ਬੇਕਾਬੂ ਕੋਰੋਨਾ ਦਾ ਸਹਿਮ, ਪਹਿਲੀ ਵਾਰ ਇਕ ਦਿਨ 'ਚ ਰਿਕਾਰਡ ਤੋੜ ਮੌਤਾਂ
ਮਹਾਮਾਰੀ ਸ਼ੁਰੂ ਹੋਣ ਤੋਂ ਲੈਕੇ ਹੁਣ ਤਕ ਪਹਿਲੀ ਵਾਰ ਇਕ ਦਿਨ 'ਚ ਸਭ ਤੋਂ ਜ਼ਿਆਦਾ ਕੋਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ।
ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਦੀ ਦੂਜੀ ਲਹਿਰ ਬੇਕਾਬੂ ਹੋ ਚੁੱਕੀ ਹੈ। ਤੀਜੇ ਦਿਨ ਲਗਾਤਾਰ ਦੋ ਲੱਖ ਤੋਂ ਜ਼ਿਆਦਾ ਨਵੇਂ ਕੋਰੋਨਾ ਕੇਸ ਆਏ ਹਨ। ਏਨਾ ਹੀ ਨਹੀਂ ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਦੇ ਮੁਤਾਬਕ ਪਿਛਲੇ 24 ਘੰਟਿਆਂ 'ਚ 234692 ਨਵੇਂ ਕੋਰੋਨਾ ਕੇਸ ਆਏ ਤੇ 1341 ਮਰੀਜ਼ਾਂ ਦੀ ਜਾਨ ਚਲੇ ਗਈ।
ਹਾਲਾਂਕਿ 1,23,354 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ। ਇਸ ਤੋਂ ਪਹਿਲਾਂ ਵੀਰਵਾਰ 2,17,353 ਨਵੇਂ ਕੇਸ ਆਏ ਸਨ। ਉੱਥੇ ਹੀ ਸਤੰਬਰ 'ਚ ਸਭ ਤੋਂ ਜ਼ਿਆਦਾ 1290 ਮੌਤਾਂ ਹੋਈਆਂ ਸਨ।
ਦੇਸ਼ 'ਚ ਅੱਜ ਕੋਰੋਨਾ ਸਥਿਤੀ
ਕੁੱਲ ਕੋਰੋਨਾ ਕੇਸ - ਇਕ ਕਰੋੜ 45 ਲੱਖ, 26 ਹਜ਼ਾਰ, 609
ਕੁੱਲ ਡਿਸਚਾਰਜ- ਇਕ ਕਰੋੜ, 26 ਲੱਖ, 71 ਹਜ਼ਾਰ, 220
ਕੁੱਲ ਐਕਟਿਵ ਕੇਸ - 16 ਲੱਖ, 79 ਹਜ਼ਾਰ, 740
ਕੁੱਲ ਮੌਤਾਂ - ਇਕ ਲੱਖ, 75 ਹਜ਼ਾਰ, 649
ਕੁੱਲ ਟੀਕਾਕਰਨ - 11 ਕਰੋੜ, 99 ਲੱਖ, 37 ਹਜ਼ਾਰ, 641 ਡੋਜ਼ ਦਿੱਤੀ ਗਈ।
ਦੇਸ਼ 'ਚ ਕੋਰੋਨਾ ਮੌਤ ਦਰ 1.21 ਫੀਸਦ ਹੈ। ਰਿਕਵਰੀ ਰੇਟ ਕਰੀਬ 88 ਫੀਸਦ ਹੈ। ਐਕਟਿਵ ਕੇਸ ਵਧ ਕੇ 11 ਫੀਸਦ ਤੋਂ ਜ਼ਿਆਦਾ ਹੋ ਗਏ ਹਨ। ਕੋਰੋਨਾ ਐਕਟਿਵ ਕੇਸ ਮਾਮਲੇ 'ਚ ਦੁਨੀਆਂ 'ਚ ਭਾਰਤ ਦਾ ਦੂਜਾ ਸਥਾਨ ਹੈ। ਕੁੱਲ ਇਨਫੈਕਟਡ ਮਰੀਜ਼ਾਂ ਦੀ ਸੰਖਿਆ ਦੇ ਮੁਕਾਬਲੇ 'ਚ ਵੀ ਭਾਰਤ ਦਾ ਦੂਜਾ ਸਥਾਨ ਹੈ।
