(Source: ECI/ABP News)
ਕਿਸਾਨ ਅੰਦੋਲਨ ਨੂੰ ਵੱਡਾ ਹੁਲਾਰਾ! ਦੇਸ਼ ਭਰ ਦੀਆਂ 1500 ਕਿਸਾਨ ਯੂਨੀਅਨਾਂ ਇੱਕਜੁੱਟ
ਕਿਸਾਨ ਲੀਡਰਾਂ ਮੁਤਾਬਕ 26 ਤੇ 27 ਅਗਸਤ ਨੂੰ ਸਿੰਘੂ ਬਾਰਡਰ ’ਤੇ ਮੋਰਚਾ ਦੀ ਰਾਸ਼ਟਰੀ ਕਾਨਫਰੰਸ ਲਈ ਡੈਲੀਗੇਸ਼ਨ ਰਜਿਸਟਰਡ ਕੀਤੇ ਜਾ ਰਹੇ ਹਨ।

ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਡਟੇ ਕਿਸਾਨਾਂ ਨੇ ਸੰਘਰਸ਼ ਨੂੰ ਤੇਜ਼ ਕਰਨ ਲਈ ਵੱਡੀ ਰਣਨੀਤੀ ਉਲੀਕੀ ਹੈ। ਕਿਸਾਨਾਂ ਨੇ ਦੇਸ਼ ਭਰ ਦੀਆਂ 1500 ਕਿਸਾਨ ਯੂਨੀਅਨਾਂ ਨੂੰ ਇੱਕਜੁੱਟ ਕਰਨ ਦੀ ਕਵਾਇਦ ਵਿੱਢੀ ਹੈ। ਕਿਸਾਨ ਲੀਡਰਾਂ ਨੇ ਦਾਅਵਾ ਕੀਤਾ ਹੈ ਕਿ ਦੇਸ਼ ਭਰ ਤੋਂ 1500 ਕਿਸਾਨ ਯੂਨੀਅਨਾਂ ਦੇ ਨੁਮਾਇੰਦੇ ਕਿਸਾਨ ਅੰਦੋਲਨ ਦੀਆਂ ਭਵਿੱਖੀ ਰਣਨੀਤੀ ਬਾਰੇ ਚਰਚਾ ਲਈ 26 ਤੇ 27 ਅਗਸਤ ਨੂੰ ਕੌਮੀ ਕਨਵੈਨਸ਼ਨ ’ਚ ਸ਼ਾਮਲ ਹੋਣਗੇ।
ਦੱਸ ਦਈਏ ਕਿ ਦਿੱਲੀ ਦੇ ਸਿੰਘੂ ਬਾਰਡਰ ’ਤੇ ਇਹ ਦੋ ਦਿਨਾਂ ਕਨਵੈਨਸ਼ਨ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਦੇ 9 ਮਹੀਨੇ ਪੂਰੇ ਹੋਣ ਮੌਕੇ ਕੀਤੀ ਜਾ ਰਹੀ ਹੈ। ਕਿਸਾਨ ਲੀਡਰ ਅਭਿਮੰਨਿਊ ਕੋਹਾੜ ਨੇ ਦੱਸਿਆ ਕਿ ਦੇਸ਼ ਭਰ ਤੋਂ 1500 ਕਿਸਾਨ ਯੂਨੀਅਨਾਂ ਦੇ ਨੁਮਾਇੰਦੇ ਸਾਡੇ ਕਿਸਾਨ ਅੰਦੋਲਨ ਨੂੰ ਹੋਰ ਮਘਾਉਣ ਲਈ ਰਣਨੀਤੀ ’ਤੇ ਚਰਚਾ ਵਾਸਤੇ ਦੋ ਦਿਨ ਸਿੰਘੂ ਬਾਰਡਰ ’ਤੇ ਇਕੱਠੇ ਹੋਣਗੇ।
