ਮੋਦੀ ਬਾਰੇ ਖੁਲਾਸਾ ਕਰਨ ਮਗਰੋਂ ਮਾਲਿਆ ਦੀ ਸ਼ਾਮਤ, 12,500 ਕਰੋੜ ਦੀ ਜਾਇਦਾਦ ਹੋ ਸਕਦੀ ਜ਼ਬਤ
ਨਵੀਂ ਦਿੱਲੀ: ਭਾਰਤੀ ਬੈਂਕਾਂ ਦੇ ਹਜ਼ਾਰਾ ਕਰੋੜ ਰੁਪਏ ਦੇ ਕਰਜ਼ਦਾਰ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਵੱਡਾ ਝਟਕਾ ਲੱਗਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮੁੰਬਈ ਦੀ ਅਦਾਲਤ 'ਚ ਮਾਲਿਆ ਦੀ 12,500 ਕਰੋੜ ਰੁਪਏ ਦੀ ਪ੍ਰਾਪਰਟੀ ਜ਼ਬਤ ਕਰਨ ਦੀ ਅਰਜ਼ੀ ਦਾਇਰ ਕੀਤੀ ਹੈ। ਇਸ 'ਚ ਮਾਲਿਆ ਖਿਲਾਫ ਆਰਥਿਕ ਅਪਰਾਧੀ ਭਗੌੜੇ ਅਧਿਨਿਯਮ ਤਹਿਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।
ਦੱਸ ਦਈਏ ਕਿ ਇਸ ਅਧਿਨਿਯਮ ਤਹਿਤ ਦੋਸ਼ੀ ਦੀ ਦੇਸ਼-ਵਿਦੇਸ਼ 'ਚ ਮੌਜੂਦ ਨਿੱਜੀ ਸੰਪੱਤੀ ਵੀ ਜ਼ਬਤ ਕਰਕੇ ਵੇਚੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਵਿਜੇ ਮਾਲਿਆ ਕੋਲ ਕਰੀਬ 2300 ਕਰੋੜ ਰੁਪਏ ਦੀ ਨਿੱਜੀ ਸੰਪੱਤੀ ਹੈ ਜਿਸ ਨੂੰ ਵੇਚ ਕੇ ਬੈਂਕਾਂ ਦੀ ਬਕਾਇਆ ਰਾਸ਼ੀ ਵਸੂਲ ਕੀਤੀ ਜਾ ਸਕਦੀ ਹੈ।
ਮੁੰਬਈ ਕੋਰਟ ਅੱਜ ਵਿਜੇ ਮਾਲਿਆ ਖਿਲਾਫ ਨੋਟਿਸ ਜਾਰੀ ਕਰ ਸਕਦੀ ਹੈ। ਨੋਟਿਸ 'ਚ ਦੋਸ਼ੀ ਨੂੰ ਛੇ ਹਫਤਿਆਂ ਅਤੇ ਕੋਰਟ ਵੱਲੋਂ ਦਿੱਤੇ ਗਏ ਸਮੇਂ 'ਤੇ ਜਵਾਬ ਦੇਣਾ ਪੈਂਦਾ ਹੈ। ਜੇਕਰ ਕੋਰਟ ਜਵਾਬਾਂ ਨਾਲ ਸਹਿਮਤ ਨਹੀਂ ਹੁੰਦੀ ਤਾਂ ਉਹ ਸੰਪੱਤੀ ਜ਼ਬਤ ਕਰਨ ਦੇ ਆਦੇਸ਼ ਦੇ ਸਕਦੀ ਹੈ।
ਦੱਸ ਦਈਏ ਕਿ ਹਾਲ ਹੀ 'ਚ ਵਿਜੇ ਮਾਲਿਆ ਨੇ ਦਾਅਵਾ ਕੀਤਾ ਸੀ ਕਿ ਉਸਨੇ ਬੈਂਕਾਂ ਦਾ ਕਰਜ਼ ਵਾਪਸ ਕਰਨ ਲਈ ਪੂਰੀ ਕੋਸ਼ਿਸ਼ ਕੀਤੀ ਸੀ। ਇਸ ਮੁੱਦੇ 'ਤੇ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਪੱਤਰ ਵੀ ਲਿਖੇ ਪਰ ਉਨ੍ਹਾਂ ਵੱਲੋਂ ਕੋਈ ਪ੍ਰਤੀਕ੍ਰਿਆ ਨਹੀਂ ਜ਼ਾਹਰ ਕੀਤੀ ਗਈ।