Covid Cases in India: ਭਾਰਤ 'ਚ ਮੁੜ ਕੋਰੋਨਾ ਦਾ ਕਹਿਰ, ਐਕਟਿਵ ਕੇਸ 4302 ਤੱਕ ਪਹੁੰਚੇ, ਸਰਕਾਰ ਦਾ ਵੱਡਾ ਐਲਾਨ
Covid Cases in India: ਭਾਰਤ ਵਿੱਚ ਕੋਰੋਨਾ ਨੇ ਮੁੜ ਸਿਰ ਉਠਾ ਲਿਆ ਹੈ। ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੇ ਐਕਟਿਵ ਕੇਸਾਂ ਦੀ ਗਿਣਤੀ 4302 ਤੱਕ ਪਹੁੰਚ ਗਈ ਹੈ। ਇਹ ਕੇਸ 27 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਸਾਹਮਣੇ ਆਏ ਹਨ।

Covid Cases in India: ਭਾਰਤ ਵਿੱਚ ਕੋਰੋਨਾ ਨੇ ਮੁੜ ਸਿਰ ਉਠਾ ਲਿਆ ਹੈ। ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੇ ਐਕਟਿਵ ਕੇਸਾਂ ਦੀ ਗਿਣਤੀ 4302 ਤੱਕ ਪਹੁੰਚ ਗਈ ਹੈ। ਇਹ ਕੇਸ 27 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਸਾਹਮਣੇ ਆਏ ਹਨ। ਮੰਗਲਵਾਰ ਨੂੰ ਲਗਪਗ 300 ਨਵੇਂ ਕੇਸ ਦਰਜ ਕੀਤੇ ਗਏ ਹਨ। ਕੇਰਲ ਵਿੱਚ ਸਭ ਤੋਂ ਵੱਧ 1373 ਐਕਟਿਵ ਕੇਸ ਹਨ। ਮਹਾਰਾਸ਼ਟਰ 510 ਕੇਸਾਂ ਨਾਲ ਦੂਜੇ ਸਥਾਨ 'ਤੇ ਹੈ।
ਹਾਸਲ ਜਾਣਕਾਰੀ ਮੁਤਾਬਕ ਕੋਰੋਨਾ ਦੇ ਨਵੇਂ ਰੂਪਾਂ ਕਾਰਨ ਜਨਵਰੀ ਤੋਂ ਦੇਸ਼ ਵਿੱਚ 44 ਮੌਤਾਂ ਹੋਈਆਂ ਹਨ। ਇਨ੍ਹਾਂ ਵਿੱਚੋਂ ਪਿਛਲੇ 5 ਦਿਨਾਂ ਵਿੱਚ 37 ਮਰੀਜ਼ਾਂ ਦੀ ਮੌਤ ਹੋ ਗਈ ਹੈ। ਮੰਗਲਵਾਰ ਨੂੰ ਮਹਾਰਾਸ਼ਟਰ ਵਿੱਚ 4 ਮਰੀਜ਼ਾਂ ਦੀ ਮੌਤ ਹੋ ਗਈ। ਰਾਜ ਵਿੱਚ ਮੌਤਾਂ ਦੀ ਗਿਣਤੀ 14 ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ ਪਿਛਲੇ ਦਿਨ ਦਿੱਲੀ, ਗੁਜਰਾਤ ਤੇ ਤਾਮਿਲਨਾਡੂ ਵਿੱਚ 1-1 ਮੌਤ ਹੋਈ।
ਹਿਮਾਚਲ ਪ੍ਰਦੇਸ਼ ਵਿੱਚ ਮੰਗਲਵਾਰ ਨੂੰ ਕੋਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਇਆ। ਇਸ ਤੋਂ ਬਾਅਦ ਰਾਜ ਸਰਕਾਰ ਨੇ ਦੇਰ ਰਾਤ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਤੇ ਸਾਰੇ ਹਸਪਤਾਲਾਂ ਵਿੱਚ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕੇਰਲ ਸਰਕਾਰ ਨੇ ਸਾਰੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਨੂੰ ਨਵੇਂ ਦਿਸ਼ਾ-ਨਿਰਦੇਸ਼ਾਂ ਤਹਿਤ ਮੌਕ ਡ੍ਰਿਲ ਕਰਨ ਦੇ ਆਦੇਸ਼ ਦਿੱਤੇ ਹਨ।
ਉਧਰ, ਕੇਂਦਰੀ ਸਿਹਤ ਤੇ ਆਯੂਸ਼ ਰਾਜ ਮੰਤਰੀ ਪ੍ਰਤਾਪਰਾਓ ਜਾਧਵ ਨੇ ਕਿਹਾ ਕਿ ਸਿਹਤ ਵਿਭਾਗ ਤੇ ਆਯੂਸ਼ ਮੰਤਰਾਲਾ ਪੂਰੀ ਤਰ੍ਹਾਂ ਚੌਕਸ ਹੈ। ਅਸੀਂ ਸਾਰੇ ਰਾਜਾਂ ਦੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਾਂ। ਅਸੀਂ ਸਬੰਧਤ ਸਕੱਤਰਾਂ ਤੇ ਮੰਤਰੀਆਂ ਨਾਲ ਗੱਲ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿਛਲੀਆਂ ਕੋਵਿਡ ਲਹਿਰਾਂ ਦੌਰਾਨ ਬਣਾਏ ਗਏ ਆਕਸੀਜਨ ਪਲਾਂਟ, ਆਈਸੀਯੂ ਬੈੱਡ ਵਰਗੀਆਂ ਚੀਜ਼ਾਂ ਦੀ ਸਮੀਖਿਆ ਕੀਤੀ ਗਈ ਹੈ। ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰੀਆਂ ਜਾਰੀ ਹਨ।
ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਕੋਵਿਡ ਦੀ ਅਗਲੀ ਮਹਾਂਮਾਰੀ ਅਜੇ ਖਤਮ ਨਹੀਂ ਹੋਈ। ਇਹ ਅਜੇ ਵੀ ਐਕਟਿਵ ਹੈ। ਅਦਾਲਤ ਨੇ ਕੇਂਦਰ ਸਰਕਾਰ ਤੋਂ ਸੈਂਪਲ ਇਕੱਠਾ ਕਰਨ ਵਾਲੇ ਕੇਂਦਰ ਤੇ ਆਵਾਜਾਈ ਨੀਤੀ ਸਬੰਧੀ ਕੀਤੀਆਂ ਗਈਆਂ ਤਿਆਰੀਆਂ ਬਾਰੇ ਜਾਣਕਾਰੀ ਮੰਗੀ ਹੈ। ਅਦਾਲਤ ਨੇ ਕਿਹਾ ਕਿ 30 ਮਈ, 2023 ਨੂੰ ਹੋਈ ਮੀਟਿੰਗ ਤੋਂ ਬਾਅਦ ਜੋ ਵੀ ਫੈਸਲੇ ਲਏ ਗਏ ਸਨ, ਜੇਕਰ ਉਨ੍ਹਾਂ ਨੂੰ ਲਾਗੂ ਕਰਨ ਵਿੱਚ ਕੋਈ ਕਮੀ ਹੈ, ਤਾਂ ਇਹ ਇੱਕ ਗੰਭੀਰ ਮਾਮਲਾ ਹੈ। ਜਸਟਿਸ ਗਿਰੀਸ਼ ਕਠਪਾਲੀਆ ਨੇ ਕਿਹਾ ਕਿ ਇਹ ਮੰਨਿਆ ਜਾਣਾ ਚਾਹੀਦਾ ਹੈ ਕਿ ਜ਼ਰੂਰੀ ਕਦਮ ਤੇ ਪ੍ਰੋਟੋਕੋਲ ਦਾ ਫੈਸਲਾ ਹੋ ਗਿਆ ਹੋਵੇਗਾ, ਪਰ ਸਬੰਧਤ ਅਧਿਕਾਰੀਆਂ ਨੂੰ ਇਸ ਨੂੰ ਰਿਕਾਰਡ 'ਤੇ ਲਿਆਉਣਾ ਚਾਹੀਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















