ਯੂਰੋਪੀਅਨ ਸੰਸਦ ਮੈਂਬਰਾਂ ਦੇ ਕਸ਼ਮੀਰ ਦੌਰੇ 'ਤੇ ਭਖੀ ਸਿਆਸਤ, ਵਿਰੋਧੀਆਂ ਚੁੱਕੇ ਸਵਾਲ
ਇਸ ਫੇਰੀ ਨੂੰ ਲੈ ਕੇ ਵਿਵਾਦ ਵੀ ਖੜਾ ਹੋ ਗਿਆ ਹੈ। ਇਕ ਰਿਪੋਰਟ ਦੇ ਅਨੁਸਾਰ, ਨਵੀਂ ਦਿੱਲੀ ਵਿੱਚ ਯੂਰੋਪੀਅਨ ਯੂਨੀਅਨ ਸੰਘ ਦੇ ਸੂਤਰਾਂ ਨੇ ਕਿਹਾ ਕਿ ਇਹ ਯੂਰੋਪੀਅਨ ਯੂਨੀਅਨ ਦਾ ਅਧਿਕਾਰਿਤ ਵਫਦ ਨਹੀਂ ਹੈ, ਬਲਕਿ ਆਪਣੀ ਨਿੱਜੀ ਸਮਰੱਥਾ ਵਿੱਚ ਯਾਤਰਾ ਕਰ ਰਿਹਾ ਹੈ।
ਨਵੀਂ ਦਿੱਲੀ: ਯੂਰੋਪੀਅਨ ਸੰਸਦ ਦੇ 27 ਮੈਂਬਰਾਂ ਦਾ ਇਕ ਵਫ਼ਦ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦਾ ਦੌਰਾ ਕਰ ਰਿਹਾ ਹੈ। ਇਨ੍ਹਾਂ ਮੈਂਬਰਾਂ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੁਆਰਾ ਵੱਖਰੇ ਤੌਰ 'ਤੇ ਇਸ ਦੀ ਜਾਣਕਾਰੀ ਦਿੱਤੀ ਗਈ। ਹਾਲਾਂਕਿ ਇਸ ਫੇਰੀ ਨੂੰ ਲੈ ਕੇ ਵਿਵਾਦ ਵੀ ਖੜਾ ਹੋ ਗਿਆ ਹੈ। ਇਕ ਰਿਪੋਰਟ ਦੇ ਅਨੁਸਾਰ, ਨਵੀਂ ਦਿੱਲੀ ਵਿੱਚ ਯੂਰੋਪੀਅਨ ਯੂਨੀਅਨ ਸੰਘ ਦੇ ਸੂਤਰਾਂ ਨੇ ਕਿਹਾ ਕਿ ਇਹ ਯੂਰੋਪੀਅਨ ਯੂਨੀਅਨ ਦਾ ਅਧਿਕਾਰਿਤ ਵਫਦ ਨਹੀਂ ਹੈ, ਬਲਕਿ ਆਪਣੀ ਨਿੱਜੀ ਸਮਰੱਥਾ ਵਿੱਚ ਯਾਤਰਾ ਕਰ ਰਿਹਾ ਹੈ।
ਇਸ ਦੌਰਾਨ ਵਿਰੋਧੀ ਪਾਰਟੀਆਂ ਨੇ ਇਸ ਦੌਰੇ ‘ਤੇ ਸਵਾਲ ਖੜੇ ਕੀਤੇ ਹਨ ਕਿ ਉਨ੍ਹਾਂ ਨੂੰ ਕਸ਼ਮੀਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਤੇ ਸ੍ਰੀਨਗਰ ਹਵਾਈ ਅੱਡੇ ਤੋਂ ਹੀ ਵਾਪਸ ਭੇਜ ਦਿੱਤਾ ਗਿਆ ਸੀ। ਕਾਂਗਰਸ ਲੀਡਰ ਆਨੰਦ ਸ਼ਰਮਾ ਨੇ ਕਿਹਾ, 'ਇਹ ਭਾਰਤੀ ਸੰਸਦ ਦਾ ਅਪਮਾਨ ਹੈ ਅਤੇ ਸਾਡੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਹੈ। ਜਦੋਂ ਅਸੀਂ ਇਕ ਸਰਬ ਪਾਰਟੀ ਵਫ਼ਦ ਦੇ ਤੌਰ 'ਤੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਤੇ ਸੰਸਦ ਮੈਂਬਰਾਂ ਨਾਲ ਸ੍ਰੀਨਗਰ ਗਏ ਸੀ, ਤਾਂ ਸਾਨੂੰ ਏਅਰਪੋਰਟ 'ਤੇ ਹੀ ਨਜ਼ਰਬੰਦ ਕਰ ਦਿੱਤਾ ਗਿਆ ਤੇ ਇਥੋਂ ਤਕ ਕਿ ਬਾਹਰ ਜਾਣ ਜਾਂ ਕਿਸੇ ਕਸ਼ਮੀਰੀ ਨੂੰ ਮਿਲਣ ਦੀ ਵੀ ਇਜਾਜ਼ਤ ਨਹੀਂ ਦਿੱਤੀ ਗਈ ਸੀ।'
ਉਨ੍ਹਾਂ ਕਿਹਾ, 'ਸਾਡੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ ਤੇ ਅੱਜ ਤੱਕ ਸਰਕਾਰ ਨੇ ਸੰਸਦ ਨੂੰ ਸੂਚਿਤ ਨਹੀਂ ਕੀਤਾ ਹੈ। ਇਥੋਂ ਤਕ ਕਿ ਗ੍ਰਹਿ ਮਾਮਲਿਆਂ ਬਾਰੇ ਸੰਸਦੀ ਸਥਾਈ ਕਮੇਟੀ ਨੂੰ ਵੀ ਅੱਜ ਤੱਕ ਨਹੀਂ ਦੱਸਿਆ ਗਿਆ ਹੈ। ਪਰ ਸਰਕਾਰ ਯੂਰੋਪੀਅਨ ਯੂਨੀਅਨ ਦੇ ਸੰਸਦ ਮੈਂਬਰਾਂ ਨੂੰ ਬ੍ਰੀਫਿੰਗ ਕਰਨਾ ਪਸੰਦ ਕਰਦੀ ਹੈ।' ਇਸ ਤੋਂ ਪਹਿਲਾਂ ਇੱਕ ਯੂਐਸ ਕਾਂਗਰਸ ਦੇ ਮੈਂਬਰ ਨੇ ਇਲਜ਼ਾਮ ਲਾਇਆ ਸੀ ਕਿ ਭਾਰਤ ਸਰਕਾਰ ਨੇ ਉਸ ਨੂੰ ਕਸ਼ਮੀਰ ਦਾ ਦੌਰਾ ਨਹੀਂ ਕਰਨ ਦਿੱਤਾ।
ਬੀਜੇਪੀ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਵੀ ਇਸ ਫੇਰੀ ਲਈ ਸਰਕਾਰ ‘ਤੇ ਹਮਲਾ ਬੋਲਿਆ ਹੈ। ਸਵਾਮੀ ਨੇ ਟਵੀਟ ਕੀਤਾ, 'ਮੈਂ ਹੈਰਾਨ ਹਾਂ ਕਿ ਗ੍ਰਹਿ ਮੰਤਰਾਲੇ ਨੇ ਯੂਰੋਪੀਅਨ ਯੂਨੀਅਨ ਦੇ ਸੰਸਦ ਮੈਂਬਰਾਂ ਨੂੰ ਜੰਮੂ-ਕਸ਼ਮੀਰ ਦੇ ਕਸ਼ਮੀਰ ਖੇਤਰ ਦਾ ਦੌਰਾ ਕਰਨ ਦਾ ਪ੍ਰਬੰਧ ਕੀਤਾ ਹੈ। ਇਹ ਸਾਡੀ ਰਾਸ਼ਟਰੀ ਨੀਤੀ ਦੇ ਵਿਰੁੱਧ ਹੈ। ਮੈਂ ਸਰਕਾਰ ਨੂੰ ਇਸ ਨੂੰ ਰੱਦ ਕਰਨ ਦੀ ਅਪੀਲ ਕਰਦਾ ਹਾਂ। ਕਿਉਂਕਿ ਇਹ ਯਾਤਰਾ ਅਨੈਤਿਕ ਹੈ।'