ਅੱਜ ਤੋਂ ਦਿੱਲੀ ਵਿਧਾਨ ਸਭਾ ਦਾ ਬਜਟ ਸੈਸ਼ਨ ਸ਼ੁਰੂ, ਇਹ ਹਨ ਕੇਜਰੀਵਾਲ ਸਰਕਾਰ ਦੇ ਬਜਟ ਦੀਆਂ ਖਾਸ ਗੱਲਾਂ
ਸਾਲ 2020-21 'ਚ ਦਿੱਲੀ ਦਾ ਬਜਟ 65 ਹਜ਼ਾਰ ਕਰੋੜ ਸੀ। ਕੇਜਰੀਵਾਲ ਸਰਕਾਰ ਹਰ ਸਾਲ ਬਜਟ 'ਚ ਵਾਧਾ ਕਰਦੀ ਆਈ ਹੈ।
ਨਵੀਂ ਦਿੱਲੀ: ਸੋਮਵਾਰ ਤੋਂ ਦਿੱਲੀ ਦਾ ਬਜਟ ਸੈਸ਼ਨ ਸ਼ੁਰੂ ਹੋ ਰਿਹਾ ਹੈ। 8 ਮਾਰਚ ਤੋਂ ਲੈਕੇ 16 ਮਾਰਚ ਤਕ ਸੈਸ਼ਨ ਚੱਲੇਗਾ। ਪਹਿਲੇ ਦਿਨ 8 ਮਾਰਚ ਨੂੰ ਉਪ ਰਾਜਪਾਲ ਦੇ ਭਾਸ਼ਨ ਨਾਲ ਸੈਸ਼ਨ ਦੀ ਸ਼ੁਰੂਆਤ ਹੋਵੇਗੀ। ਭਾਸ਼ਣ ਤੋਂ ਬਾਅਦ ਉਪ ਮੁੱਖ ਮੰਤਰੀ ਤੇ ਮਿਨੀਸ਼ ਸਿਸੋਦੀਆ ਵਿੱਤੀ ਸਾਲ 2020-21 ਦਾ ਦਿੱਲੀ ਦਾ ਆਰਥਿਕ ਸਰਵੇਖਣ ਪੇਸ਼ ਕਰਨਗੇ। ਜਿਸ ਤੋਂ ਬਾਅਦ ਆਊਟਕਮ ਬਜਟ 2020-21 ਦੀ ਸਟੇਟਸ ਰਿਪੋਰਟ ਪੇਸ਼ ਕੀਤੀ ਜਾਵੇਗੀ। ਮੰਗਲਵਾਰ 9 ਮਾਰਚ ਨੂੰ ਉਪ ਮੁੱਖ ਮੰਤਰੀ ਦਿੱਲੀ ਦਾ ਬਜਟ ਪੇਸ਼ ਕਰਨਗੇ।
ਸਾਲ 2020-21 'ਚ ਦਿੱਲੀ ਦਾ ਬਜਟ 65 ਹਜ਼ਾਰ ਕਰੋੜ ਸੀ। ਕੇਜਰੀਵਾਲ ਸਰਕਾਰ ਹਰ ਸਾਲ ਬਜਟ 'ਚ ਵਾਧਾ ਕਰਦੀ ਆਈ ਹੈ। ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ ਦਿੱਲੀ ਸਰਕਾਰ ਦਾ ਵਿੱਤੀ ਸਾਲ 2021-22 ਦਾ ਪ੍ਰਸਤਾਵਿਤ ਬਜਟ 65 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਹੋ ਸਕਦਾ ਹੈ।
ਪਿਛਲੇ 6 ਸਾਲਾਂ 'ਚ ਦਿੱਲੀ ਸਰਕਾਰ ਦਾ ਬਜਟ
ਸਾਲ 2015-16: ₹41,500 ਕਰੋੜ
ਸਾਲ 2016-17: ₹47,600 ਕਰੋੜ
ਸਾਲ 2017-18: ₹48,000 ਕਰੋੜ
ਸਾਲ 2018-19: ₹53,000 ਕਰੋੜ
ਸਾਲ 2019-20: ₹60,000 ਕਰੋੜ
ਸਾਲ 2020-21: ₹65,000 ਕਰੋੜ
ਦਿੱਲੀ ਦੇ ਬਜਟ 'ਚ ਇਸ ਵਾਰ ਕੀ ਹੋ ਸਕਦਾ ਖਾਸ
ਦਿੱਲੀ ਸਰਕਾਰ ਨਾਲ ਜੁੜੇ ਸੂਤਰਾਂ ਮੁਤਾਬਕ 15 ਅਗਸਤ 2022 ਨੂੰ ਆਜ਼ਾਦੀ ਦੇ 75 ਸਾਲ ਪੂਰੇ ਹੋਣ ਤਕ ਦਿੱਲੀ 'ਚ ਜਸ਼ਨ ਮਨਾਇਆ ਜਾਵੇਗਾ ਜਿਸ ਤਹਿਤ ਪੂਰੇ 75 ਹਫਤੇ ਦੇਸ਼ਭਗਤੀ ਦੇ ਜਸ਼ਨ ਦੇ ਰੂਪ 'ਚ ਮਨਾਏ ਜਾਣਗੇ। ਦਿੱਲੀ ਸਰਕਾਰ 2021-22 ਵਿੱਤੀ ਸਾਲ ਦੇ ਬਜਟ 'ਚ ਇਸ ਦਾ ਐਲਾਨ ਕਰ ਸਕਦੀ ਹੈ। ਦੇਸ਼ਭਗਤੀ ਬਜਟ ਨੂੰ ਇੰਡੀਆ ਐਟ 75 ਦੇ ਜਸ਼ਨ ਦੇ ਰੂਪ 'ਚ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਸ ਉਤਸਵ 'ਚ ਇੰਡੀਆ ਐਟ 100 ਦੀ ਕਲਪਨਾ ਵੀ ਦਿੱਲੀ ਸਰਕਾਰ ਪੇਸ਼ ਕਰੇਗੀ।
