ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀ ਕਾਂਗਰਸ 'ਚ ਐਂਟਰੀ! ਕਾਂਗਰਸ ਦੀ ਅਹਿਮ ਬੈਠਕ 'ਚ ਦਿੱਤੀ ਪ੍ਰੈਜ਼ਨਟੇਸ਼ਨ
ਮੰਨਿਆ ਜਾ ਰਿਹਾ ਹੈ ਕਿ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਬਾਰੇ ਵੀ ਚਰਚਾ ਹੋਈ ਹੈ। ਹਾਲਾਂਕਿ ਪਾਰਟੀ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।
ਨਵੀਂ ਦਿੱਲੀ: ਕਾਂਗਰਸ (Congress) ਪ੍ਰਧਾਨ ਸੋਨੀਆ ਗਾਂਧੀ (Sonia Gandhi) ਦੀ ਰਿਹਾਇਸ਼ 'ਤੇ ਸ਼ਨੀਵਾਰ ਨੂੰ ਪਾਰਟੀ ਦੇ ਸੀਨੀਅਰ ਨੇਤਾਵਾਂ ਦੀ 4 ਘੰਟੇ ਲੰਬੀ ਅਹਿਮ ਬੈਠਕ ਹੋਈ। ਮੀਟਿੰਗ ਵਿੱਚ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ (Prashant Kishor) ਦੇ ਨਾਲ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਸੰਗਠਨ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ, ਸੀਨੀਅਰ ਆਗੂ ਅੰਬਿਕਾ ਸੋਨੀ, ਮੱਲਿਕਾਰਜੁਨ ਖੜਗੇ ਅਤੇ ਕੁਝ ਹੋਰ ਆਗੂ ਹਾਜ਼ਰ ਸੀ।ਕਰੀਬ 4 ਘੰਟੇ ਚੱਲੀ ਕਾਂਗਰਸ ਪਾਰਟੀ ਦੀ ਮੀਟਿੰਗ ਵਿੱਚ ਪ੍ਰਸ਼ਾਂਤ ਕਿਸ਼ੋਰ ਨੇ ਆਗੂਆਂ ਦੇ ਸਾਹਮਣੇ ਪ੍ਰੈਜ਼ਨਟੇਸ਼ਨ ਦਿੱਤੀ।
ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਕੇਸੀ ਵੇਣੂਗੋਪਾਲ ਨੇ ਕਿਹਾ, “ਪ੍ਰਸ਼ਾਂਤ ਕਿਸ਼ੋਰ ਨੇ ਸੋਨੀਆ ਗਾਂਧੀ ਦੇ ਸਾਹਮਣੇ 2024 ਲਈ ਚੋਣ ਰਣਨੀਤੀ ਬਾਰੇ ਵਿਸਥਾਰਪੂਰਵਕ ਪ੍ਰੈਜ਼ਨਟੇਸ਼ਨ ਦਿੱਤੀ ਹੈ। ਉਨ੍ਹਾਂ ਵੱਲੋਂ ਪੇਸ਼ ਕੀਤੀ ਗਈ ਯੋਜਨਾ ਨੂੰ ਕਾਂਗਰਸ ਪ੍ਰਧਾਨ ਵੱਲੋਂ ਗਠਿਤ ਗਰੁੱਪ ਵੱਲੋਂ ਦੇਖਿਆ ਜਾਵੇਗਾ ਅਤੇ ਇਹ ਗਰੁੱਪ ਇੱਕ ਹਫ਼ਤੇ ਅੰਦਰ ਅੰਤਮ ਫੈਸਲੇ ਲਈ ਪਾਰਟੀ ਮੁਖੀ ਨੂੰ ਰਿਪੋਰਟ ਸੌਂਪੇਗਾ।
ਮੰਨਿਆ ਜਾ ਰਿਹਾ ਹੈ ਕਿ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਬਾਰੇ ਵੀ ਚਰਚਾ ਹੋਈ ਹੈ। ਹਾਲਾਂਕਿ ਪਾਰਟੀ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।
ਕਾਂਗਰਸ ਸੂਤਰਾਂ ਨੇ ਦੱਸਿਆ ਕਿ ਪਿਛਲੇ ਕਈ ਹਫਤਿਆਂ ਤੋਂ ਪਾਰਟੀ ਲੀਡਰਸ਼ਿਪ ਅਤੇ ਕਿਸ਼ੋਰ ਵਿਚਕਾਰ ਮੁੱਖ ਤੌਰ 'ਤੇ ਗੁਜਰਾਤ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ।
