Marital Rape: ਵਿਆਹ ਬਲਾਤਕਾਰ ਨੂੰ ਜੁਰਮ ਐਲਾਨਣ ਦੀ ਮੰਗ, ਪਰ ਕੀ ਕਹਿੰਦੈ ਭਾਰਤੀ ਕਾਨੂੰਨ
ਦੁਨੀਆ ਦੇ 100 ਤੋਂ ਵੱਧ ਦੇਸ਼ਾਂ ਵਿੱਚ ਵਿਆਹੁਤਾ ਬਲਾਤਕਾਰ ਨੂੰ ਜੁਰਮ ਮੰਨਿਆ ਗਿਆ ਹੈ। ਭਾਰਤ ਉਨ੍ਹਾਂ 36 ਦੇਸ਼ਾਂ ਵਿੱਚ ਸ਼ਾਮਲ ਹੈ, ਜਿੱਥੇ ਇਸ ਨੂੰ ਜੁਰਮ ਨਹੀਂ ਮੰਨਿਆ ਗਿਆ ਹੈ।
Marital Rape: ਅੱਜ ਕੱਲ੍ਹ ਦੇਸ਼ ਵਿੱਚ ਚਰਚਾ ਛਿੜੀ ਹੋਈ ਹੈ ਕਿ ਵਿਆਹੁਤਾ ਬਲਾਤਕਾਰ ਨੂੰ ਅਪਰਾਧ ਮੰਨਿਆ ਜਾਵੇ। ਐਨਸੀਪੀ ਦੀ ਸੰਸਦ ਮੈਂਬਰ ਵੰਦਨਾ ਚਵ੍ਹਾਨ ਨੇ ਰਾਜ ਸਭਾ ਵਿੱਚ ਵਿਆਹੁਤਾ ਬਲਾਤਕਾਰ ਨੂੰ ਜੁਰਮ ਐਲਾਨਣ ਦੀ ਮੰਗ ਕੀਤੀ ਹੈ। ਵੰਦਨਾ ਨੇ ਆਪਣੇ ਭਾਸ਼ਣ ਦੌਰਾਨ ਦਾਅਵਾ ਕੀਤਾ ਕਿ ਲੌਕਡਾਊਨ ਦੌਰਾਨ ਅਜਿਹੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਆਓ ਜਾਣਦੇ ਹਾਂ ਕਿ ਇਸ ਮੁੱਦੇ ਨੂੰ ਕਿੱਥੇ ਅਪਰਾਧ ਮੰਨਿਆ ਗਿਆ ਹੈ ਅਤੇ ਭਾਰਤ ਦੀ ਸਥਿਤੀ ਕੀ ਹੈ?
100 ਤੋਂ ਵੱਧ ਦੇਸ਼ਾਂ ਵਿੱਚ ਵਿਆਹੁਤਾ ਬਲਾਤਕਾਰ ਜੁਰਮ
ਦੁਨੀਆ ਦੇ 100 ਤੋਂ ਵੱਧ ਦੇਸ਼ਾਂ ਵਿੱਚ ਵਿਆਹੁਤਾ ਬਲਾਤਕਾਰ ਨੂੰ ਜੁਰਮ ਮੰਨਿਆ ਗਿਆ ਹੈ। ਭਾਰਤ ਉਨ੍ਹਾਂ 36 ਦੇਸ਼ਾਂ ਵਿੱਚ ਸ਼ਾਮਲ ਹੈ, ਜਿੱਥੇ ਇਸ ਨੂੰ ਜੁਰਮ ਨਹੀਂ ਮੰਨਿਆ ਗਿਆ ਹੈ। ਔਰਤਾਂ ਦੇ ਹੱਕਾਂ ਤੇ ਆਜ਼ਾਦੀ ਦੀ ਰੱਖਿਆ ਲਈ ਭਾਰਤ ਵਿੱਚ ਕਈ ਸਖ਼ਤ ਕਾਨੂੰਨ ਹਨ ਪਰ ਆਈਪੀਸੀ ਵਿੱਚ ਵਿਆਹੁਤਾ ਬਲਾਤਕਾਰ ਸਬੰਧੀ ਕੋਈ ਧਾਰਾ ਨਹੀਂ ਹੈ।