ਉਨ੍ਹਾਂ ਕਿਹਾ ਕਿ ਕਨਵੈਨਸ਼ਨ ਦਾ ਮਕਸਦ ਦੇਸ਼ ਦੇ ਕਿਸਾਨਾਂ ਨੂੰ ਇਕੱਠੇ ਕਰਨਾ ਹੈ, ਇਸ ਲਈ ਅੰਦੋਲਨ ਨੂੰ ਅੱਗੇ ਲਿਜਾਣ ਵਾਸਤੇ ਹਰ ਕਿਸੇ ਨੂੰ ਫ਼ੈਸਲੇ ਲੈਣ ’ਚ ਸ਼ਾਮਲ ਹੋਣਾ ਚਾਹੀਦਾ ਹੈ। ਕੋਹਾੜ ਨੇ ਕਿਹਾ, ‘ਅਸੀਂ ਨੌਂ ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਹਾਂ। ਇਹ ਕੋਈ ਥੋੜ੍ਹਾ ਸਮਾਂ ਨਹੀਂ। ਅਸੀਂ ਹਰ ਕਿਸੇ ਨੂੰ ਸ਼ਾਮਲ ਕਰਨਾ ਚਾਹੁੰਦੇ ਹਾਂ, ਉੱਤਰ, ਦੱਖਣ, ਪੂਰਬ ਤੇ ਪੱਛਮ ਤੋਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ...ਹਰ ਕੋਈ ਇੱਥੇ ਹੋਵੇਗਾ।’
ਕਿਸਾਨ ਲੀਡਰਾਂ ਮੁਤਾਬਕ 26 ਤੇ 27 ਅਗਸਤ ਨੂੰ ਸਿੰਘੂ ਬਾਰਡਰ ’ਤੇ ਮੋਰਚਾ ਦੀ ਰਾਸ਼ਟਰੀ ਕਾਨਫਰੰਸ ਲਈ ਡੈਲੀਗੇਸ਼ਨ ਰਜਿਸਟਰਡ ਕੀਤੇ ਜਾ ਰਹੇ ਹਨ। ਕਾਨਫਰੰਸ ਦੀ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਕਾਨਫਰੰਸ ਦੇ 5 ਸੈਸ਼ਨ ਹੋਣਗੇ, 26 ਅਗਸਤ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ, ਦੁਪਹਿਰ 2 ਵਜੇ ਤੋਂ 3.30 ਵਜੇ ਤੇ ਸ਼ਾਮ 3.45 ਵਜੇ ਤੋਂ ਸ਼ਾਮ 6 ਵਜੇ ਤੱਕ, ਉਦਯੋਗਿਕ ਕਾਮਿਆਂ ਦਾ ਸੈਸ਼ਨ ਤੇ ਖੇਤੀਬਾੜੀ ਕਿਰਤ, ਪੇਂਡੂ ਗਰੀਬ ਤੇ ਆਦਿਵਾਸੀ ਲੋਕਾਂ ਦਾ ਸੈਸ਼ਨ ਹੋਵੇਗਾ।
27 ਅਗਸਤ ਨੂੰ 2 ਸੈਸ਼ਨ ਹੋਣਗੇ, ਪਹਿਲਾ ਸਵੇਰੇ 9.30 ਵਜੇ ਤੋਂ ਦੁਪਹਿਰ 12 ਵਜੇ ਤੱਕ ਔਰਤਾਂ, ਵਿਦਿਆਰਥੀਆਂ, ਨੌਜਵਾਨਾਂ ਤੇ ਹੋਰ ਕਿਰਤੀ ਵਰਗਾਂ ਨਾਲ ਸਬੰਧਤ ਤੇ ਆਖਰੀ ਸਮਾਪਤੀ ਸੈਸ਼ਨ ਦੁਪਹਿਰ 12 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗਾ। ਲਗਪਗ 1500 ਡੈਲੀਗੇਟ ਕਾਨਫਰੰਸ ਵਿੱਚ ਹਿੱਸਾ ਲੈਣਗੇ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
