ਚੰਡੀਗੜ੍ਹ: ਕੋਰੋਨਾ ਦੇ ਕਹਿਰ 'ਚ ਦਿੱਲੀ ਦੀਆਂ ਹੱਦਾਂ ਤੋਂ ਕਿਸਾਨਾਂ ਨੂੰ ਉਠਾਉਣ ਲਈ ਚਰਚਾ ਵਿੱਚ ਆਇਆ ਕੇਂਦਰ ਸਰਕਾਰ ਦਾ 'ਆਪ੍ਰੇਸ਼ਨ ਕਲੀਨ' ਫੇਲ੍ਹ ਹੁੰਦਾ ਨਜ਼ਰ ਆ ਰਿਹਾ ਹੈ। ਮੀਡੀਆ ਵਿੱਚ 'ਆਪ੍ਰੇਸ਼ਨ ਕਲੀਨ' ਦੀਆਂ ਰਿਪੋਰਟਾਂ ਮਗਰੋਂ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਵਿੱਚੋਂ ਵੱਡੀ ਗਿਣਤੀ ਕਿਸਾਨ ਮੁੜ ਦਿੱਲੀ ਦੇ ਬਾਰਡਰਾਂ 'ਤੇ ਜਾ ਡਟੇ ਹਨ। ਪਿਛਲੇ ਦੋ-ਤਿੰਨ ਦਿਨਾਂ ਤੋਂ ਟਿੱਕਰੀ ਤੇ ਸਿੰਘੂ ਬਾਰਡਰ ਉੱਪਰ ਕਿਸਾਨਾਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ।
ਦਰਅਸਲ ਕੋਰੋਨਾ ਕਰਕੇ ਕਿਸਾਨਾਂ ਦੇ ਧਰਨੇ ਖਤਮ ਕਰਨ ਬਾਰੇ ਮੀਡੀਆ ਰਿਪੋਰਟਾਂ ਮਗਰੋਂ ਸੰਯੁਕਤ ਕਿਸਾਨ ਮੋਰਚਾ ਨੇ ਕਿਸਾਨਾਂ ਨੂੰ ਮੁੜ ਧਰਨਿਆਂ ਵਿੱਚ ਪਹੁੰਚਣ ਦੀ ਅਪੀਲ ਕੀਤੀ ਸੀ। ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਸੀ ਕਿ ਸਰਕਾਰ ਕੋਰੋਨਾ ਦੀ ਆੜ ਵਿੱਚ ਧੱਕੇ ਨਾਲ ਧਰਨੇ ਉਠਾ ਸਕਦੀ ਹੈ। ਇਸ ਲਈ ਜਿਹੜੇ ਕਿਸਾਨਾਂ ਨੇ ਕਣਕ ਦੀ ਫਸਲ ਸਾਂਭ ਲਈ ਹੈ, ਉਹ ਤੁਰੰਤ ਮੋਰਚਿਆਂ ਉੱਪਰ ਪਹੁੰਚਣ।
ਸੰਯੁਕਤ ਕਿਸਾਨ ਮੋਰਚਾ ਦੀ ਇੱਕੋ ਆਵਾਜ਼ ’ਤੇ ਪੰਜਾਬ ਦੇ ਕਿਸਾਨ ਹਾੜ੍ਹੀ ਦੀ ਫਸਲ ਅੱਧ ਵਿਚਾਲੇ ਛੱਡ ਕੇ ਮੁੜ ਦਿੱਲੀ ਦੇ ਰਾਹ ਪੈ ਗਏ। ਕੋਈ ਕੰਬਾਈਨ ਖੇਤਾਂ ’ਚ ਛੱਡ ਦਿੱਲੀ ਵੱਲ ਤੁਰ ਪਿਆ ਹੈ ਜਦਕਿ ਬਹੁਤੇ ਕਿਸਾਨ ਮੰਡੀਆਂ ’ਚ ਕਣਕ ਛੱਡ ਆਪ ਦਿੱਲੀ ਆ ਬੈਠੇ ਹਨ। ਕੇਂਦਰ ਸਰਕਾਰ ਵੱਲੋਂ ਜਦੋਂ ‘ਅਪਰੇਸ਼ਨ ਕਲੀਨ’ ਦਾ ਖ਼ੌਫ ਦਿਖਾਇਆ ਗਿਆ ਤਾਂ ਸਮੁੱਚਾ ਪੰਜਾਬ ਮੁੜ ਪੱਬਾਂ ਭਾਰ ਹੋ ਗਿਆ। ਅਪਰੇਸ਼ਨ ਕਲੀਨ ਨੂੰ ਟੱਕਰ ਦੇਣ ਲਈ ਪਿੰਡਾਂ ’ਚ ਨਵੀਂ ਲਹਿਰ ਖੜ੍ਹੀ ਹੋ ਗਈ ਹੈ।
