ਪੁਲਿਸ ਹਿਰਾਸਤ 'ਚ ਦੀਪ ਸਿੱਧੂ ਖੋਲ੍ਹ ਰਿਹਾ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਦੇ ਰਾਜ਼
ਦੀਪ ਸਿੱਧੂ ਨੂੰ ਲੱਗਣ ਲੱਗਾ ਸੀ ਕਿ ਉਸ ਦੇ ਨਾਲ ਕੁਝ ਅਣਹੋਣੀ ਹੋ ਸਕਦੀ ਹੈ ਲਿਹਾਜ਼ਾ ਉਹ ਸਿੰਘੂ ਬਾਰਡਰ ਤੋਂ ਨਿੱਕਲ ਕੇ ਹਰਿਆਣਾ ਤੇ ਪੰਜਾਬ 'ਚ ਜਾਕੇ ਛਿਪ ਗਿਆ।
ਦੀਪ ਸਿੱਧੂ ਤੋਂ ਹੋ ਰਹੀ ਪੁੱਛਗਿਛ, ਲਾਲ ਕਿਲ੍ਹੇ 'ਤੇ ਹਿੰਸਾ ਦਾ ਦੱਸੀ ਕਹਾਣੀ
ਨਵੀਂ ਦਿੱਲੀ: 26 ਜਨਵਰੀ ਨੂੰ ਲਾਲ ਕਿਲ੍ਹੇ 'ਚ ਹੋਈ ਹਿੰਸਾ ਦੀ ਜਾਂਚ ਕਰ ਰਹੀ ਕ੍ਰਾਇਮ ਬ੍ਰਾਂਚ ਨੇ ਦੀਪ ਸਿੱਧੂ ਤੋਂ ਕਈ ਘੰਟੇ ਪੁੱਛਗਿਛ ਕੀਤੀ। ਹਿੰਸਾ ਦੀਆਂ ਪਰਤਾਂ ਖੋਲ੍ਹਣ ਲਈ ਪੁੱਛਗਿਛ ਦੌਰਾਨ ਕ੍ਰਾਇਮ ਬ੍ਰਾਂਚ ਦੇ ਜੁਆਂਇੰਟ ਕਮਿਸ਼ਨਰ ਬੀਕੇ ਸਿੰਘ ਤੇ ਡੀਸੀਪੀ ਮੋਨਿਕਾ ਭਾਰਦਵਾਜ ਖੁਦ ਵੀ ਸ਼ਾਮਲ ਸਨ। ਇਸ ਤੋਂ ਇਲਾਵਾ ਕਿਸੇ ਵੱਡੀ ਸਾਜ਼ਿਸ਼ ਦੇ ਖਦਸ਼ੇ ਨੂੰ ਧਿਆਨ 'ਚ ਰੱਖਦਿਆਂ ਆਈਬੀ ਦੇ ਅਧਿਕਾਰੀ ਵੀ ਦੀਪ ਸਿੱਧੂ ਤੋਂ ਪੁੱਛਗਿਛ ਕਰਨ ਪਹੁੰਚੇ ਸਨ।
ਪੁਲਿਸ ਦੇ ਸੂਤਰਾਂ ਮੁਤਾਬਕ ਅਜੇ ਸਿਰਫ਼ ਦੀਪ ਸਿੱਧੂ ਤੋਂ 26 ਜਨਵਰੀ ਬਾਰੇ ਪੁੱਛਿਆ ਜਾ ਰਿਹਾ ਹੈ ਕਿ ਉਸ ਦਿਨ ਉਹ ਕਿੱਥੇ ਗਿਆ ਸੀ। ਪੁੱਛਗਿਛ 'ਚ ਦੀਪ ਸਿੱਧੂ ਨੇ ਦੱਸਿਆ ਕਿ 25 ਤਾਰੀਖ ਨੂੰ ਉਹ ਸਿੰਘੂ ਬਾਰਡਰ ਦੇ ਕੋਲ ਹੀ ਰੁਕਿਆ ਸੀ। 26 ਜਨਵਰੀ ਨੂੰ ਸਵੇਰੇ ਸਿੰਘੂ ਬਾਰਡਰ ਆਇਆ ਤੇ ਉੱਥੇ ਕਰੀਬ 11 ਵਜੇ ਲਾਲ ਕਿਲ੍ਹੇ 'ਤੇ ਪਹੁੰਚਿਆ।
ਪੁਲਿਸ ਦੇ ਸੂਤਰਾਂ ਮੁਤਾਬਕ ਉਸ ਦੇ ਨਾਲ ਉਸ ਦੇ ਤਿੰਨ ਸਾਥੀ ਵੀ ਮੌਜੂਦ ਸਨ। ਦੀਪ ਸਿੱਧੂ ਗੱਡੀ 'ਚ ਸਵਾਰ ਹੋਕੇ ਵੱਖ-ਵੱਖ ਰਾਹਾਂ ਤੋਂ ਲਾਲ ਕਿਲ੍ਹੇ ਪਹੁੰਚਿਆ ਸੀ ਤੇ ਉੱਥੇ ਪਹੁੰਚਣ ਤੋਂ ਬਾਅਦ ਉਹ ਫੇਸਬੁੱਕ ਲਾਈਵ ਕਰਨ ਲੱਗਾ। ਪਰ ਪੁੱਛਗਿਛ ਦੌਰਾਨ ਦੀਪ ਸਿੱਧੂ ਨਹੀਂ ਦੱਸ ਪਾ ਰਿਹਾ ਕਿ ਆਖਿਰ ਲਾਲ ਕਿਲ੍ਹੇ 'ਚ ਕੀ ਕਰਨ ਗਿਆ ਸੀ?