ਭਾਰਤੀ ਦੰਡਾਵਲੀ ਦੀ ਧਾਰਾ 375 ਮੁਤਾਬਕ ਔਰਤ ਨਾਲ ਉਸ ਦੀ ਸਹਿਮਤੀ ਤੋਂ ਬਗੈਰ ਸਰੀਰਕ ਸਬੰਧ ਬਣਾਉਣਾ ਬਲਾਤਕਾਰ ਹੈ। ਹਾਲਾਂਕਿ, ਆਈਪੀਸੀ ਦੀ ਧਾਰਾ 375 ਦੇ ਸੈਕਸ਼ਨ ਦੋ ਵਿੱਚ ਦਰਸਾਇਆ ਗਿਆ ਹੈ ਕਿ ਜੇਕਰ ਪਤਨੀ ਦੀ ਉਮਰ 15 ਸਾਲ ਤੋਂ ਘੱਟ ਹੈ ਤਾਂ ਉਸ ਦੇ ਪਤੀ ਵੱਲੋਂ ਬਣਾਏ ਸਰੀਰਕ ਸਬੰਧਾਂ ਨੂੰ ਬਲਾਤਕਾਰ ਮੰਨਿਆ ਜਾਵੇਗਾ।
ਵਰਮਾ ਕਮੇਟੀ ਦੀ ਵਿਆਹੁਤਾ ਬਲਾਤਕਾਰ ਬਾਰੇ ਟਿੱਪਣੀ
ਲੰਮੇ ਸਮੇਂ ਤੋਂ ਮੰਗ ਹੋ ਰਹੀ ਹੈ ਕਿ ਪਤਨੀ ਦੀ ਸਹਿਮਤੀ ਤੋਂ ਬਿਨਾ ਬਣਾਏ ਗਏ ਸਰੀਰਕ ਸਬੰਧਾਂ ਨੂੰ ਬਲਾਤਕਾਰ ਮੰਨਿਆ ਜਾਵੇ, ਭਾਵੇਂ ਪਤਨੀ ਦੀ ਉਮਰ 18 ਸਾਲ ਹੋਵੇ ਜਾਂ 80 ਸਾਲ। ਸੰਯੁਕਤ ਰਾਸ਼ਟਰ ਦੀ ਔਰਤਾਂ ਖ਼ਿਲਾਫ਼ ਹਿੰਸਾ ‘ਤੇ ਬਣੀ ਕਮੇਟੀ (CEDAW) ਨੇ ਸਾਲ 2013 ਵਿੱਚ ਭਾਰਤ ਨੂੰ ਵਿਆਹੁਤਾ ਬਲਾਤਕਾਰ ਨੂੰ ਜੁਰਮ ਦੀ ਸ਼੍ਰੇਣੀ ਵਿੱਚ ਰੱਖਣ ਦੀ ਸਿਫਾਰਿਸ਼ ਕੀਤੀ ਸੀ। ਨਿਰਭਿਆ ਰੇਪ ਕੇਸ ਮਾਮਲੇ ‘ਤੇ ਬਣੀ ਜੇ ਐਸ ਵਰਮਾ ਕਮੇਟੀ ਨੇ ਵੀ ਵਿਆਹੁਤਾ ਬਲਾਤਕਾਰ ਨੂੰ ਅਪਰਾਧ ਦੀ ਸ਼੍ਰੇਣੀ ਵਿੱਚ ਰੱਖੇ ਜਾਣ ਦੀ ਸਿਫਾਰਿਸ਼ ਕੀਤੀ ਸੀ। ਵਿਆਹੁਤਾ ਬਲਾਤਕਾਰ ਬਾਰੇ ਚਰਚਾ ਤਾਂ ਛਿੜੀ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਦੇਸ਼ ਦੇ ਕਾਨੂੰਨਘਾੜੇ ਇਸ ਬਾਰੇ ਕੀ ਫੈਸਲਾ ਕਰਦੇ ਹਨ।