2024 ਦੀਆਂ ਲੋਕ ਸਭਾ ਚੋਣਾਂ ਅਤੇ ਗੁਜਰਾਤ ਚੋਣਾਂ ਦੀ ਤਿਆਰੀ
ਕਾਂਗਰਸ ਦੀ ਕਾਰਗੁਜ਼ਾਰੀ ਲਗਾਤਾਰ ਨਿਘਾਰ ਵੱਲ ਜਾ ਰਹੀ ਹੈ। ਪਿਛਲੇ ਮਹੀਨੇ 5 ਰਾਜਾਂ ਦੇ ਵਿਧਾਨ ਸਭਾ ਚੋਣ ਨਤੀਜਿਆਂ ਵਿੱਚ ਪਾਰਟੀ ਨੂੰ ਹਰ ਥਾਂ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਦੱਸਿਆ ਜਾ ਰਿਹਾ ਹੈ ਕਿ ਪਾਰਟੀ ਦੇ ਗੁਆਚੇ ਹੋਏ ਸਮਰਥਨ ਆਧਾਰ ਨੂੰ ਮੁੜ ਸੁਰਜੀਤ ਕਰਨ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਇਹ ਜ਼ਰੂਰੀ ਮੀਟਿੰਗ ਬੁਲਾਈ ਗਈ ਹੈ। ਇਹੀ ਕਾਰਨ ਹੈ ਕਿ ਇਸ ਵਿੱਚ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੂੰ ਵੀ ਬੁਲਾਇਆ ਗਿਆ ਹੈ। ਪਾਰਟੀ ਵਿਚ ਵੱਡੇ ਪੱਧਰ 'ਤੇ ਬਦਲਾਅ ਦੀ ਚਰਚਾ ਵੀ ਜ਼ੋਰ ਫੜ ਰਹੀ ਹੈ। ਇੰਨਾ ਹੀ ਨਹੀਂ ਪਾਰਟੀ ਦੀਆਂ ਨਜ਼ਰਾਂ ਜਲਦੀ ਹੀ ਹੋਣ ਵਾਲੀਆਂ ਗੁਜਰਾਤ ਵਿਧਾਨ ਸਭਾ ਚੋਣਾਂ 'ਤੇ ਵੀ ਟਿਕੀਆਂ ਹੋਈਆਂ ਹਨ। ਪਾਰਟੀ ਆਪਣੇ ਆਪ ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ ਅਤੇ ਇੱਥੇ ਬਿਹਤਰ ਪ੍ਰਦਰਸ਼ਨ ਕਰਨਾ ਚਾਹੁੰਦੀ ਹੈ।ਇਸ ਤੋਂ ਇਲਾਵਾ ਪਾਰਟੀ 2024 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਵੀ ਸ਼ੁਰੂ ਕਰਨਾ ਚਾਹੁੰਦੀ ਹੈ, ਤਾਂ ਜੋ ਭਾਜਪਾ ਨੂੰ ਟੱਕਰ ਦੇ ਸਕੇ।
ਸੂਤਰਾਂ ਮੁਤਾਬਿਕ ਬੈਠਕ 'ਚ ਕਾਂਗਰਸ ਦੇ ਪ੍ਰਸਤਾਵਿਤ 'ਚਿੰਤਨ ਸ਼ਿਵਰ', ਆਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ, ਮੈਂਬਰਸ਼ਿਪ ਮੁਹਿੰਮ ਅਤੇ ਕੁਝ ਹੋਰ ਮੁੱਦਿਆਂ 'ਤੇ ਚਰਚਾ ਕੀਤੀ ਗਈ। ਪਾਰਟੀ ਗੁਜਰਾਤ ਦੇ ਮਸ਼ਹੂਰ ਪਾਟੀਦਾਰ ਚਿਹਰੇ ਨਰੇਸ਼ ਪਟੇਲ ਨੂੰ ਵੀ ਨਾਲ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।ਸਮਝਿਆ ਜਾਂਦਾ ਹੈ ਕਿ ਸੀਨੀਅਰ ਕਾਂਗਰਸ ਨੇਤਾਵਾਂ ਦੀ ਇਸ ਬੈਠਕ 'ਚ ਕਿਸ਼ੋਰ ਨੂੰ ਪਾਰਟੀ ਨਾਲ ਜੋੜਨ ਦੇ ਨਾਲ-ਨਾਲ ਗੁਜਰਾਤ 'ਚ ਪਾਰਟੀ ਦੀ ਚੋਣ ਰਣਨੀਤੀ ਅਤੇ ਨਰੇਸ਼ ਪਟੇਲ ਨੂੰ ਨਾਲ ਲੈ ਕੇ ਜਾਣ 'ਤੇ ਚਰਚਾ ਕੀਤੀ ਗਈ ਹੈ।