ਬਾਰਸ਼ ਨੇ ਮਚਾਈ ਮੁੜ ਤਬਾਹੀ, 105 ਮੌਤਾਂ, ਹਜ਼ਾਰਾਂ ਏਕੜ ਫਸਲ ਤਬਾਹ
ਭਾਰੀ ਬਾਰਸ਼ ਕਰਕੇ ਹੁਣ ਤਕ 105 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਲਾਪਤਾ ਦੱਸੇ ਜਾ ਰਹੇ ਹਨ। ਮੱਧ ਪ੍ਰਦੇਸ਼ ਦੇ 52 ਜ਼ਿਲ੍ਹਿਆਂ ਵਿੱਚੋਂ 34 ਜ਼ਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਮੀਂਹ ਕਾਰਨ ਕਈ ਮਕਾਨ ਢਹਿ ਗਏ। ਮਕਾਨ ਡਿੱਗਣ ਦੀਆਂ ਘਟਨਾਵਾਂ ਵਿੱਚ 20 ਤੋਂ ਵੱਧ ਲੋਕ ਜ਼ਖਮੀ ਹੋਏ ਹਨ।
ਭੋਪਾਲ: ਮੱਧ ਪ੍ਰਦੇਸ਼ ਸਣੇ ਉੱਤਰ ਭਾਰਤ ਦੇ ਕਈ ਹਿੱਸਿਆਂ ਵਿੱਚ ਮੀਂਹ ਪੈਣ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਭਾਰੀ ਬਾਰਸ਼ ਕਰਕੇ ਹੁਣ ਤਕ 105 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਲਾਪਤਾ ਦੱਸੇ ਜਾ ਰਹੇ ਹਨ। ਮੱਧ ਪ੍ਰਦੇਸ਼ ਦੇ 52 ਜ਼ਿਲ੍ਹਿਆਂ ਵਿੱਚੋਂ 34 ਜ਼ਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਮੀਂਹ ਕਾਰਨ ਕਈ ਮਕਾਨ ਢਹਿ ਗਏ। ਮਕਾਨ ਡਿੱਗਣ ਦੀਆਂ ਘਟਨਾਵਾਂ ਵਿੱਚ 20 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਸੂਬੇ ਦੇ ਮਾਲਵਾ ਤੇ ਬੁੰਦੇਲਖੰਡ ਇਲਾਕੇ ਵਿੱਚ ਬਾਰਸ਼ ਲਗਾਤਾਰ ਜਾਰੀ ਹੈ। ਮੀਂਹ ਕਾਰਨ ਪਸ਼ੂ ਵੀ ਮਰ ਰਹੇ ਹਨ।
ਇਸ ਨੁਕਸਾਨ ਤੋਂ ਇਲਾਵਾ ਮੀਂਹ ਨਾਲ ਸੈਂਕੜੇ ਹੈਕਟੇਅਰ ਫਸਲ ਵੀ ਤਬਾਹ ਹੋ ਗਈ ਹੈ। ਸ਼ਾਜਾਪੁਰ ਵਿੱਚ 500 ਹੈਕਟੇਅਰ, ਸੀਹੋੜ ਵਿੱਚ 96, ਬਰਵਾਨੀ ਵਿੱਚ 40, ਮੰਦਸੌਰ ਵਿੱਚ 470, ਮੁਰੈਨਾ ਵਿੱਚ 155, ਝਾਬੂਆ ਵਿੱਚ 163 ਤੇ ਵਿਦਿਸ਼ਾ ਵਿੱਚ 140 ਹੈਕਟੇਅਰ ਰਕਬੇ ਵਿੱਚ ਲੱਗੀ ਫਸਲ ਮੀਂਹ ਦੀ ਭੇਟ ਚੜ੍ਹ ਗਈ। ਮੁੱਢਲੇ ਅਨੁਮਾਨਾਂ ਮੁਤਾਬਕ ਹੜ੍ਹਾਂ ਤੇ ਮੀਂਹ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ
ਇਸ ਤੋਂ ਇਲਾਵਾ ਰਾਜਸਥਾਨ ਵਿੱਚ ਵੀ ਪਿਛਲੇ 24 ਘੰਟਿਆਂ ਵਿੱਚ ਪੂਰਬੀ ਹਿੱਸਿਆਂ ਵਿੱਚ ਇੱਕ-ਦੋ ਥਾਵਾਂ 'ਤੇ ਭਾਰੀ ਬਾਰਸ਼ ਹੋਈ। ਕਈਂ ਥਾਵਾਂ ਤੇ ਹਲਕੇ ਤੋਂ ਦਰਮਿਆਨੀ ਬਾਰਸ਼ ਹੋਈ। ਪੱਛਮੀ ਹਿੱਸਿਆਂ ਵਿੱਚ ਵੀ ਇੱਕ-ਦੋ ਥਾਵਾਂ 'ਤੇ ਹਲਕੀ ਬਾਰਸ਼ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਸੂਬੇ ਦੇ ਪੂਰਬੀ ਹਿੱਸਿਆਂ ਵਿੱਚ ਕਈ ਥਾਵਾਂ ਤੇ ਪੱਛਮੀ ਹਿੱਸਿਆਂ ਵਿੱਚ ਕੁਝ ਥਾਵਾਂ 'ਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।