ਖੇਤੀ ਕਾਨੂੰਨਾਂ ਖਿਲਾਫ ਰੇਲ ਰੋਕੋ ਅਭਿਆਨ ਅੱਜ, ਰੇਲਵੇ ਨੇ ਖਿੱਚੀ ਤਿਆਰੀ
ਕਿਸਾਨ ਜਥੇਬੰਦੀਆਂ ਵੱਲੋਂ ਚਾਰ ਘੰਟੇ ਲਈ ਰੇਲ ਰੋਕੋ ਅਭਿਆਨ ਚਲਾਇਆ ਜਾਵੇਗਾ। ਕਿਸਾਨਾਂ ਦੇ ਇਸ ਅੰਦੋਲਨ ਨੂੰ ਦੇਖਦਿਆਂ ਰੇਲਵੇ ਨੇ ਸੁਰੱਖਿਆ ਵਿਵਸਥਾ ਵਧਾ ਦਿੱਤੀ ਹੈ। ਕਿਸੇ ਵੀ ਅਣਹੋਣੀ ਦੇ ਖਦਸ਼ੇ ਨੂੰ ਦੇਖਦਿਆਂ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ।
ਨਵੀਂ ਦਿੱਲੀ: ਖੇਤੀ ਕਾਨੂੰਨਾਂ ਨੂੰ ਲੈਕੇ ਸਰਕਾਰ ਤੇ ਅੰਦੋਲਨਕਾਰੀ ਕਿਸਾਨਾਂ ਦੇ ਵਿਚ ਖਿੱਚੋਤਾਣ ਬਰਕਰਾਰ ਹੈ। ਇਕ ਪਾਸੇ ਕਿਸਾਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ 'ਤੇ ਡਟੇ ਹੋਏ ਹਨ ਤੇ ਦੂਜੇ ਪਾਸੇ ਸਰਕਾਰ ਸੋਧ ਦੀ ਗੱਲ ਕਰ ਰਹੀ ਹੈ। ਆਪਣੀਆਂ ਮੰਗਾਂ ਨਾ ਪੂਰਾ ਹੁੰਦਿਆਂ ਦੇਖ ਕਿਸਾਨ ਹੁਣ ਹੋਰ ਰੋਹ 'ਚ ਦਿਖਾਈ ਦੇ ਰਹੇ ਹਨ। ਇਸ ਦਰਮਿਆਨ ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਸਾਡਾ ਸੰਘਰਸ਼ ਹੋਰ ਤੇਜ਼ ਹੋਵੇਗਾ। ਇਸ ਤਹਿਤ ਅੱਜ ਕਿਸਾਨਾਂ ਵੱਲੋਂ ਦੇਸ਼ਭਰ 'ਚ ਰੇਲ ਰੋਕੋ ਅਭਿਆਨ ਦਾ ਐਲਾਨ ਕੀਤਾ ਗਿਆ ਹੈ।
ਕਿਸਾਨ ਜਥੇਬੰਦੀਆਂ ਵੱਲੋਂ ਚਾਰ ਘੰਟੇ ਲਈ ਰੇਲ ਰੋਕੋ ਅਭਿਆਨ ਚਲਾਇਆ ਜਾਵੇਗਾ। ਕਿਸਾਨਾਂ ਦੇ ਇਸ ਅੰਦੋਲਨ ਨੂੰ ਦੇਖਦਿਆਂ ਰੇਲਵੇ ਨੇ ਸੁਰੱਖਿਆ ਵਿਵਸਥਾ ਵਧਾ ਦਿੱਤੀ ਹੈ। ਕਿਸੇ ਵੀ ਅਣਹੋਣੀ ਦੇ ਖਦਸ਼ੇ ਨੂੰ ਦੇਖਦਿਆਂ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ।
ਰੇਲ ਰੋਕੋ ਅਭਿਆਨ ਦੁਪਹਿਰ 12 ਵਜੇ ਤੋਂ ਲੈਕੇ ਸ਼ਾਮ ਦੇ 4 ਵਜੇ ਤਕ ਚਲਾਇਆ ਜਾਵੇਗਾ। ਰੇਲਵੇ ਵੱਲੋਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਪੱਛਮੀ ਬੰਗਾਲ 'ਤੇ ਵਿਸ਼ੇਸ਼ ਧਿਆਨ ਕੇਂਦਰਤ ਕਰਦਿਆਂ 20 ਵਾਧੂ ਕੰਪਨੀਆਂ ਤਾਇਨਾਤ ਕੀਤੀਆਂ ਹਨ।
ਸੰਯੁਕਤ ਕਿਸਾਨ ਮੋਰਚਾ ਨੇ ਕਿਹਾ, '18 ਫਰਵਰੀ ਨੂੰ ਦੇਸ਼ ਭਰ 'ਚ ਰੇਲ ਰੋਕੋ ਅਭਿਆਨ 'ਚ ਸਾਰਿਆਂ ਨੂੰ ਸ਼ਾਂਤਮਈ ਪ੍ਰਦਰਸ਼ਨ ਦੀ ਅਪੀਲ ਕੀਤੀ ਗਈ ਹੈ। ਦੁਪਹਿਰ 12 ਤੋ 4 ਵਜੇ ਤਕ ਰੇਲ ਰੋਕਣ ਦਾ ਪ੍ਰੋਗਰਾਮ ਹੈ। ਜਿਸ 'ਚ ਦੇਸ਼ਭਰ ਤੋਂ ਸਮਰਥਨ ਦੀ ਉਮੀਦ ਹੈ।'
ਰੇਲਵੇ ਸੁਰੱਖਿਆ ਬਲ ਦੇ ਮਹਾਂਨਿਰਦੇਸ਼ਕ ਨੇ ਕਿਹਾ, 'ਮੈਂ ਸਾਰਿਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਾ ਹਾਂ। ਅਸੀਂ ਜ਼ਿਲ੍ਹਾ ਪ੍ਰਸ਼ਾਸਨਾਂ ਦੇ ਨਾਲ ਸੰਪਰਕ ਬਣਾਈ ਰੱਖਾਂਗੇ ਤੇ ਕੰਟਰੋਲ ਰੂਮ ਬਣਾਵਾਂਗੇ।'