ਦੀਪ ਸਿੱਧੂ ਸਣੇ ਕਈਆਂ ਖਿਲਾਫ ਚਾਰਜਸ਼ੀਟ ਦਾਇਰ
ਦੀਪ ਸਿੱਧੂ ਇਸ ਵੇਲੇ ਜ਼ਮਾਨਤ ਉੱਪਰ ਰਿਹਾਅ ਹੈ। ਪਿਛਲੇ ਦਿਨੀਂ ਦੀਪ ਸਿੱਧੂ ਨੇ ਸ਼ੱਕ ਜਾਹਿਰ ਕੀਤਾ ਸੀ ਕਿ ਕੋਈ ਉਸ ਨੂੰ ਨਸ਼ੀਲੇ ਪਦਾਰਥ ਦੇ ਰਿਹਾ ਹੈ। ਦੀਪ ਸਿੱਧੂ ਨੇ ਫੇਸਬੁੱਕ ਪੋਸਟ ਜ਼ਰੀਏ ਆਪਣੇ ਫੈਨਸ ਨਾਲ ਇਹ ਗੱਲ ਸਾਂਝੀ ਕੀਤੀ ਸੀ।
ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਗਣਤੰਤਰ ਦਿਵਸ ਹਿੰਸਾ ਮਾਮਲੇ ਵਿੱਚ ਅਦਾਕਾਰ ਦੀਪ ਸਿੱਧੂ ਤੇ ਹੋਰਾਂ ਖ਼ਿਲਾਫ਼ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਹੈ। ਮੁੱਖ ਮੈਟਰੋਪੋਲਿਟਨ ਮੈਜਿਸਟਰੇਟ ਗਜੇਂਦਰ ਸਿੰਘ ਨਾਗਰ 19 ਜੂਨ ਨੂੰ ਬਾਅਦ ਦੁਪਹਿਰ 2 ਵਜੇ ਤਾਜ਼ਾ ਚਾਰਜਸ਼ੀਟ ਦੇ ਖਾਸ ਨੁਕਤਿਆਂ ਬਾਰੇ ਹੁਕਮ ਜਾਰੀ ਕਰਨਗੇ।
ਅਦਾਲਤ ਨੇ ਕਿਹਾ, “ਇਸ ਕੇਸ ਦੇ ਜਾਂਚ ਅਧਿਕਾਰੀ ਨੇ ਉਨ੍ਹਾਂ ਗਵਾਹਾਂ ਦੇ ਨਾਮ ਦੱਸੇ ਜੋ ਗੰਭੀਰ ਜ਼ਖ਼ਮੀ ਹੋਏ ਸਨ ਜਾਂ ਜਿਨ੍ਹਾਂ ਕੋਲੋਂ ਹਥਿਆਰ ਖੋਹਿਆ ਗਿਆ ਸੀ।” ਹਿੰਸਾ ਦੀ ਜਾਂਚ ਅਪਰਾਧ ਸ਼ਾਖਾ ਨੂੰ ਸੌਂਪੀ ਗਈ ਸੀ। 17 ਮਈ ਨੂੰ ਉਸ ਨੇ 3,224 ਪੰਨਿਆਂ ਦੀ ਚਾਰਜਸ਼ੀਟ ਦਾਇਰ ਕਰਕੇ ਸਿੱਧੂ ਸਣੇ 16 ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਸੀ।
ਦੱਸ ਦਈਏ ਕਿ ਦੀਪ ਸਿੱਧੂ ਇਸ ਵੇਲੇ ਜ਼ਮਾਨਤ ਉੱਪਰ ਰਿਹਾਅ ਹੈ। ਪਿਛਲੇ ਦਿਨੀਂ ਦੀਪ ਸਿੱਧੂ ਨੇ ਸ਼ੱਕ ਜਾਹਿਰ ਕੀਤਾ ਸੀ ਕਿ ਕੋਈ ਉਸ ਨੂੰ ਨਸ਼ੀਲੇ ਪਦਾਰਥ ਦੇ ਰਿਹਾ ਹੈ। ਦੀਪ ਸਿੱਧੂ ਨੇ ਫੇਸਬੁੱਕ ਪੋਸਟ ਜ਼ਰੀਏ ਆਪਣੇ ਫੈਨਸ ਨਾਲ ਇਹ ਗੱਲ ਸਾਂਝੀ ਕੀਤੀ ਸੀ।
ਦੀਪ ਸਿੱਧੂ ਨੇ ਲਿਖਿਆ, "ਕਿਸੇ ਨੇ ਮੈਨੂੰ ਕੋਈ ਨਸ਼ੀਲਾ ਪਦਾਰਥ ਦਿੱਤਾ ਹੈ, ਮੈਂ ਠੀਕ ਮਹਿਸੂਸ ਨਹੀਂ ਕਰ ਰਿਹਾ, ਮੈਨੂੰ ਨਹੀਂ ਪਤਾ ਕਿ ਇਹ ਕੌਣ ਕਰ ਰਿਹਾ ਹੈ, ਦੂਜੇ ਪਾਸੇ ਮੈਂ ਇੱਥੇ ਸਾਰੀਆਂ ਰਾਜਨੀਤਕ ਤੇ ਸਮਾਜਿਕ ਔਕੜਾਂ ਦੇ ਵਿਰੁੱਧ ਇਕੱਲਾ ਖੜ੍ਹਾ ਹਾਂ, ਹੁਣ ਮੇਰੀ ਸੁਰੱਖਿਆ ਮੇਰੇ ਪਰਿਵਾਰ ਲਈ ਇੱਕ ਗੰਭੀਰ ਚਿੰਤਾ ਬਣ ਗਈ ਹੈ (ਮੈਂ ਇਸ ਨੂੰ ਮੌਜੂਦਾ ਹਕੀਕਤ ਨੂੰ ਦਰਸਾਉਣ ਲਈ ਸਾਂਝਾ ਕਰ ਰਿਹਾ ਹਾਂ ਜੋ ਮੈਂ ਖੁਦ ਵੀ ਪਹਿਲਾਂ ਨਹੀਂ ਸਮਝ ਸਕਿਆ)... ਵਾਹਿਗੁਰੂ ਸਭ ਦੀ ਭਲੀ ਕਰੇ।"