ਕੋਰੋਨਾ ਨੂੰ ਵੇਖਦਿਆਂ ਕੁੰਭ ਮੇਲੇ 'ਚ ਪੁੱਜਣ ਵਾਲੇ ਸ਼ਰਧਾਲੂਆਂ ਲਈ ਸਰਕਾਰ ਦਾ ਵੱਡਾ ਫੈਸਲਾ
ਉੱਤਰਾਖੰਡ ਦੇ ਮੁੱਖ ਸਕੱਤਰ ਓਮ ਪ੍ਰਕਾਸ਼ ਨੇ ਦੱਸਿਆ ਕਿ ਉਤਰਾਖੰਡ ਹਾਈ ਕੋਰਟ ਨੇ ਸਪੱਸ਼ਟ ਹੁਕਮ ਦਿੱਤੇ ਹਨ ਕਿ ਹਰਿਦੁਆਰ ਕੁੰਭ ਲਈ ਆਉਣ ਵਾਸਤੇ 72 ਘੰਟੇ ਪਹਿਲਾਂ ਦੀ ਕੋਵਿਡ-19 ਦੀ ਨੈਗੇਟਿਵ ਜਾਂਚ ਰਿਪੋਰਟ ਜਾਂ ਟੀਕਾਕਰਣ ਰਿਪੋਰਟ ਲਿਆਉਣੀ ਜ਼ਰੂਰੀ ਹੋਵੇਗੀ।
ਹਰਿਦੁਆਰ: ਦੇਸ਼ ਦੇ ਕਈ ਰਾਜਾਂ ਵਾਂਗ ਉੱਤਰਾਖੰਡ ’ਚ ਵੀ ਕੋਰੋਨਾ ਦੇ ਮਾਮਲਿਆਂ ਵਿੱਚ ਲਗਾਤਾਰ ਉਛਾਲ ਵੇਖਿਆ ਜਾ ਰਿਹਾ ਹੈ। ਕੁੰਭ ਤੋਂ ਪਹਿਲਾਂ ਕੋਰੋਨਾ ਦੇ ਵਧਦੇ ਅੰਕੜਿਆਂ ਨੇ ਸਰਕਾਰ ਦੀਆਂ ਔਕੜਾਂ ਵਧਾ ਦਿੱਤੀਆਂ ਹਨ। ਕੋਰੋਨਾ ਦੀ ਲਾਗ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ ਰਾਜ ਸਰਕਾਰ ਨੇ ਕੁੰਭ ਮੇਲੇ ਲਈ ਹਰਿਦੁਆਰ ਆਉਣ ਵਾਲੇ ਸ਼ਰਧਾਲੂਆਂ ਲਈ ਕੋਵਿਡ-19 ਦੀ ਨੈਗੇਟਿਵ ਜਾਂਚ ਰਿਪੋਰਟ ਜਾਂ ਟੀਕਾਕਰਣ ਰਿਪੋਰਟ ਲਿਆਉਣਾ ਲਾਜ਼ਮੀ ਕਰ ਦਿੱਤਾ ਹੈ।
ਉੱਤਰਾਖੰਡ ਦੇ ਮੁੱਖ ਸਕੱਤਰ ਓਮ ਪ੍ਰਕਾਸ਼ ਨੇ ਦੱਸਿਆ ਕਿ ਉਤਰਾਖੰਡ ਹਾਈ ਕੋਰਟ ਨੇ ਸਪੱਸ਼ਟ ਹੁਕਮ ਦਿੱਤੇ ਹਨ ਕਿ ਹਰਿਦੁਆਰ ਕੁੰਭ ਲਈ ਆਉਣ ਵਾਸਤੇ 72 ਘੰਟੇ ਪਹਿਲਾਂ ਦੀ ਕੋਵਿਡ-19 ਦੀ ਨੈਗੇਟਿਵ ਜਾਂਚ ਰਿਪੋਰਟ ਜਾਂ ਟੀਕਾਕਰਣ ਰਿਪੋਰਟ ਲਿਆਉਣੀ ਜ਼ਰੂਰੀ ਹੋਵੇਗੀ।
ਦੱਸ ਦੇਈਏ ਕਿ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਤੀਰਥ ਸਿੰਘ ਰਾਵਤ ਨੇ ਕੁੰਭ ਨੂੰ ‘ਆਸਥਾ’ ਦਾ ਵਿਸ਼ਾ ਦੱਸਦਿਆਂ ਕੁੰਭ ਦੇ ਮੇਲੇ ਲਈ ਆਉਣ ਵਾਲੇ ਸ਼ਰਧਾਲੂਆਂ ਵਾਸਤੇ ਕੋਵਿਡ ਜਾਂਚ ਸਰਟੀਫ਼ਿਕੇਟ ਲਿਆਉਣ ਦੀ ਸ਼ਰਤ ਖ਼ਤਮ ਕਰ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ 12 ਸਾਲਾਂ ਵਿੱਚ ਇੱਕ ਵਾਰ ਹੋਣ ਵਾਲੇ ਇਸ ਧਾਰਮਿਕ ਮੇਲੇ ਵਿੱਚ ਲੋਕ ਬੇਰੋਕ ਆ ਸਕਣਗੇ। ਉਂਝ ਉਨ੍ਹਾਂ ਇਸ ਦੌਰਾਨ ਕੇਂਦਰ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤ ਪਾਲਣਾ ਦੇ ਵੀ ਹੁਕਮ ਦਿੱਤੇ ਸਨ।
ਸਾਧੂ ਸੰਤਾਂ ਨੇ ਵੀ ਇਸ ਫ਼ੈਸਲੇ ਬਾਰੇ ਆਪਣਾ ਪ੍ਰਤੀਕਰਮ ਦਿੱਤਾ ਹੈ। ਹਰਿਆਣਾ ’ਚ ਅਖਾੜਾ ਪ੍ਰੀਸ਼ਦ ਦੇ ਮੁਖੀ ਮਹੰਤ ਨਰੇਂਦਰ ਗਿਰੀ ਮਹਾਰਾਜ ਨੇ ਕਿਹਾ ਕਿ ਕੁੰਭ ਮੇਲੇ ਬਾਰੇ ਉੱਤਰਾਖੰਡ ਹਾਈ ਕੋਰਟ ਵੱਲੋਂ ਦਿੱਤੇ ਹੁਕਮ ਦੀ ਪਾਲਣਾ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਕੁੰਭ ਮੇਲੇ ’ਚ ਆਉਣ ਵਾਲੇ ਸ਼ਰਧਾਲੂਆਂ ਦੀ ਜਾਂਚ, ਮਾਸਕ ਤੇ ਸਮਾਜਕ ਦੂਰੀ ਜਿਹੀਆਂ ਗੱਲਾਂ ਦੀ ਪਾਲਣਾ ਕਰਵਾਉਣਾ ਵੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਪਰ ਉਨ੍ਹਾਂ ਕਿਹਾ ਕਿ ਸਭ ਤੋਂ ਵੱਡਾ ਸੁਆਲ ਇਹ ਹੈ ਕਿ ਕੀ ਆਸਥਾ ਦੇ ਹੜ੍ਹ ਅੱਗੇ ਨਿਯਮਾਂ ਦੀ ਪਾਲਣਾ ਹੋ ਵੀ ਸਕੇਗੀ ਕਿ ਨਹੀਂ।