ਸੂਤਰਾਂ ਮੁਤਾਬਕ ਆਜ਼ਾਦੀ ਦੇ 75ਵੇਂ ਸਾਲ 'ਚ ਸ਼ਹੀਦ ਭਗਤ ਸਿੰਘ ਤੇ ਬਾਬਾ ਸਾਹਿਬ ਅੰਬੇਦਕਰ ਦੇ ਪ੍ਰੇਰਕ ਜੀਵਨ 'ਤੇ ਦਿੱਲੀ ਸਰਕਾਰ ਪ੍ਰੋਗਰਾਮ ਕਰਵਾਏਗੀ।
ਦਿੱਲੀ ਦੇ ਆਸਮਾਨ ਨੂੰ ਤਿਰੰਗੇ ਨਾਲ ਸਜਾਉਣ ਦਾ ਪਲਾਨ ਵੀ ਬਜਟ 'ਚ ਪੇਸ਼ ਹੋ ਸਕਦਾ ਹੈ। ਜਿਸ ਤਹਿਤ ਪੂਰੀ ਦਿੱਲੀ 'ਚ ਕਨੌਟ ਪਲੇਸ ਦੀ ਤਰ੍ਹਾਂ ਸ਼ਾਨਦਾਰ ਲਹਿਰਾਉਂਦਾ ਤਿਰੰਗਾ ਸਥਾਪਿਤ ਕਰਨ ਦੀ ਤਿਆਰੀ ਹੈ।
ਦਿੱਲੀ ਸਰਕਾਰ ਦਿੱਲੀ ਦੇ ਲੋਕਾਂ ਨੂੰ ਸਰਕਾਰੀ ਹਸਪਤਾਲਾਂ 'ਚ ਮੁਫਤ ਵੈਕਸੀਨ ਉਪਲਬਧ ਕਰਾਉਣ ਦੀ ਤਿਆਰੀ 'ਚ ਹੈ। ਦਿੱਲੀ ਸਰਕਾਰ ਨਾਲ ਜੁੜੇ ਸੂਤਰਾਂ ਮੁਤਾਬਕ ਕੇਜਰੀਵਾਲ ਸਰਕਾਰ ਆਜ਼ਾਦੀ ਦੇ 100 ਸਾਲ ਪੂਰੇ ਹੋਣ 'ਤੇ 20147 ਤਕ ਦਿੱਲੀ ਦੀ ਪ੍ਰਤੀ ਵਿਅਕਤੀ ਆਮਦਨ ਸਿੰਗਾਪੁਰ ਦੇ ਪ੍ਰਤੀ ਵਿਅਕਤੀ ਆਮਦਨ ਦੇ ਬਰਾਬਰ ਕਰਨ ਦਾ ਮਾਸਟਰ ਪਲਾਨ ਕਰ ਰਹੀ ਹੈ। ਇਸ ਲਈ ਬਜਟ 'ਚ ਆਰਥਿਕ ਸੁਧਾਰਾਂ 'ਤੇ ਜ਼ੋਰ ਹੋਵੇਗਾ, ਵਪਾਰ ਤੇ ਉਦਯੋਗ 'ਚ ਪਰਿਵਰਤਨ ਹੋਣਗੇ ਤੇ ਵਿਵਸਥਾ ਨੂੰ ਸੌਖਾ ਤੇ ਜਨ ਉਪਯੋਗੀ ਬਣਾਇਆ ਜਾਵੇਗਾ।
ਦਿੱਲੀ 'ਚ ਨਵੇਂ ਸੈਨਿਕ ਸਕੂਲ ਸ਼ੁਰੂ ਕੀਤੇ ਜਾਣ ਦਾ ਪ੍ਰਸਤਾਵ ਵੀ ਬਜਟ 'ਚ ਆ ਸਕਦਾ ਹੈ। ਕੇਜਰੀਵਾਲ ਸਰਕਾਰ ਦੇ ਬਜਟ 'ਚ ਸਿੱਖਿਆ ਤੇ ਸਿਹਤ ਨੂੰ ਸ਼ੁਰੂਆਤ ਤੋਂ ਹੀ ਤਵੱਜੋਂ ਦਿੱਤੀ ਗਈ ਹੈ। ਕੋਰੋਨਾ ਦੇ ਚੱਲਦਿਆਂ ਸਿਹਤ ਸੇਵਾਵਾਂ ਦੇ ਮਸਲੇ 'ਚ ਕਾਫੀ ਚੁਣੌਤੀਆਂ ਰਹੀਆਂ। ਅਜਿਹੇ 'ਚ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਮੈਨੂੰ ਲੱਗਦਾ ਸਰਕਾਰ ਦਾ ਬਜਟ ਬਹੁਤ ਚੰਗਾ ਹੋਵੇਗਾ। ਆਮ ਆਦਮੀ ਪਾਰਟੀ ਨੇ ਜੋ ਹੈਲਥਕੇਅਰ 'ਚ ਕੰਮ ਕੀਤਾ ਹੈ ਉਸ ਤੋਂ ਉਮੀਦ ਹੈ ਕਿ ਮਨੀਸ਼ ਸਿਸੋਦੀਆ ਇਸ ਵਾਰ ਬਜਟ 'ਚ ਸਿਹਤ ਖੇਤਰ ਲਈ ਹੋਰ ਜ਼ਿਆਦਾ ਬਜਟ ਰੱਖਣਗੇ।