੀ ਕੈਨੇਡਾ ਨੇ ਬੀਤੇ ਦਸੰਬਰ ਮਹੀਨੇ ਇੰਗਲੈਂਡ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਵੀ ਕੋਰੋਨਾ ਕਾਰਨ ਇੰਝ ਹੀ ਆਰਜ਼ੀ ਪਾਬੰਦੀ ਲਾ ਦਿੱਤੀ ਸੀ। ਮੰਤਰੀ ਉਮਰ ਅਲਗ਼ਬਰਾ ਨੇ ਕਿਹਾ ਕਿ ਲੋੜ ਪੈਣ ’ਤੇ ਅਜਿਹੀ ਪਾਬੰਦੀ ਹੋਰਨਾਂ ਦੇਸ਼ਾਂ ’ਤੇ ਵੀ ਲਾਈ ਜਾ ਸਕਦੀ ਹੈ।
ਉੱਧਰ UAE (ਸੰਯੁਕਤ ਅਰਬ ਅਮੀਰਾਤ) ਨੇ ਭਾਰਤੀ ਉਡਾਣਾਂ ’ਤੇ 10 ਦਿਨਾਂ ਦੀ ਪਾਬੰਦੀ ਲਾਉਂਦਿਆਂ ਭਾਰਤੀ ਯਾਤਰੀਆਂ ਨੂੰ ਇੱਕ ਛੋਟ ਵੀ ਦਿੱਤੀ ਹੈ। ਪ੍ਰਸ਼ਾਸਨ ਅਨੁਸਾਰ ਕੋਈ ਵੀ ਭਾਰਤੀ ਯਾਤਰੀ ਜੇ UAE ਆਉਣਾ ਚਾਹੁੰਦਾ ਹੈ, ਤਾਂ ਉਹ ਭਾਰਤ ਤੋਂ ਰਵਾਨਗੀ ਪਾ ਕੇ ਪਹਿਲਾਂ 14 ਦਿਨਾਂ ਕਿਸੇ ਹੋਰ ਦੇਸ਼ ਵਿੱਚ ਬਿਤਾਵੇ ਤੇ ਉਸ ਤੋਂ ਬਾਅਦ ਉਸ ਨੂੰ UAE ਆਉਣ ਤੋਂ ਰੋਕਿਆ ਨਹੀਂ ਜਾਵੇਗੀ।
ਉਂਝ UAE ਤੋਂ ਉਡਾਣਾਂ ਭਾਰਤ ਜਾਂਦੀਆਂ ਰਹਿਣਗੀਆਂ, ਉਨ੍ਹਾਂ ਉੱਤੇ ਕਿਸੇ ਕਿਸਮ ਦੀ ਕੋਈ ਪਾਬੰਦੀ ਨਹੀਂ ਹਵੇਗੀ। UAE ਦੇ ਨਾਗਰਿਕਾਂ, ਡਿਪਲੋਮੈਟਿਕ ਪਾਸਪੋਰਟ ਧਾਰਕਾਂ ਤੇ ਅਧਿਕਾਰਤ ਪਾਸਪੋਰਟ ਧਾਰਕ ਭਾਵ ਭਾਰਤ ਦੇ ਸਰਕਾਰੀ ਅਧਿਕਾਰੀਆਂ ਉੱਤੇ ਕਿਸੇ ਤਰ੍ਹਾਂ ਦੀ ਅਜਿਹੀ ਕੋਈ ਪਾਬੰਦੀ ਨਹੀਂ ਹੋਵੇਗੀ।
ਇਹ ਵੀ ਪੜ੍ਹੋ: Farmers Protest: ਕਿਸਾਨਾਂ ਦੀ ਚੇਤਾਵਨੀ! ਧਰਨਾ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਸਰਕਾਰ ਨੂੰ ਇੱਕ ਘੰਟੇ ’ਚ ਮਿਲੇਗਾ ਜਵਾਬ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904