ਕਿਸਾਨਾਂ ਨੇ ਵਿਖਾਇਆ ਮੋਦੀ ਸਰਕਾਰ ਨੂੰ ਟ੍ਰੇਲਰ, ਬੀਜੇਪੀ ਫਿਕਰਮੰਦ, ਆਖਰ ਫਿਲਮ ਕਿਹੋ ਜਿਹੀ ਹੋਏਗੀ?
ਸਰਕਾਰ ਵੀ ਚੱਕਾ ਜਾਮ ਬਾਰੇ ਰਿਪੋਰਟਾਂ ਦਾ ਅਧਿਐਨ ਕਰ ਰਹੀ ਹੈ। ਬੀਜੇਪੀ ਦੇ ਆਪਣੇ ਲੀਡਰਾਂ ਦਾ ਮੰਨਣਾ ਹੈ ਕਿ ਕਿਸਾਨ ਅੰਦੋਲਨ ਹੁਣ ਦੇਸ਼ ਭਰ ਵਿੱਚ ਫੈਲ ਰਿਹਾ ਹੈ।
ਨਵੀਂ ਦਿੱਲੀ: ਛੇ ਫਰਵਰੀ ਨੂੰ ਦੇਸ਼ ਵਿਆਪੀ ਚੱਕਾ ਜਾਮ ਦੀ ਸਫਲਤਾ ਨੇ ਕਿਸਾਨ ਲੀਡਰਾਂ ਦੇ ਹੌਸਲੇ ਬੁਲੰਦ ਕਰ ਦਿੱਤੇ ਹਨ। 26 ਜਨਵਰੀ ਨੂੰ ਲਾਲ ਕਿਲੇ ਦੀ ਘਟਨਾ ਮਗਰੋਂ ਕਿਸਾਨਾਂ ਦਾ ਇਹ ਪਹਿਲਾ ਐਕਸ਼ਨ ਸੀ। ਕਿਸਾਨ ਲੀਡਰਾਂ ਨੇ ਜਾਣਬੁੱਝ ਕੇ ਸਿਰਫ ਤਿੰਨ ਘੰਟੇ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਸੀ। ਇਸ ਨਾਲ ਉਹ ਦੂਜੇ ਰਾਜਾਂ ਵਿੱਚ ਅੰਦੋਲਨ ਦੇ ਅਸਰ ਦਾ ਅੰਦਾਜਾ ਲਾਉਣਾ ਚਾਹੁੰਦੇ ਸੀ।
ਉਧਰ, ਸਰਕਾਰ ਵੀ ਚੱਕਾ ਜਾਮ ਬਾਰੇ ਰਿਪੋਰਟਾਂ ਦਾ ਅਧਿਐਨ ਕਰ ਰਹੀ ਹੈ। ਬੀਜੇਪੀ ਦੇ ਆਪਣੇ ਲੀਡਰਾਂ ਦਾ ਮੰਨਣਾ ਹੈ ਕਿ ਕਿਸਾਨ ਅੰਦੋਲਨ ਹੁਣ ਦੇਸ਼ ਭਰ ਵਿੱਚ ਫੈਲ ਰਿਹਾ ਹੈ। ਇਸ ਨਾਲ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਕਿਸਾਨਾਂ ਨੇ ਸਰਕਾਰ ਨੂੰ ਇਹ ਤਿੰਨ ਘੰਟਿਆਂ ਦਾ ਟ੍ਰੇਲਰ ਵਿਖਾਇਆ ਹੈ ਜਿਸ ਨੂੰ ਵੇਖ ਬੀਜੇਪੀ ਸੋਚ-ਵਿਚਾਰ ਕਰ ਰਹੀ ਹੈ ਕਿ ਅੰਦੋਲਨ ਦੇਸ਼ ਵਿਆਪੀ ਹੋਣ ਨਾਲ ਆਖਰ ਹੁਣ ਫਿਲਮ ਕਿਵੇਂ ਦੀ ਹੋਵੇਗਾ।
ਸੂਤਰਾਂ ਮੁਤਾਬਕ ਦੇਸ਼ ਭਰ ਵਿੱਚੋਂ ਚੱਕਾ ਜਾਮ ਦੀਆਂ ਰਿਪੋਰਟਾਂ ਨੇ ਕਿਸਾਨ ਲੀਡਰਾਂ ਦੇ ਹੌਸਲੇ ਮੁੜ ਸੱਤਵੇਂ ਆਸਮਾਨ 'ਤੇ ਪਹੁੰਚਾ ਦਿੱਤੇ ਹਨ। ਹੁਣ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਰਣਨੀਤੀ ਉਲੀਕਣਗੇ। ਕੱਲ੍ਹ ਦੇ ਐਕਸ਼ਨ ਨੂੰ ਵੇਖਦਿਆਂ ਹੀ ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਤਾਂ ਸਰਕਾਰ ਨੂੰ ਦੋ ਅਕਤੂਬਰ ਤੱਕ ਦਾ ਅਲਟੀਮੇਟਮ ਦੇ ਦਿੱਤਾ ਹੈ। ਉਨ੍ਹਾਂ ਐਲਾਨ ਕੀਤਾ ਹੈ ਕਿ ਦੋ ਅਕਤੂਬਰ ਤੱਕ ਧਰਨੇ ਜਾਰੀ ਰਹਿਣਗੇ। ਇਸ ਮਗਰੋਂ ਵੀ ਜੇਕਰ ਸਰਕਾਰ ਨੇ ਗੱਲ਼ ਨਾ ਮੰਨੀ ਤਾਂ ਵੱਡਾ ਐਕਸ਼ਨ ਹੋਏਗਾ।
ਕਿਸਾਨ ਲੀਡਰ ਦਰਸ਼ਨਪਾਲ ਨੇ ਦੱਸਿਆ ਕਿ ਖੇਤੀ ਕਾਨੂੰਨ ਰੱਦ ਕਰਵਾਉਣ ਤੇ ਹੋਰ ਹੱਕੀ ਮੰਗਾਂ ਮਨਵਾਉਣ ਲਈ ਤਿੰਨ ਘੰਟਿਆਂ ਲਈ ਦੇਸ਼ ਭਰ ’ਚ ‘ਚੱਕਾ ਜਾਮ’ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਕੇਰਲਾ, ਆਂਧਰਾ ਪ੍ਰਦੇਸ਼, ਗੁਜਰਾਤ, ਕਰਨਾਟਕ, ਅਸਾਮ, ਤਿਲੰਗਾਨਾ, ਮਹਾਰਾਸ਼ਟਰ, ਹਿਮਾਚਲ ਪ੍ਰਦੇਸ਼, ਤ੍ਰਿਪੁਰਾ ਤੇ ਹੋਰ ਰਾਜਾਂ ਵਿੱਚ ਕਿਸਾਨਾਂ ਨੇ ਕੌਮੀ ਤੇ ਰਾਜਮਾਰਗਾਂ ਉਪਰ ਸ਼ਾਂਤਮਈ ਧਰਨੇ ਦੇ ਕੇ ਕੇਂਦਰ ’ਤੇ ਖੇਤੀ ਕਾਨੂੰਨ ਵਾਪਸ ਲੈਣ ਦਾ ਦਬਾਅ ਬਣਾਇਆ।
ਕਿਸਾਨ ਲੀਡਰਾਂ ਨੇ ਦੱਸਿਆ ਕਿ ਦਿੱਲੀ, ਉੱਤਰ ਪ੍ਰਦੇਸ਼ ਤੇ ਉੱਤਰਾਖੰਡ ’ਚ ਚੱਕਾ ਜਾਮ ਦਾ ਐਲਾਨ ਨਹੀਂ ਕੀਤਾ ਗਿਆ ਸੀ ਪਰ ਇਨ੍ਹਾਂ ਸੂਬਿਆਂ ਨੂੰ ਜਾਂਦੇ ਮੁੱਖ ਮਾਰਗਾਂ ’ਤੇ ਰਾਹ ਰੋਕੇ ਗਏ। ਕਿਸਾਨਾਂ ਦੇ ਇਸ ਐਕਸ਼ਨ ਤੋਂ ਸਰਕਾਰ ਇੰਨੀ ਡਰੀ ਸੀ ਕਿ ਦਿੱਲੀ-ਐਨਸੀਆਰ ਵਿੱਚ 50 ਹਜ਼ਾਰ ਤੋਂ ਵੱਧ ਪੁਲਿਸ ਤੇ ਅਰਧ ਸੈਨਿਕ ਬਲਾਂ ਨੂੰ ਨਾਜ਼ੁਕ ਕਰਾਰ ਦਿੱਤੀਆਂ ਗਈ ਥਾਵਾਂ ਉਪਰ ਤਾਇਨਾਤ ਕੀਤਾ ਗਿਆ ਸੀ। ਇਹਤਿਆਤ ਵਜੋਂ 10 ਮੈਟਰੋ ਸਟੇਸ਼ਨਾਂ ਨੂੰ ਵੀ ਬੰਦ ਰੱਖਿਆ ਗਿਆ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