ਇਸ ਤੋਂ ਬਾਅਦ ਵਾਪਸ ਸਿੰਘੂ ਬਾਰਡਰ ਚਲਾ ਗਿਆ ਪਰ ਉੱਥੇ ਦੀਪ ਸਿੱਧੂ ਨੂੰ ਲੈਕੇ ਦੋ ਗੁੱਟ ਬਣ ਚੁੱਕੇ ਸਨ। ਦੀਪ ਸਿੱਧੂ ਨੂੰ ਲੱਗਣ ਲੱਗਾ ਸੀ ਕਿ ਉਸ ਦੇ ਨਾਲ ਕੁਝ ਅਣਹੋਣੀ ਹੋ ਸਕਦੀ ਹੈ ਲਿਹਾਜ਼ਾ ਉਹ ਸਿੰਘੂ ਬਾਰਡਰ ਤੋਂ ਨਿੱਕਲ ਕੇ ਹਰਿਆਣਾ ਤੇ ਪੰਜਾਬ 'ਚ ਜਾਕੇ ਛਿਪ ਗਿਆ।
ਦੀਪ ਸਿੱਧੂ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਪਤਾ ਲੱਗਿਆ ਕਿ ਸਭ ਲੋਕ ਆ ਰਹੇ ਸਨ ਇਸ ਲਈ ਉਹ ਵੀ ਚਲਾ ਗਿਆ। ਦੀਪ ਸਿੱਧੂ ਨੇ ਲਾਲ ਕਿਲ੍ਹਾ ਜਾਣ ਦੇ ਸਵਾਲ 'ਤੇ ਪੁਲਿਸ ਨੂੰ ਫੋਨ ਕਰਕੇ ਦੱਸਿਆ ਕਿ ਉਸ ਕੋਲ ਲਗਾਤਾਰ ਫੋਨ ਆ ਰਹੇ ਸਨ ਕਿ ਲਾਲ ਕਿਲ੍ਹੇ ਚੱਲਣਾ ਹੈ ਇਸ ਲਈ ਉਹ ਵੀ ਚਲਾ ਗਿਆ।
ਫਿਲਹਾਲ ਪੁਲਿਸ ਦੀ ਪੁੱਛਗਿਛ ਅਜੇ ਵੀ ਜਾਰੀ ਹੈ। ਹਾਲਾਂਕਿ ਪੁਲਿਸ ਦੀਪ ਸਿੱਧੂ ਦੇ ਵੱਲੋਂ ਦਿੱਤੇ ਗਏ ਬਿਆਨਾਂ ਨੂੰ ਵੈਰੀਫਾਈ ਕਰ ਰਹੀ ਹੈ ਕਿ ਉਹ ਕਿੰਨਾ ਸੱਚ ਬੋਲ ਰਿਹਾ ਹੈ ਤੇ ਕਿੰਨਾ ਝੂਠ ਬੋਲ ਰਿਹਾ ਹੈ। ਦੀਪ ਸਿੱਧੂ ਨੂੰ ਸੋਮਵਾਰ ਰਾਤ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਲਤ ਨੇ ਉਸ ਨੂੰ ਸੱਤ ਦਿਨਾਂ ਪੁਲਿਸ ਹਿਰਾਸਤ 'ਚ ਭੇਜ ਦਿੱਤਾ।