ਟੂਲਕਿੱਟ ਮਾਮਲਾ: ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ’ਤੇ ਕਸੂਤੀ ਘਿਰੀ ਮੋਦੀ ਸਰਕਾਰ, ਦੇਸ਼-ਵਿਦੇਸ਼ 'ਚ ਜ਼ਬਰਦਸਤ ਵਿਰੋਧ
ਕਿਸਾਨ ਆਗੂ ਡਾ. ਦਰਸ਼ਨਪਾਲ ਦਾ ਕਹਿਣਾ ਹੈ ਕਿ ਦਿਸ਼ਾ ਨੂੰ ਤੁਰੰਤ ਬਿਨਾ ਸ਼ਰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਇਸ ਦੌਰਾਨ ਸ਼ਸ਼ੀ ਥਰੂਰ, ਪ੍ਰਿਅੰਕਾ ਗਾਂਧੀ ਵਾਡਰਾ ਤੇ ਅਰਵਿੰਦ ਕੇਜਰੀਵਾਲ ਨੇ ਦਿਸ਼ਾ ਦੀ ਗ੍ਰਿਫ਼ਤਾਰੀ ਦਾ ਜ਼ੋਰਦਾਰ ਵਿਰੋਧ ਕੀਤਾ ਹੈ।
ਨਵੀਂ ਦਿੱਲੀ: ਪੁਲਿਸ ਨੇ ਕਿਸਾਨ ਅੰਦੋਲਨ ਨਾਲ ਜੁੜੇ ਟੂਲਕਿੱਟ ਮਾਮਲੇ ’ਚ 22 ਸਾਲਾਂ ਦੀ ਵਾਤਾਵਰਣ ਕਾਰਕੁਨ ਦਿਸ਼ਾ ਰਵੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦਾ ਕਿਸਾਨ ਲੀਡਰਾਂ ਤੇ ਕਾਂਗਰਸੀ ਆਗੂਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਨੇ ਪੁੱਛਿਆ ਹੈ ਕਿ ਕੀ ਕਿਸਾਨਾਂ ਦੀ ਹਮਾਇਤ ਵਾਲੀ ਟੂਲਕਿੱਟ ਭਾਰਤੀ ਸਰਹੱਦ ਅੰਦਰ ਚੀਨੀ ਘੁਸਪੈਠ ਤੋਂ ਵੱਧ ਖ਼ਤਰਨਾਕ ਹੈ?
ਕਿਸਾਨ ਆਗੂ ਡਾ. ਦਰਸ਼ਨਪਾਲ ਦਾ ਕਹਿਣਾ ਹੈ ਕਿ ਦਿਸ਼ਾ ਨੂੰ ਤੁਰੰਤ ਬਿਨਾ ਸ਼ਰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਇਸ ਦੌਰਾਨ ਸ਼ਸ਼ੀ ਥਰੂਰ, ਪ੍ਰਿਅੰਕਾ ਗਾਂਧੀ ਵਾਡਰਾ ਤੇ ਅਰਵਿੰਦ ਕੇਜਰੀਵਾਲ ਨੇ ਦਿਸ਼ਾ ਦੀ ਗ੍ਰਿਫ਼ਤਾਰੀ ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਇਸ ਤੋਂ ਇਲਾਵਾ ਅਮਰੀਕੀ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਾਣਜੀ ਮੀਨਾ ਹੈਰਿਸ ਨੇ ਸੋਸ਼ਲ ਮੀਡੀਆ ’ਤੇ ਸੁਆਲ ਕੀਤਾ ਹੈ ਕਿ ਸਰਕਾਰ ਕਾਰਕੁਨਾਂ ਨੂੰ ਨਿਸ਼ਾਨਾ ਕਿਉਂ ਬਣਾ ਰਹੀ ਹੈ?
ਪੁਲਿਸ ਨੇ ਦਿਸ਼ਾ ਨੂੰ ਗ੍ਰੇਟਾ ਥਨਬਰਗ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ ’ਚ ਸ਼ੇਅਰ ਕੀਤੀ ਗਈ ਟੂਲਕਿੱਟ ਦੇ ਮਾਮਲੇ ਵਿੱਚ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰੇਟਾ ਨੇ ਕੁਝ ਦਿਨ ਪਹਿਲਾਂ ਆਪਣੇ ਟਵੀਟ ਨਾਲ ਇੱਕ ਟੂਲਕਿੱਟ ਸ਼ੇਅਰ ਕੀਤੀ ਸੀ; ਭਾਵੇਂ ਬਾਅਦ ’ਚ ਉਨ੍ਹਾਂ ਇਸ ਨੂੰ ਡਿਲੀਟ ਵੀ ਕਰ ਦਿੱਤਾ ਸੀ। ਪੁਲਿਸ ਦਾ ਦੋਸ਼ ਹੈ ਕਿ ਦਿਸ਼ਾ ਨੇ ਹੀ ਉਸ ਨੂੰ ਚੁਪਾਸੇ ਫੈਲਾਇਆ ਸੀ।
ਕਾਂਗਰਸ ਦੇ ਐਮਪੀ ਸ਼ਸ਼ੀ ਥਰੂਰ ਨੇ ਸੁਆਲ ਕੀਤਾ ਹੈ ਕਿ ਕੀ ਭਾਰਤ ਸਰਕਾਰ ਨੂੰ ਦੁਨੀਆ ਵਿੱਚ ਆਪਣਾ ਅਕਸ ਖ਼ਰਾਬ ਹੋਣ ਦੀ ਰਤਾ ਵੀ ਪਰਵਾਹ ਨਹੀਂ ਹੈ।
ਪ੍ਰਿਅੰਕਾ ਗਾਂਧੀ ਨੇ ਅੱਜ ਟਵੀਟ ਕੀਤਾ ਹੈ ਡਰਤੇ ਹੈਂ ਬੰਦੂਕੋਂ ਵਾਲੇ ਏਕ ਨਿਹੱਥੀ ਲੜਕੀ ਸੇ, ਫੈਲੇ ਹੈਂ ਹਿੰਮਤ ਕੇ ਉਜਾਲੇ ਏਕ ਨਿਹੱਥੀ ਲੜਕੀ ਸੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ, 21 ਸਾਲਾ ਲੜਕੀ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਲੋਕਤੰਤਰ ਉੱਤੇ ਵੱਡਾ ਹਮਲਾ ਹੈ। ਸਾਡੇ ਕਿਸਾਨਾਂ ਦੀ ਹਮਾਇਤ ਕਰਨਾ ਕੋਈ ਅਪਰਾਧ ਨਹੀਂ ਹੈ।