ਈਡੀ ਨੇ ਗੂਗਲ ਅਤੇ ਮੈਟਾ ਨੂੰ ਪੁੱਛਗਿੱਛ ਲਈ ਭੇਜਿਆ ਸੰਮਨ, ਸੱਟੇਬਾਜ਼ੀ ਐਪਸ ਨੂੰ ਪ੍ਰਮੋਟ ਕਰਨਾ ਦਾ ਦੋਸ਼
ਇੱਕ ਹੋਰ ਵੱਡਾ ਮਾਮਲਾ ਫੇਅਰਪਲੇ ਆਈਪੀਐਲ ਸੱਟੇਬਾਜ਼ੀ ਐਪ ਹੈ, ਜਿਸਨੇ ਆਈਪੀਐਲ ਮੈਚਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਸਟ੍ਰੀਮ ਕੀਤਾ ਅਤੇ ਔਨਲਾਈਨ ਸੱਟੇਬਾਜ਼ੀ ਨੂੰ ਉਤਸ਼ਾਹਿਤ ਕੀਤਾ।

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ਨੀਵਾਰ ਨੂੰ ਤਕਨੀਕੀ ਦਿੱਗਜਾਂ ਗੂਗਲ ਅਤੇ ਮੈਟਾ (ਫੇਸਬੁੱਕ) ਨੂੰ ਸੰਮਨ ਜਾਰੀ ਕੀਤੇ। ਈਡੀ ਦੀ ਇਹ ਕਾਰਵਾਈ ਗੈਰ-ਕਾਨੂੰਨੀ ਔਨਲਾਈਨ ਸੱਟੇਬਾਜ਼ੀ ਐਪਸ ਦੇ ਮਾਮਲੇ ਵਿੱਚ ਕੀਤੀ ਜਾ ਰਹੀ ਜਾਂਚ ਦਾ ਹਿੱਸਾ ਹੈ। ਦੋਵਾਂ ਕੰਪਨੀਆਂ ਨੂੰ 21 ਜੁਲਾਈ ਨੂੰ ਪੁੱਛਗਿੱਛ ਲਈ ਤਲਬ ਕੀਤਾ ਗਿਆ ਹੈ।
ਈਡੀ ਦਾ ਕਹਿਣਾ ਹੈ ਕਿ ਗੂਗਲ ਅਤੇ ਮੈਟਾ ਨੇ ਔਨਲਾਈਨ ਸੱਟੇਬਾਜ਼ੀ ਐਪਸ ਦੇ ਪ੍ਰਸਾਰ ਅਤੇ ਪ੍ਰਚਾਰ ਲਈ ਪਲੇਟਫਾਰਮ ਪ੍ਰਦਾਨ ਕੀਤੇ, ਜੋ ਇਸ ਸਮੇਂ ਮਨੀ ਲਾਂਡਰਿੰਗ ਤੇ ਹਵਾਲਾ ਲੈਣ-ਦੇਣ ਵਰਗੇ ਗੰਭੀਰ ਆਰਥਿਕ ਅਪਰਾਧਾਂ ਦੇ ਮਾਮਲਿਆਂ ਵਿੱਚ ਜਾਂਚ ਅਧੀਨ ਹਨ। ਇਨ੍ਹਾਂ ਕੰਪਨੀਆਂ 'ਤੇ ਇਨ੍ਹਾਂ ਐਪਸ ਨਾਲ ਜੁੜੀਆਂ ਵੈੱਬਸਾਈਟਾਂ ਨੂੰ ਪ੍ਰਮੁੱਖ ਇਸ਼ਤਿਹਾਰਬਾਜ਼ੀ ਸਲਾਟ ਦੇਣ ਦਾ ਦੋਸ਼ ਹੈ, ਜਿਸ ਕਾਰਨ ਇਨ੍ਹਾਂ ਦੀ ਪਹੁੰਚ ਅਤੇ ਪ੍ਰਸਿੱਧੀ ਤੇਜ਼ੀ ਨਾਲ ਵਧੀ ਅਤੇ ਇਹ ਗੈਰ-ਕਾਨੂੰਨੀ ਕਾਰਵਾਈਆਂ ਦੇਸ਼ ਭਰ ਵਿੱਚ ਫੈਲ ਗਈਆਂ।
