ਪੰਜਾਬ 'ਚ ਕੂੜੇ ਤੋਂ ਬਣੇਗੀ ਬਿਜਲੀ ਤੇ ਖਾਦ! ਸਪੀਕਰ ਸੰਧਵਾਂ ਵੱਲੋਂ ਐਮਐਸਡਬਲਿਊ ਸਲਿਊਸ਼ਨਸ ਲਿਮਟਿਡ ਦਾ ਦੌਰਾ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਵੱਲੋਂ ਇੱਥੋਂ ਦੇ ਬਵਾਨਾ ਉਦਯੋਗਿਕ ਖੇਤਰ ਵਿਖੇ ਕੂੜੇ ਤੋਂ ਆਧੁਨਿਕ ਤਕਨੀਕਾਂ ਜ਼ਰੀਏ ਬਿਜਲੀ ਪੈਦਾਵਾਰ ਤੇ ਖਾਦ ਤਿਆਰ ਕਰਨ ਵਾਲੇ ਪ੍ਰਜੈਕਟ ਦਿੱਲੀ ਐਮਐਸਡਬਲਿਊ ਸਲਿਊਸ਼ਨਸ ਲਿਮਟਿਡ ਦਾ ਦੌਰਾ ਕੀਤਾ ਗਿਆ।
ਨਵੀਂ ਦਿੱਲੀ: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਇੱਥੋਂ ਦੇ ਬਵਾਨਾ ਉਦਯੋਗਿਕ ਖੇਤਰ ਵਿਖੇ ਕੂੜੇ ਤੋਂ ਆਧੁਨਿਕ ਤਕਨੀਕਾਂ ਜ਼ਰੀਏ ਬਿਜਲੀ ਪੈਦਾਵਾਰ ਤੇ ਖਾਦ ਤਿਆਰ ਕਰਨ ਵਾਲੇ ਪ੍ਰਜੈਕਟ ਦਿੱਲੀ ਐਮਐਸਡਬਲਿਊ ਸਲਿਊਸ਼ਨਸ ਲਿਮਟਿਡ ਦਾ ਦੌਰਾ ਕੀਤਾ ਗਿਆ। ਸੰਧਵਾਂ ਵੱਲੋਂ ਇਥੇ ਗਿੱਲੇ ਤੇ ਸੁੱਕੇ ਕੂੜੇ ਨੂੰ ਅਲੱਗ ਕਰਨ ਤੋਂ ਲੈ ਕੇ ਇਸ ਤੋਂ ਬਿਜਲੀ ਪੈਦਾਵਾਰ, ਖਾਦ ਤਿਆਰ ਕਰਨ ਤੇ ਵੇਸਟ ਨੂੰ ਵਿਗਿਆਨਕ ਤਰੀਕਿਆ ਨਾਲ ਉਸਾਰੀ ਲਈ ਵਰਤੀ ਜਾਣ ਵਾਲੀ ਸਮੱਗਰੀ ਵਿਚ ਤਬਦੀਲ ਕੀਤੇ ਜਾਣ ਦੀਆਂ ਵੱਖ-ਵੱਖ ਪ੍ਰਕਿਰਿਆਵਾਂ ਬਾਰੇ ਬਾਰੀਕੀ ਵਿਚ ਜਾਣਕਾਰੀ ਲਈ ਗਈ।
ਇਸ ਤੋਂ ਪਹਿਲਾਂ ਸੰਧਵਾਂ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਦਿੱਲੀ ਦੇ ਓਲਡ ਰਾਜਿੰਦਰ ਨਗਰ ਸਥਿਤ ਦਿੱਲੀ ਨਗਰ ਨਿਗਮ ਦੇ ਕੂੜੇ ਤੋਂ ਖਾਦ ਤਿਆਰ ਕਰਨ ਵਾਲੇ ਕੂੜਾ ਪ੍ਰਬੰਧਨ ਪ੍ਰਾਜੈਕਟ ਦਾ ਵੀ ਦੌਰਾ ਕੀਤਾ ਗਿਆ। ਮੰਗਲਵਾਰ ਦੇਰ ਸ਼ਾਮ ਕੀਤੇ ਬਵਾਨਾ ਪ੍ਰਾਜੈਕਟ ਦੇ ਦੌਰੇ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਸੰਧਵਾਂ ਨੇ ਕਿਹਾ ਕਿ ਕੂੜੇ ਤੇ ਇਸ ਨਾਲ ਪੈਦਾ ਹੋ ਰਹੇ ਪ੍ਰਦੂਸ਼ਣ ਦੀ ਸਮੱਸਿਆ ਨਾਲ ਮੁਲਕ ਦੇ ਹਰ ਸ਼ਹਿਰ ਨੂੰ ਜੂਝਣਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਅਧਿਕਾਰੀਆਂ ਸਮੇਤ ਇਸ ਪ੍ਰਾਜੈਕਟ ਨੂੰ ਵੇਖਣ ਦਾ ਮੰਤਵ ਅਜਿਹੇ ਪ੍ਰਜੈਕਟ ਜ਼ਰੀਏ ਕੂੜੇ ਤੋਂ ਬਿਜਲੀ ਪੈਦਾ ਕਰਨ, ਖਾਦ ਪੈਦਾਵਾਰ ਤੇ ਵੇਸਟ ਤੋਂ ਉਸਾਰੀ ਸਮੱਗਰੀ ਤਿਆਰ ਹੋਣ ਦੀਆਂ ਤਕਨੀਕਾਂ ਨੂੰ ਜਾਨਣਾ ਸੀ ਤਾਂ ਜੋ ਅਜਿਹੀਆਂ ਤਕਨੀਕਾਂ ਨੂੰ ਪੰਜਾਬ ਦੇ ਕਸਬਿਆਂ ਤੇ ਵੱਡੇ ਸ਼ਹਿਰਾਂ ਦੀ ਆਬਾਦੀ ਤੇ ਹੋਰ ਜ਼ਰੂਰਤਾਂ ਅਨੁਸਾਰ ਕੂੜੇ ਤੇ ਇਸ ਤੋਂ ਪੈਦਾ ਹੁੰਦੇ ਵਾਤਾਵਰਣ ਦੇ ਵਿਗਾੜਾਂ ਤੋਂ ਛੁਟਕਾਰਾ ਪਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਦੌਰੇ ਦਾ ਮੰਤਵ ਇਹ ਅਧਿਐਨ ਕਰਨਾ ਹੈ ਕਿ ਪੰਜਾਬ ਦੇ ਕਸਬਿਆਂ ਤੇ ਸ਼ਹਿਰਾਂ ਦੀਆਂ ਸਥਾਨਕ ਜ਼ਰੂਰਤਾਂ ਅਨੁਸਾਰ ਕਿਸ ਤਰਾਂ ਦੀ ਤਕਨੀਕ ਕਾਰਗਰ ਹੋ ਸਕੇਗੀ ਤੇ ਸੂਬੇ ਦੇ ਇਸ ਖੇਤਰ ਵਿਚ ਪਹਿਲਾਂ ਚੱਲ ਰਹੇ ਪ੍ਰਾਜੈਕਟਾਂ ਨੂੰ ਹੋਰ ਬਿਹਤਰ ਕਿਵੇਂ ਬਣਾਇਆ ਜਾ ਸਕਦਾ ਹੈ।
ਰੀਸਸਟੇਨਬਿਲਟੀ ਵੱਲੋਂ ਦਿੱਲੀ ਨਗਰ ਨਿਗਮ ਨਾਲ ਮਿਲ ਕੇ ਜਨਤਕ ਨਿੱਜੀ ਭਾਈਵਾਲੀ (ਪੀਪੀਪੀ) ਜ਼ਰੀਏ ਚਲਾ ਜਾ ਰਹੇ ਇਸ ਪ੍ਰਾਜੈਕਟ ਬਾਰੇ ਜਾਣਕਾਰੀ ਦਿੰਦਿਆ ਪ੍ਰਾਜੈਕਟ ਦੇ ਵਾਈਸ ਪ੍ਰੈਜੀਡੈਂਟ ਡੀਪੀ ਸਿੰਘ ਨੇ ਦੱਸਿਆ ਕਿ 100 ਏਕੜ ਵਿਚ ਚਲ ਰਹੇ ਇਸ ਪ੍ਰਾਜੈਕਟ ਰਾਹੀਂ 2500 ਮੀਟਰਿਕ ਟਨ ਕੂੜੇ ਦੀ ਰੋਜ਼ਾਨਾ ਪ੍ਰਸੈਸਿੰਗ ਕੀਤੀ ਜਾਂਦੀ ਹੈ ਤੇ ਇਸ ਪ੍ਰਾਜੈਕਟ ਦੀ ਬਿਜਲੀ ਪੈਦਾਵਾਰ ਸਮਰੱਥਾ 24 ਮੈਗਾਵਾਟ ਹੈ। ਉਨ੍ਹਾਂ ਦੱਸਿਆ ਕਿ 2.5 ਲੱਖ ਟਨ ਖਾਦ ਪੈਦਾ ਕਰਕੇ ਵੱਖ-ਵੱਖ ਕੰਪਨੀਆਂ ਨੂੰ ਵੇਚੀ ਜਾ ਚੁੱਕੀ ਹੈ।
ਇਸ ਤੋਂ ਪਹਿਲਾਂ ਸੰਧਵਾਂ ਤੇ ਸੰਤ ਸੀਚੇਵਾਲ ਨੇ ਓਲਡ ਰਾਜਿੰਦਰ ਨਗਰ ਵਿਖੇ ਪ੍ਰਾਜੈਕਟ ਦੇ ਦੌਰੇ ਸਮੇਂ ਕਿਹਾ ਕਿ ਉਨ੍ਹਾਂ ਦਾ ਉਦੇਸ਼ ਪੰਜਾਬ ਵਿਚ ਕੂੜੇ ਦੀ ਸਮੱਸਿਆ ਤੇ ਇਸ ਤੋਂ ਪੈਦਾ ਹੁੰਦੇ ਪ੍ਰਦੂਸ਼ਣ ਤੋਂ ਛੁਟਕਾਰਾ ਪਾਉਣ ਤੇ ਉਥੇ ਹੋ ਰਹੇ ਕੰਮ ਨੂੰ ਹੋਰ ਵਿਗਿਆਨਕ ਬਣਾਉਣਾ ਹੈ।