ਸਿੱਖਾਂ ਬਾਰੇ ਵਿਵਾਦਤ ਟਿੱਪਣੀਆਂ ਕਰਕੇ ਕਸੂਤੇ ਘਿਰੇ ਗੁਨੀ ਪ੍ਰਕਾਸ਼, ਸਿੱਖ ਸੰਗਤ ਵੱਲੋਂ 24 ਘੰਟੇ ਦਾ ਅਲਟੀਮੇਟਮ
ਸਿਰਸਾ ਨੇ ਕਿਹਾ ਕਿ ਚੜੂਨੀ ਖ਼ਿਲਾਫ਼ ਗੁਨੀ ਪ੍ਰਕਾਸ਼ ਨੇ ਜੋ ਘਟੀਆ ਕਿਸਮ ਦੀ ਬਿਆਨਬਾਜ਼ੀ ਕੀਤੀ ਹੈ, ਉਸ ਦੀ ਉਹ ਸਖ਼ਤ ਨਿਖੇਧੀ ਕਰਦੇ ਹਨ।
ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ ਹਰਿਆਣਾ (ਮਾਨ ਗਰੁੱਪ) ਦੇ ਸੂਬਾਈ ਪ੍ਰਧਾਨ ਗੁਨੀ ਪ੍ਰਕਾਸ਼ ਦੀਆਂ ਸਿੱਖਾਂ ਬਾਰੇ ਵਿਵਾਦਤ ਟਿੱਪਣੀਆਂ ਦਾ ਮਾਮਲਾ ਭਖ ਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਫਿਰਕੂਵਾਦੀ ਸੋਚ ਦੇ ਮਾਲਕ ਗੁਨੀ ਪ੍ਰਕਾਸ਼ ਵੱਲੋਂ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਖ਼ਿਲਾਫ਼ ਕੀਤੀਆਂ ਗਈਆਂ ਟਿੱਪਣੀਆਂ ਲਈ ਕਮੇਟੀ ਉਸ ਖ਼ਿਲਾਫ਼ ਕੇਸ ਦਰਜ ਕਰਵਾਏਗੀ।
ਸਿਰਸਾ ਨੇ ਕਿਹਾ, "ਉਸ ਨੂੰ ਜੇਲ੍ਹ ਵੀ ਛੱਡ ਕੇ ਆਵਾਂਗੇ ਤੇ ਐਸਾ ਸਬਕ ਸਿਖਾਵਾਂਗੇ ਕਿ ਉਸ ਦੀਆਂ ਪੁਸ਼ਤਾਂ ਵੀ ਯਾਦ ਰੱਖਣਗੀਆਂ।" ਸਿਰਸਾ ਨੇ ਕਿਹਾ ਕਿ ਚੜੂਨੀ ਖ਼ਿਲਾਫ਼ ਗੁਨੀ ਪ੍ਰਕਾਸ਼ ਨੇ ਜੋ ਘਟੀਆ ਕਿਸਮ ਦੀ ਬਿਆਨਬਾਜ਼ੀ ਕੀਤੀ ਹੈ, ਉਸ ਦੀ ਉਹ ਸਖ਼ਤ ਨਿਖੇਧੀ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਨਸਲੀ ਟਿੱਪਣੀ ਅਚਾਨਕ ਹੀ ਨਹੀਂ ਕੀਤੀ ਗਈ ਬਲਕਿ ਇੱਕ ਗਿਣੀ-ਮਿੱਥੀ ਸਾਜਿਸ਼ ਤਹਿਤ ਅਜਿਹਾ ਬਿਆਨ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਇਸ ਬਿਆਨ ਵਿਰੁੱਧ ਕੇਸ ਦਰਜ ਕਰਵਾਇਆ ਜਾਵੇਗਾ। ਸਿਰਸਾ ਨੇ ਕਿਹਾ ਕਿ ਇਹ ਬਿਆਨ ਹਿੰਦੂ ਤੇ ਸਿੱਖਾਂ ਅੰਦਰ ਪਾੜਾ ਪਾਉਣ ਦੇ ਮਨਸ਼ੇ ਨਾਲ ਉਸੇ ਤਰੀਕੇ ਦਿੱਤਾ ਗਿਆ ਹੈ ਜਿਵੇਂ ਕਿ 26 ਜਨਵਰੀ ਦੇ ਸੰਘਰਸ਼ ਨੂੰ ਸਰਕਾਰ ਨੇ ਸਿਰਫ ਸਿੱਖਾਂ ਦਾ ਸੰਘਰਸ਼ ਦੱਸ ਕੇ ਸਿੱਖਾਂ ਦੀ ਦੁਨੀਆਂ ਭਰ ਵਿੱਚ ਬਦਨਾਮੀ ਕਰਨ ਦੀ ਕੋਸ਼ਿਸ਼ ਕੀਤੀ ਸੀ।
