Pulwama encounter : ਪੁਲਵਾਮਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ, 1 ਅੱਤਵਾਦੀ ਦੀ ਹੋਈ ਮੌਤ
Terrorists ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਬੀਤੇ ਐਤਵਾਰ ਸ਼ਾਮ ਤੋਂ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜਾਰੀ ਹੈ, ਜਦਕਿ ਫੌਜ...
Jammu - Kshmir - ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਬੀਤੇ ਐਤਵਾਰ ਸ਼ਾਮ ਤੋਂ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜਾਰੀ ਹੈ, ਜਦਕਿ ਫੌਜ ਨੇ ਇਕ ਅੱਤਵਾਦੀ ਨੂੰ ਮਾਰ ਦਿੱਤਾ ਹੈ। ਇਹ ਅੱਤਵਾਦੀ ਘਰ 'ਚ ਲੁੱਕ ਕੇ ਗੋਲੀਬਾਰੀ ਕਰ ਰਿਹਾ ਸੀ। ਹੋਰ 2-3 ਅੱਤਵਾਦੀਆਂ ਦੇ ਲੁਕੇ ਹੋਣ ਦੀ ਸੰਭਾਵਨਾ ਹੈ।
ਦੱਸ ਦਈਏ ਕਿ ਪੁਲਿਸ ਨੂੰ ਸ਼ਾਮ 7.30 ਵਜੇ ਸੂਚਨਾ ਮਿਲੀ ਕਿ ਪੁਲਵਾਮਾ ਦੇ ਪਰੀਗਾਮ ਪਿੰਡ 'ਚ ਕੁਝ ਅੱਤਵਾਦੀ ਦੇਖੇ ਗਏ ਸਨ। ਪੁਲਿਸ ਅਤੇ ਸੀ.ਆਰ.ਪੀ.ਐਫ ਦੇ ਜਵਾਨਾਂ ਨੇ ਉਨ੍ਹਾਂ ਨੂੰ ਫੜਨ ਲਈ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ। ਅਚਾਨਕ ਅੱਤਵਾਦੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਜਵਾਨਾਂ ਵੱਲ ਗ੍ਰੇਨੇਡ ਸੁੱਟੇ। ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਮੁਕਾਬਲਾ ਅਜੇ ਵੀ ਜਾਰੀ ਹੈ।
ਕਸ਼ਮੀਰ ਪੁਲਿਸ ਅਤੇ ਭਾਰਤੀ ਫੌਜ ਨੇ ਇੱਕ ਸਾਂਝੇ ਆਪਰੇਸ਼ਨ ਦੌਰਾਨ 15 ਅਗਸਤ ਤੋਂ ਪਹਿਲਾਂ 6 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਕੋਲੋਂ ਗੋਲਾ ਬਾਰੂਦ ਅਤੇ ਹਥਿਆਰ ਬਰਾਮਦ ਹੋਏ ਸਨ। ਪਹਿਲਾ ਮਾਮਲਾ 9 ਅਗਸਤ ਦੀ ਰਾਤ ਦਾ ਹੈ, ਜਿੱਥੇ ਕੋਕੇਰਨਾਗ ਦੇ ਐਥਲਾਨ ਗਡੋਲੇ 'ਚ ਤਿੰਨ ਅੱਤਵਾਦੀ ਫੜੇ ਗਏ ਸਨ। ਮੁਕਾਬਲੇ ਦੌਰਾਨ ਫੌਜ ਦੇ ਜਵਾਨਾਂ ਸਮੇਤ 3 ਲੋਕ ਜ਼ਖਮੀ ਹੋ ਗਏ ਸਨ।
ਦੂਜਾ ਮਾਮਲਾ ਬਾਰਾਮੂਲਾ ਦੇ ਉੜੀ ਦਾ ਹੈ, ਜਿੱਥੇ ਸੁਰੱਖਿਆ ਕਰਮਚਾਰੀਆਂ ਨੇ ਲਸ਼ਕਰ ਦੇ 3 ਅੱਤਵਾਦੀਆਂ ਨੂੰ ਫੜਿਆ ਸੀ। ਉਨ੍ਹਾਂ ਖ਼ਿਲਾਫ਼ ਯੂ.ਏ.ਪੀ.ਏ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਬਾਰਾਮੂਲਾ ਪੁਲਿਸ ਅਤੇ ਫੌਜ ਦੀ 16 ਸਿੱਖ ਲਾਈਟ ਇਨਫੈਂਟਰੀ ਦੇ ਸੁਰੱਖਿਆ ਬਲਾਂ ਨੇ ਗਸ਼ਤ ਦੌਰਾਨ ਚੁਰੁੰਡਾ ਉੜੀ ਵਿੱਚ ਇੱਕ ਸ਼ੱਕੀ ਵਿਅਕਤੀ ਨੂੰ ਦੇਖਿਆ । ਸੁਰੱਖਿਆ ਬਲਾਂ ਨੂੰ ਦੇਖ ਕੇ ਉਹ ਭੱਜਣ ਲੱਗਿਆ ਸੀ ਪਰ ਸੁਰੱਖਿਆ ਬਲਾਂ ਨੇ ਉਸ ਨੂੰ ਫੜ ਲਿਆ। ਉਸ ਦੀ ਪਛਾਣ ਸ਼ੌਕਤ ਅਲੀ ਅਵਾਨ ਵਾਸੀ ਉੜੀ ਵਜੋਂ ਹੋਈ ਹੈ। ਉਸ ਕੋਲੋਂ ਦੋ ਗ੍ਰਨੇਡ ਬਰਾਮਦ ਹੋਏ ਸਨ।
ਇਸਤੋਂ ਇਲਾਵਾ 4 ਅਗਸਤ ਨੂੰ ਕੁਲਗਾਮ ਦੇ ਹਲਾਨ ਜੰਗਲ 'ਚ ਅੱਤਵਾਦੀਆਂ ਨੇ ਫੌਜ ਦੇ ਤੰਬੂ 'ਤੇ ਗੋਲੀਬਾਰੀ ਕੀਤੀ ਸੀ। ਇਸ ਤੋਂ ਬਾਅਦ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਸ਼ੁਰੂ ਹੋ ਗਈ, ਜੋ ਅਜੇ ਵੀ ਜਾਰੀ ਹੈ। ਬੀਤੇ ਸ਼ੁੱਕਰਵਾਰ ਨੂੰ ਹੋਈ ਇਸ ਘਟਨਾ 'ਚ ਤਿੰਨ ਜਵਾਨ ਜ਼ਖਮੀ ਹੋ ਗਏ ਸਨ। ਤਿੰਨਾਂ ਨੂੰ ਸ਼੍ਰੀਨਗਰ ਦੇ ਮਿਲਟਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਲਾਜ ਦੌਰਾਨ ਦੇਰ ਰਾਤ ਤਿੰਨਾਂ ਦੀ ਮੌਤ ਹੋ ਗਈ।