ਦਿੱਲੀ 'ਚ ਵੀਕਐਂਡ ਲੌਕਡਾਊਨ
ਦਿੱਲੀ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਸ਼ੁੱਕਰਵਾਰ ਇੱਥੇ 19 ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ ਆਏ ਜਦਕਿ 141 ਦੀ ਇਸ ਮਹਾਮਾਰੀ 'ਚ ਮੌਤ ਹੋ ਗਈ। ਲੋਕਾਂ ਦੀ ਜਾਨ 'ਤੇ ਭਾਰੀ ਪੈ ਰਹੇ ਕੋਰੋਨਾ ਦੀ ਚੇਨ ਨੂੰ ਤੋੜਨ ਲਈ ਦਿੱਲੀ 'ਚ ਸ਼ੁੱਕਰਵਾਰ ਰਾਤ 10 ਵਜੇ ਤੋਂ ਵੀਕੈਂਡ ਕਰਫਿਊ ਲਾਗੂ ਹੋ ਗਿਆ ਜੋ ਸੋਮਵਾਰ ਸਵੇਰ ਪੰਜ ਵਜੇ ਤਕ ਰਹੇਗਾ।
ਕੇਜਰੀਵਾਲ ਸਰਕਾਰ ਦੇ ਹੁਕਮਾਂ ਮੁਤਾਬਕ ਵੀਕੈਂਡ ਲੌਕਡਾਊਨ ਦੌਰਾਨ ਆਡੀਟੋਰੀਅਮ, ਜਿਮ, ਮਾਲ, ਸਾਰੀਆਂ ਚੀਜ਼ਾਂ ਬੰਦ ਰਹਿਣਗੀਆਂ। ਜਦਕਿ ਸਿਨੇਮਾਘਰ 30 ਫੀਸਦ ਦਰਸ਼ਕਾਂ ਨਾਲ ਚਲਾਏ ਜਾ ਸਕਦੇ ਹਨ। ਵੀਕੈਂਡ ਕਰਫਿਊ ਦੌਰਾਨ ਤੁਸੀਂ ਰੈਸਟੋਰੈਂਟ 'ਚ ਬੈਠ ਕੇ ਖਾਣਾ ਨਹੀਂ ਖਾ ਸਕਦੇ। ਪਰ ਬੈਠੇ ਖਾਣੇ ਦੀ ਡਿਲੀਵਰੀ ਕਰਵਾ ਸਕਦੇ ਹੋ। ਜੋ ਸ਼ਖਸ ਵੀਕੈਂਡ ਕਰਫਿਊ ਦੀ ਪਾਲਣਾ ਨਹੀਂ ਕਰੇਗਾ ਉਸ ਖਿਲਾਫ ਡੀਡੀਐਮਏ (Delhi Disaster Management Act)ਤਹਿਤ ਕਾਰਵਾਈ ਕੀਤੀ ਜਾਵੇਗੀ।
ਜ਼ਰੂਰੀ ਸੇਵਾਵਾਂ 'ਚ ਲੱਗੇ ਲੋਕਾਂ ਲਈ ਹੈਲਪਲਾਈਨ ਨੰਬਰ ਜਾਰੀ
ਵੀਕੈਂਡ ਲੌਕਡਾਊਨ ਨੂੰ ਲੈਕੇ ਦਿੱਲੀ ਪੁਲਿਸ ਦੇ ਪੀਆਰਓ ਚਿਨਮਯ ਬਿਸਵਾਲ ਨੇ ਕਿਹਾ ਕਿ ਅੱਜ ਰਾਤ ਤੋਂ ਸਖਤ ਪਾਬੰਦੀਆਂ ਦੇ ਨਾਲ ਵੀਕੈਂਡ ਲੌਕਡਾਊਨ ਸ਼ੁਰੂ ਹੋ ਰਿਹਾ ਹੈ। ਜ਼ਰੂਰੀ ਵਸਤੂਆਂ ਤੇ ਸੇਵਾਵਾਂ ਦੀ ਆਵਾਜਾਈ 'ਚ ਲੱਗੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਕੋਵਿਡ ਹੈਲਪਲਾਈਨ ਸ਼ੁਰੂ ਕੀਤੀ ਗਈ ਹੈ। ਇਸ ਦਾ ਨੰਬਰ ਹੈ- 23469900।