ਇਹੋ ਮਾਹੌਲ ਹਰਿਆਣਾ ਤੇ ਉੱਤਰ ਪ੍ਰਦੇਸ਼ ਵਿੱਚ ਵੇਖਿਆ ਜਾ ਰਿਹਾ ਹੈ। ਖਾਪ ਪੰਚਾਇਤਾਂ ਨੇ ਐਲਾਨ ਕੀਤਾ ਹੈ ਕਿ ਧਰਨਿਆਂ ਵਿੱਚ ਡਟ ਜਾਓ। ਸਰਕਾਰ ਦੀ ਸਖਤੀ ਕਿਸੇ ਕੀਮਤ ਉੱਪਰ ਨਹੀਂ ਚੱਲ਼ਣ ਦਿੱਤੀ ਜਾਵੇਗੀ। ਹਰਿਆਣਾ ਦੇ ਕਿਸਾਨ ਵੀ ਮੋਰਚਿਆਂ ਵਿੱਚ ਪਹੁੰਚ ਰਹੇ ਹਨ। ਕਿਸਾਨਾਂ ਦੀ ਹਿੱਲਜੁੱਲ ਮਗਰੋਂ ਕੇਂਦਰ ਤੇ ਹਰਿਆਣਾ ਸਰਕਾਰ ਠੰਢੀ ਪੈ ਗਈ ਹੈ।
ਦਰਅਸਲ ਕਣਕ ਦੀ ਵਾਢੀ ਕਰਕੇ ਵੱਡੀ ਗਿਣਤੀ ਕਿਸਾਨ ਦਿੱਲੀ ਦੇ ਮੋਰਚਿਆਂ ਤੋਂ ਪਰਤ ਗਏ ਸੀ। ਅਜਿਹੇ ਵਿੱਚ ਕੇਂਦਰ ਸਰਕਾਰ ਨੇ ਕੋਰੋਨਾ ਦਾ ਹਵਾਲਾ ਦੇ ਕੇ ਧਰਨੇ ਚੁਕਾਉਣ ਦੀ ਯੋਜਨਾ ਬਣਾਈ ਸੀ। ਇਹ ਜ਼ਿੰਮੇਵਾਰੀ ਹਰਿਆਣਾ ਸਰਕਾਰ ਨੂੰ ਸੌਂਪੀ ਗਈ ਸੀ। ਉਂਝ ਸੂਤਰਾਂ ਦਾ ਕਹਿਣਾ ਸੀ ਕਿ ਸਰਕਾਰ ਪਹਿਲਾਂ ਕਿਸਾਨਾਂ ਨਾਲ ਸਖਤੀ ਨਹੀਂ ਵਰਤੇਗੀ ਸਗੋਂ ਸਮਝਾ ਕੇ ਧਰਨੇ ਚੁਕਾਏਗੀ। ਜੇਕਰ ਕਿਸਾਨ ਨਾ ਮੰਨੇ ਤਾਂ ਅਰਧ ਸੈਨਿਕ ਬਲਾਂ ਦੀ ਸਹਾਇਤਾ ਨਾਲ ਧਰਨੇ ਚੁਕਾਏ ਜਾਣਗੇ।
ਬੇਸ਼ੱਕ ਸਰਕਾਰ ਦੇ ਕਿਸੇ ਅਧਿਕਾਰੀ ਨੇ 'ਆਪ੍ਰੇਸ਼ਨ ਕਲੀਨ' ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਸੀ ਪਰ ਮੀਡੀਆ ਰਿਪੋਰਟਾਂ ਮਗਰੋਂ ਹੀ ਕਿਸਾਨ ਹਰਕਤ ਵਿੱਚ ਆ ਗਏ। ਮੰਨਿਆ ਜਾ ਰਿਹਾ ਹੈ ਕਿ ਅਗਲੇ ਦਿਨਾਂ ਵਿੱਚ ਦਿੱਲੀ ਮੋਰਚਿਆਂ ਵਿੱਚ ਮੁੜ ਵੱਡੀ ਗਿਣਤੀ ਕਿਸਾਨ ਪਹੁੰਚ ਜਾਣਗੇ, ਜਿਸ ਕਰਕੇ ਸਰਕਾਰ ਕਿਸਾਨਾਂ ਨੂੰ ਨਹੀਂ ਉਠਾ ਸਕੇਗੀ।
ਇਹ ਵੀ ਪੜ੍ਹੋ: Panchkula: ਕੋਰੋਨਾ ਪੌਜ਼ੇਟਿਵ ਦੇ ਡਰੋਂ 19 ਸਾਲਾ ਲੜਕੇ ਨੇ ਕੀਤੀ ਖੁਦਕੁਸ਼ੀ, ਮਾਪੇ ਸੀ ਕੋਰੋਨਾ ਪੌਜ਼ੇਟਿਵ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:https://play.google.com/store/apps/details?id=com.winit.starnews.hinhttps://apps.apple.com/in/app/abp-live-news/id811114904