ਦਿੱਲੀ ਪੁਲਿਸ ਵੱਲੋਂ ਟਿਕਰੀ ਬਾਰਡਰ ’ਤੇ ਬੈਠੇ ਕਿਸਾਨਾਂ ਨੂੰ ਚੇਤਾਵਨੀ, ਸੰਯੁਕਤ ਕਿਸਾਨ ਮੋਰਚਾ ਵੱਲੋਂ ਸਖਤ ਨੋਟਿਸ
ਸੰਯੁਕਤ ਕਿਸਾਨ ਮੋਰਚਾ ਤੇ ਹੋਰ ਜਥੇਬੰਦੀਆਂ ਨੇ ਟਿਕਰੀ ਬਾਰਡਰ ’ਤੇ ਤਿੰਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਦਿੱਤੇ ਰਹੇ ਧਰਨੇ ਵਾਲੀ ਥਾਂ ਨੂੰ ਖਾਲੀ ਕਰਨ ਲਈ ਦਿੱਲੀ ਪੁਲਿਸ ਵੱਲੋਂ ਲਾਏ ਨੋਟਿਸਾਂ ਦੀ ਨਿਖੇਧੀ ਕੀਤੀ ਹੈ।
ਨਵੀਂ ਦਿੱਲੀ: ਦਿੱਲੀ ਪੁਲਿਸ ਵੱਲੋਂ ਟਿਕਰੀ ਬਾਰਡਰ ’ਤੇ ਬੈਠੇ ਕਿਸਾਨਾਂ ਨੂੰ ਚੇਤਾਵਨੀ ਦਿੱਤੀ ਹੈ। ਪੁਲਿਸ ਨੇ ਧਰਨੇ ਵਾਲੀ ਥਾਂ ਤੋਂ ਲੰਘਦੀ ਮੈਟਰੋ ਲਾਈਨ ਦੇ ਖੰਭਿਆਂ ਤੇ ਹੋਰ ਥਾਵਾਂ ’ਤੇ ਹਿੰਦੀ ਤੇ ਪੰਜਾਬੀ ਵਿੱਚ ਪੋਸਟਰ ਲਾਏ ਹਨ। ਪੋਸਟਰਾਂ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਇਹ ਥਾਂ ਖਾਲੀ ਕੀਤੀ ਜਾਵੇ। ਸੰਯੁਕਤ ਕਿਸਾਨ ਮੋਰਚਾ ਨੇ ਪੁਲਿਸ ਦੀ ਇਸ ਕਾਰਵਾਈ ਦੀ ਤਿੱਖੀ ਅਲੋਚਨਾ ਕੀਤੀ ਹੈ।
ਅੱਜ ਪ੍ਰੈੱਸ ਨੋਟ ਜਾਰੀ ਕਰਕੇ ਸੰਯੁਕਤ ਕਿਸਾਨ ਮੋਰਚਾ ਤੇ ਹੋਰ ਜਥੇਬੰਦੀਆਂ ਨੇ ਟਿਕਰੀ ਬਾਰਡਰ ’ਤੇ ਤਿੰਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਦਿੱਤੇ ਰਹੇ ਧਰਨੇ ਵਾਲੀ ਥਾਂ ਨੂੰ ਖਾਲੀ ਕਰਨ ਲਈ ਦਿੱਲੀ ਪੁਲਿਸ ਵੱਲੋਂ ਲਾਏ ਨੋਟਿਸਾਂ ਦੀ ਨਿਖੇਧੀ ਕੀਤੀ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਦਿੱਲੀ ਪੁਲਿਸ ਵੱਲੋਂ ਟਿਕਰੀ ਬਾਰਡਰ ’ਤੇ ਚੱਲ ਰਹੇ ਧਰਨੇ ਵਾਲੀ ਥਾਂ ਉੱਤੋਂ ਲੰਘਦੀ ਮੈਟਰੋ ਲਾਈਨ ਦੇ ਖੰਭਿਆਂ ਅਤੇ ਹੋਰ ਥਾਵਾਂ ’ਤੇ ਹਿੰਦੀ ਤੇ ਪੰਜਾਬੀ ਵਿੱਚ ਇਹ ਪੋਸਟਰ ਲਾਏ ਗਏ ਹਨ।
ਉਨ੍ਹਾਂ ਕਿਹਾ ਕਿ ਸਥਾਨਕ ਮੁੰਡਕਾ ਥਾਣਾ ਪੁਲਿਸ ਵੱਲੋਂ ਇਹ ਨੋਟਿਸ ਲਾਏ ਗਏ ਹਨ ਪਰ ਕਿਸਾਨਾਂ ਨੂੰ ਇਸ ਚਿਤਾਵਨੀ ਤੋਂ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਇਹ ਪੋਸਟਰਾਂ ਦੀ ਕੋਈ ਅਹਿਮੀਅਤ ਨਹੀਂ ਕਿਉਂਕਿ ਕਿਸਾਨ ਆਪਣੀਆਂ ਮੰਗਾਂ ਲਈ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਧਮਕੀਆਂ, ਚਿਤਾਵਨੀਆਂ ਰਾਹੀਂ ਸੰਘਰਸ਼ਸ਼ੀਲ ਪ੍ਰਦਰਸ਼ਨਾਂ ਤੇ ਕਿਸਾਨ ਅੰਦੋਲਨ ਨੂੰ ਖਤਮ ਕਰਨ ਦਾ ਵਿਰੋਧ ਕਰਦਿਆਂ ਅੰਦੋਲਨ ਨੂੰ ਹੋਰ ਮਜ਼ਬੂਤ ਤੇ ਅਜਿਹੀਆਂ ਸਾਜ਼ਿਸ਼ਾਂ ਖ਼ਿਲਾਫ਼ ਕਿਸਾਨਾਂ ਨੂੰ ਲਾਮਬੰਦ ਕੀਤਾ ਜਾਵੇਗਾ।