8 ਮਾਰਚ ਨੂੰ ਕਿਸਾਨ ਅੰਦੋਲਨ 'ਚ ਔਰਤਾਂ ਰਚਣਗੀਆਂ ਇਤਿਹਾਸ, ਰਣਨੀਤੀ ਤੈਅ
ਦਿੱਲੀ ਮੋਰਚਿਆਂ 'ਤੇ ਅਤੇ ਪੰਜਾਬ ਭਰ 'ਚ ਕਰੀਬ 68 ਥਾਵਾਂ(ਟੋਲ-ਪਲਾਜ਼ਿਆਂ, ਰਿਲਾਇੰਸ-ਪੰਪਾਂ, ਰੇਲਵੇ-ਪਾਰਕਾਂ) 'ਤੇ ਚਲਦੇ ਪੱਕੇ-ਧਰਨਿਆਂ 'ਚ 8 ਮਾਰਚ ਨੂੰ ਮਨਾਇਆ ਜਾਣ ਵਾਲਾ 'ਕੌਮਾਂਤਰੀ ਇਸਤਰੀ ਦਿਵਸ' ਮੌਕੇ ਔਰਤਾਂ ਦੀ ਗਿਣਤੀ ਇਤਿਹਾਸਕ ਹੋਵੇਗਾ, ਜਿਸ 'ਚ ਕਿਸਾਨ- ਔਰਤਾਂ ਵੱਡੀ ਸ਼ਮੂਲੀਅਤ ਕਰਨਗੀਆਂ।
ਚੰਡੀਗੜ੍ਹ: ਪੰਜਾਬ ਅਤੇ ਦਿੱਲੀ 'ਚ ਚੱਲਦੇ ਕਿਸਾਨ-ਮੋਰਚਿਆਂ 'ਚ 8 ਮਾਰਚ ਨੂੰ 'ਕੌਮਾਂਤਰੀ ਔਰਤ ਦਿਵਸ' ਮੌਕੇ ਕਿਸਾਨ-ਔਰਤਾਂ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਨਗੀਆਂ। ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਪਿੰਡਾਂ 'ਚ ਨੁੱਕੜ-ਮੀਟਿੰਗਾਂ ਰਾਹੀਂ ਔਰਤ ਲੀਡਰਾਂ ਵੱਲੋਂ ਇਸ ਦਿਨ ਦੇ ਇਤਿਹਾਸਕ ਮਹੱਤਵ ਸਬੰਧੀ ਜਾਣੂ ਕਰਵਾਇਆ ਜਾ ਰਿਹਾ ਹੈ।
ਦਿੱਲੀ ਮੋਰਚਿਆਂ 'ਤੇ ਅਤੇ ਪੰਜਾਬ ਭਰ 'ਚ ਕਰੀਬ 68 ਥਾਵਾਂ(ਟੋਲ-ਪਲਾਜ਼ਿਆਂ, ਰਿਲਾਇੰਸ-ਪੰਪਾਂ, ਰੇਲਵੇ-ਪਾਰਕਾਂ) 'ਤੇ ਚਲਦੇ ਪੱਕੇ-ਧਰਨਿਆਂ 'ਚ 8 ਮਾਰਚ ਨੂੰ ਮਨਾਇਆ ਜਾਣ ਵਾਲਾ 'ਕੌਮਾਂਤਰੀ ਇਸਤਰੀ ਦਿਵਸ' ਮੌਕੇ ਔਰਤਾਂ ਦੀ ਗਿਣਤੀ ਇਤਿਹਾਸਕ ਹੋਵੇਗਾ, ਜਿਸ 'ਚ ਕਿਸਾਨ- ਔਰਤਾਂ ਵੱਡੀ ਸ਼ਮੂਲੀਅਤ ਕਰਨਗੀਆਂ।
ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਕੇਂਦਰ-ਸਰਕਾਰ ਨੇ ਕਿਸਾਨ-ਅੰਦੋਲਨ ਪ੍ਰਤੀ ਬੇਰੁਖੀ ਧਾਰੀ ਹੋਈ ਹੈ। ਸਰਕਾਰ ਵੱਲੋਂ ਜਥੇਬੰਦੀਆਂ ਦੀਆਂ ਮੰਗਾਂ 'ਤੇ ਗੌਰ ਕਰਨ ਦੀ ਬਜਾਏ, ਕਿਸਾਨਾਂ ਦਾ ਸਮਰਥਨ ਕਰਨ ਵਾਲੇ ਲੋਕਾਂ ਨੂੰ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਹੈ। ਪਰ ਕਿਸਾਨ-ਜਥੇਬੰਦੀਆਂ ਅਜਿਹਾ ਬਿਲਕੁਲ ਬਰਦਾਸ਼ਤ ਨਹੀਂ ਕਰਨਗੀਆਂ, ਜਥੇਬੰਦੀਆਂ ਕਿਸਾਨਾਂ ਦੀ ਆਵਾਜ਼ ਉਠਾਉਣ ਵਾਲੇ ਲੋਕਾਂ ਦੇ ਨਾਲ ਡਟਕੇ ਖੜ੍ਹਨਗੀਆਂ ਅਤੇ ਜ਼ਬਰ ਦਾ ਡਟਵਾਂ ਰੋਧ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਹੀ ਨਹੀਂ, ਸਗੋਂ ਦੇਸ਼ ਭਰ ਦੇ ਕਿਸਾਨ ਸਮਝਦੇ ਹਨ ਕਿ ਤਿੰਨ ਖੇਤੀ ਕਾਨੂੰਨ ਅਤੇ ਬਿਜਲੀ ਬਿੱਲ-2019 ਸਮੇਤ ਪਰਾਲੀ ਆਰਡੀਨੈਂਸ ਕਿਸਾਨਾਂ ਲਈ ਘਾਤਕ ਹਨ। ਇਹ ਕਾਨੂੰਨ ਉਨ੍ਹਾਂ ਦੀ ਜ਼ਿੰਦਗੀ ਨੂੰ ਹਨੇਰੀ ਗੁਫਾ ਵੱਲ ਧੱਕ ਦੇਣਗੇ। ਇਹ ਸੰਘਰਸ਼ ਉਹਨਾਂ ਦੇ ਬੱਚਿਆਂ ਦੇ ਭਵਿੱਖ ਦਾ ਸੁਆਲ ਬਣਿਆ ਹੋਇਆ ਹੈ, ਇਸ ਲਈ ਇਨ੍ਹਾਂ ਕਾਨੂੰਨਾਂ ਦਾ ਰੱਦ ਹੋਣਾ ਜਰੂਰੀ ਹੈ। ਦਿੱਲੀ ਦੇ ਕਿਸਾਨ-ਮੋਰਚੇ ਸਾਡੀਆਂ ਪੀੜ੍ਹੀਆਂ ਭਵਿੱਖ ਤੈਅ ਕਰਨਗੇ। ਇਸ ਲਈ ਸਾਡਾ ਸਾਰਿਆਂ ਦਾ ਯਤਨ ਹੋਣਾ ਚਾਹੀਦਾ ਹੈ ਕਿ ਹਰ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਨੂੰ ਹੋਰ ਮਜ਼ਬੂਤ ਕਰੀਏ। ਸੰਯੁਕਤ ਕਿਸਾਨ ਮੋਰਚੇ ਵੱਲੋਂ 6 ਮਾਰਚ ਨੂੰ ਦਿੱਲੀ ਦਾ ਕੇਐਮਪੀ ਦਾ ਜਾਮ ਵੀ ਹਰ ਹਾਲਤ 'ਚ ਸਫਲ ਹੋਵੇਗਾ।