ਦੱਸ ਦਈਏ ਕਿ ਭਾਰਤੀ ਕਿਸਾਨ ਯੂਨੀਅਨ ਹਰਿਆਣਾ (ਮਾਨ ਗਰੁੱਪ) ਦੇ ਸੂਬਾਈ ਪ੍ਰਧਾਨ ਗੁਨੀ ਪ੍ਰਕਾਸ਼ ਵੱਲੋਂ ਸਿੱਖ ਸਮਾਜ ਵਿਰੁੱਧ ਕਥਿਤ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ ਹਨ। ਗੁਨੀ ਪ੍ਰਕਾਸ਼ ਵੀਰਵਾਰ ਨੂੰ ਮੰਗ ਪੱਤਰ ਦੇਣ ਲਈ ਮਿਨੀ ਸਕੱਤਰੇਤ ਕੁਰੂਕਸ਼ੇਤਰ ਆਏ ਸਨ, ਜਿੱਥੇ ਉਨ੍ਹਾਂ ਨੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਮੰਗ ਪੱਤਰ ਸੌਂਪਦਿਆਂ ਸਿੱਖ ਸਮਾਜ ਵਿਰੁੱਧ ਅਪਸ਼ਬਦਾਂ ਦੀ ਵਰਤੋਂ ਕੀਤੀ।
ਇਸ ਬਾਰੇ ਸਿੱਖ ਪਰਿਵਾਰ ਹਰਿਆਣਾ ਦੇ ਸੂਬਾਈ ਪ੍ਰਧਾਨ ਕਵਲਜੀਤ ਸਿੰਘ ਅਜਰਾਣਾ ਨੇ ਪ੍ਰੈੱਸ ਕਾਨਫਰੰਸ ਕਰਕੇ ਗੁਨੀ ਪ੍ਰਕਾਸ਼ ‘ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਿੱਖ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਗੁਨੀ ਪ੍ਰਕਾਸ਼ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।
ਇੰਨਾ ਹੀ ਨਹੀਂ, ਉਨ੍ਹਾਂ ਨੇ ਗੁਨੀ ਪ੍ਰਕਾਸ਼ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਹ 24 ਘੰਟਿਆਂ ਦੇ ਅੰਦਰ-ਅੰਦਰ ਆਪਣੇ ਵਤੀਰੇ ਲਈ ਸਿੱਖ ਸਮਾਜ ਤੋਂ ਮੁਆਫੀ ਨਹੀਂ ਮੰਗਦਾ, ਤਾਂ ਸਿੱਖ ਸਮਾਜ 24 ਜੁਲਾਈ ਨੂੰ ਸਵੇਰੇ 10 ਵਜੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀ ਵਿਖੇ ਇਕੱਤਰ ਹੋਏਗਾ ਤੇ ਉਸ ਦੇ ਖਿਲਾਫ ਅਗਲੀ ਸਖਤ ਕਾਰਵਾਈ ਬਾਰੇ ਫੈਸਲਾ ਲਏਗਾ।
ਇਸ ਦੇ ਨਾਲ ਹੀ ਕਵਲਜੀਤ ਸਿੰਘ ਅਜਰਾਨਾ ਨੇ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦੇ ਜਥੇਦਾਰ ਹਰਪ੍ਰੀਤ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੀ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਸਾਰੀ ਘਟਨਾ ਦੀ ਵੀਡੀਓ ਤੇ ਪੱਤਰ ਭੇਜ ਕੇ ਗੁਨੀ ਪ੍ਰਕਾਸ਼ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।