ਈਡੀ ਦੀ ਹੁਣ ਤੱਕ ਦੀ ਜਾਂਚ ਦੇ ਅਨੁਸਾਰ, ਇਹ ਸੱਟੇਬਾਜ਼ੀ ਐਪਸ ਆਪਣੇ ਆਪ ਨੂੰ 'ਹੁਨਰ ਅਧਾਰਤ ਗੇਮਿੰਗ ਪਲੇਟਫਾਰਮ' ਕਹਿੰਦੇ ਹਨ, ਪਰ ਅਸਲ ਵਿੱਚ ਇਨ੍ਹਾਂ ਵਿੱਚ ਗੈਰ-ਕਾਨੂੰਨੀ ਜੂਆ ਚਲਾਇਆ ਜਾ ਰਿਹਾ ਸੀ। ਇਹ ਪਲੇਟਫਾਰਮ ਕਰੋੜਾਂ ਦਾ ਕਾਲਾ ਧਨ ਕਮਾ ਰਹੇ ਸਨ, ਜਿਸਨੂੰ ਹਵਾਲਾ ਚੈਨਲਾਂ ਰਾਹੀਂ ਦੇਸ਼ ਤੋਂ ਬਾਹਰ ਭੇਜਿਆ ਜਾਂਦਾ ਸੀ।
ਈਡੀ ਨੇ ਹਾਲ ਹੀ ਵਿੱਚ 29 ਮਸ਼ਹੂਰ ਹਸਤੀਆਂ ਅਤੇ ਸੋਸ਼ਲ ਮੀਡੀਆ ਪ੍ਰਭਾਵਕਾਂ ਵਿਰੁੱਧ ਕੇਸ ਦਰਜ ਕੀਤਾ ਹੈ। ਇਨ੍ਹਾਂ ਵਿੱਚ ਪ੍ਰਕਾਸ਼ ਰਾਜ, ਰਾਣਾ ਡੱਗੂਬਾਤੀ ਅਤੇ ਵਿਜੇ ਦੇਵਰਕੋਂਡਾ ਵਰਗੇ ਮਸ਼ਹੂਰ ਅਦਾਕਾਰ ਸ਼ਾਮਲ ਹਨ। ਦੋਸ਼ ਹੈ ਕਿ ਉਨ੍ਹਾਂ ਨੇ ਇਨ੍ਹਾਂ ਐਪਸ ਦਾ ਪ੍ਰਚਾਰ ਕਰਕੇ ਭਾਰੀ ਰਕਮ ਕਮਾ ਲਈ।
ਮਹਾਦੇਵ ਐਪ ਘੁਟਾਲਾ 6,000 ਕਰੋੜ ਤੋਂ ਵੱਧ ਹੋਣ ਦਾ ਅਨੁਮਾਨ ਹੈ। ਇਸ ਵਿੱਚ ਕਈ ਬਾਲੀਵੁੱਡ ਹਸਤੀਆਂ ਤੋਂ ਪੁੱਛਗਿੱਛ ਕੀਤੀ ਗਈ ਹੈ। ਈਡੀ ਦਾ ਦਾਅਵਾ ਹੈ ਕਿ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਨੂੰ ਇਸ ਐਪ ਦੇ ਪ੍ਰਮੋਟਰਾਂ ਤੋਂ 500 ਕਰੋੜ ਦੀ ਰਕਮ ਮਿਲੀ ਸੀ।
ਇੱਕ ਹੋਰ ਵੱਡਾ ਮਾਮਲਾ ਫੇਅਰਪਲੇ ਆਈਪੀਐਲ ਸੱਟੇਬਾਜ਼ੀ ਐਪ ਹੈ, ਜਿਸਨੇ ਆਈਪੀਐਲ ਮੈਚਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਸਟ੍ਰੀਮ ਕੀਤਾ ਅਤੇ ਔਨਲਾਈਨ ਸੱਟੇਬਾਜ਼ੀ ਨੂੰ ਉਤਸ਼ਾਹਿਤ ਕੀਤਾ। ਇਸ ਨਾਲ ਅਧਿਕਾਰਤ ਪ੍ਰਸਾਰਕ Viacom18 ਨੂੰ ਭਾਰੀ ਵਿੱਤੀ ਨੁਕਸਾਨ ਹੋਇਆ। ਇਸ ਮਾਮਲੇ ਵਿੱਚ ਕਈ ਭਾਰਤੀ ਹਸਤੀਆਂ ਨੂੰ ਵੀ ਦੋਸ਼ੀ ਠਹਿਰਾਇਆ ਗਿਆ ਹੈ।





















