ਹਿਮਾਚਲ 'ਚ ਕੁਦਰਤ ਦਾ ਕਹਿਰ, 24 ਘੰਟਿਆਂ 'ਚ ਡੇਢ ਦਰਜਨ ਮੌਤਾਂ, ਆਵਾਜਾਈ ਠੱਪ, ਕਰੋੜਾਂ ਦਾ ਨੁਕਸਾਨ
ਜ਼ਮੀਨ ਖਿਸਕਣ ਕਾਰਨ 828 ਸੜਕਾਂ, 4686 ਪਾਵਰ ਟਰਾਂਸਫਾਰਮਰ ਤੇ 785 ਪਾਣੀ ਦੀਆਂ ਸਕੀਮਾਂ ਬੰਦ ਹੋ ਗਈਆਂ ਹਨ। ਇਸ ਤੋਂ ਇਲਾਵਾ 1007 ਬੱਸਾਂ ਦੇ ਰੂਟ ਰੱਦ ਕਰ ਦਿੱਤੇ ਗਏ ਹਨ। ਰਾਜਧਾਨੀ ਸ਼ਿਮਲਾ ਸਮੇਤ ਸੂਬੇ ਦੇ ਸਾਰੇ ਜ਼ਿਲ੍ਹਿਆਂ 'ਚ ਸੋਮਵਾਰ ਤੜਕੇ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ।
Flood in Himachal Pardesh: ਹਿਮਾਚਲ ਪ੍ਰਦੇਸ਼ 'ਚ ਕੁਦਰਤ ਦਾ ਕਹਿਰ ਵਰ੍ਹ ਰਿਹਾ ਹੈ। ਪਿਛਲੇ 24 ਘੰਟਿਆਂ 'ਚ ਡੇਢ ਦਰਜਨ ਮੌਤਾਂ ਤੇ ਕਰੋੜਾਂ ਦਾ ਨੁਕਸਾਨ ਹੋ ਗਿਆ ਹੈ। ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਤੀਜੇ ਦਿਨ ਵੀ ਭਾਰੀ ਮੀਂਹ ਜਾਰੀ ਹੈ। ਸੂਬੇ 'ਚ ਭਾਰੀ ਮੀਂਹ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਸੂਬੇ ਦੇ ਛੇ ਜ਼ਿਲ੍ਹਿਆਂ 'ਚ ਹੜ੍ਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਹਿਮਾਚਲ ਵਿੱਚ ਮੀਂਹ ਨੇ ਕਈ ਰਿਕਾਰਡ ਤੋੜ ਦਿੱਤੇ ਹਨ। ਮਨਾਲੀ, ਸੋਲਨ ਤੇ ਰੋਹੜੂ ਵਿੱਚ ਮੀਂਹ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ।
ਹਾਸਲ ਜਾਣਕਾਰੀ ਮੁਤਾਬਕ ਜ਼ਮੀਨ ਖਿਸਕਣ ਕਾਰਨ 828 ਸੜਕਾਂ, 4686 ਪਾਵਰ ਟਰਾਂਸਫਾਰਮਰ ਤੇ 785 ਪਾਣੀ ਦੀਆਂ ਸਕੀਮਾਂ ਬੰਦ ਹੋ ਗਈਆਂ ਹਨ। ਇਸ ਤੋਂ ਇਲਾਵਾ 1007 ਬੱਸਾਂ ਦੇ ਰੂਟ ਰੱਦ ਕਰ ਦਿੱਤੇ ਗਏ ਹਨ। ਰਾਜਧਾਨੀ ਸ਼ਿਮਲਾ ਸਮੇਤ ਸੂਬੇ ਦੇ ਸਾਰੇ ਜ਼ਿਲ੍ਹਿਆਂ 'ਚ ਸੋਮਵਾਰ ਤੜਕੇ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ। ਇਸ ਦਾ ਅਸਰ ਆਮ ਜਨਜੀਵਨ 'ਤੇ ਦੇਖਣ ਨੂੰ ਮਿਲਿਆ ਹੈ। ਭਾਰੀ ਮੀਂਹ ਦੇ ਮੱਦੇਨਜ਼ਰ ਸਰਕਾਰ ਨੇ ਅੱਜ ਤੇ ਭਲਕੇ ਸਾਰੇ ਵਿਦਿਅਕ ਅਦਾਰਿਆਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਹਿਮਾਚਲ ਹਾਈ ਕੋਰਟ ਤੇ ਸਾਰੀਆਂ ਜ਼ਿਲ੍ਹਾ ਅਦਾਲਤਾਂ ਵਿੱਚ ਵੀ ਅੱਜ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਸੂਬਾ ਸਰਕਾਰ ਨੇ ਆਫ਼ਤ ਨਾਲ ਨਜਿੱਠਣ ਲਈ ਸਾਰੇ ਵਿਭਾਗਾਂ ਨੂੰ ਅਲਰਟ ਕਰ ਦਿੱਤਾ ਹੈ। ਕੁਦਰਤੀ ਆਫ਼ਤ ਦੀ ਸਥਿਤੀ ਵਿੱਚ, ਸਾਰੇ 12 ਜ਼ਿਲ੍ਹਿਆਂ ਵਿੱਚ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ। ਸਟੇਟ ਡਿਜ਼ਾਸਟਰ ਕੰਟਰੋਲ ਰੂਮ ਦੇ ਟੋਲ ਫਰੀ ਨੰਬਰ 1070 ਤੇ 1077 'ਤੇ ਕਿਸੇ ਵੀ ਤਰ੍ਹਾਂ ਦੀ ਆਫ਼ਤ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਛੇ ਜ਼ਿਲ੍ਹਿਆਂ ਚੰਬਾ, ਕੁੱਲੂ, ਸ਼ਿਮਲਾ, ਸਿਰਮੌਰ, ਸੋਲਨ ਤੇ ਮੰਡੀ ਵਿੱਚ ਹੜ੍ਹ ਦੀ ਚੇਤਾਵਨੀ ਦਿੱਤੀ ਗਈ ਹੈ। ਜੁਲਾਈ ਮਹੀਨੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਮਨਾਲੀ, ਸੋਲਨ ਤੇ ਰੋਹੜੂ ਵਿੱਚ ਬਾਰਿਸ਼ ਨੇ ਰਿਕਾਰਡ ਤੋੜ ਦਿੱਤੇ ਹਨ।
ਇਸ ਦੌਰਾਨ ਸੂਬੇ ਭਰ ਵਿੱਚ ਭਾਰੀ ਮੀਂਹ ਕਾਰਨ ਹੋਏ ਨੁਕਸਾਨ ਦੇ ਮੱਦੇਨਜ਼ਰ ਆਫ਼ਤ ਪ੍ਰਬੰਧਨ ਵਿਭਾਗ ਤੋਂ ਲੈ ਕੇ ਐਨਡੀਆਰਐਫ ਤੱਕ ਦੀਆਂ ਟੀਮਾਂ ਵੀ ਚੌਕਸ ਹਨ। ਲਗਾਤਾਰ ਹੋ ਰਹੀ ਬਾਰਸ਼ ਕਾਰਨ ਨਦੀਆਂ-ਨਾਲਿਆਂ 'ਚ ਉਛਾਲ ਹੈ। ਮੰਡੀ ਜ਼ਿਲ੍ਹੇ ਦੇ ਨਗਵਾਈ ਵਿਖੇ ਬੀਤੀ ਰਾਤ ਛੇ ਸੈਲਾਨੀ ਬਿਆਸ ਦਰਿਆ ਦੇ ਕੰਢੇ ਫਸ ਗਏ। NDRF ਦੀ ਟੀਮ ਨੇ ਬਚਾਅ ਮੁਹਿੰਮ ਚਲਾਈ ਤੇ ਸਾਰੇ ਸੈਲਾਨੀਆਂ ਨੂੰ ਬਚਾਇਆ। ਬਚਾਏ ਗਏ ਸੈਲਾਨੀਆਂ ਵਿੱਚ ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਦੇ ਅਜੈ ਸ਼ਰਮਾ, ਅਰੁਣ ਸ਼ਰਮਾ, ਮਨੀਸ਼ ਸ਼ਰਮਾ ਤੇ ਰੋਸ਼ਨ ਲਾਲ ਤੇ ਅਸਾਮ ਦੇ ਅਨੁਜ ਤੇ ਵਿਸ਼ਨੂੰ ਸ਼ਾਮਲ ਹਨ।
ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਸੂਬੇ ਵਿੱਚ ਆਵਾਜਾਈ, ਬਿਜਲੀ ਤੇ ਪੀਣ ਵਾਲੇ ਪਾਣੀ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦੀ ਰਿਪੋਰਟ ਅਨੁਸਾਰ ਸੋਮਵਾਰ ਸਵੇਰ ਤੱਕ ਸੂਬੇ ਭਰ ਵਿੱਚ 828 ਸੜਕਾਂ, 4686 ਬਿਜਲੀ ਟਰਾਂਸਫਾਰਮਰ ਤੇ 785 ਜਲ ਸਕੀਮਾਂ ਬੰਦ ਪਈਆਂ ਹਨ। ਮੰਡੀ, ਕੁੱਲੂ ਤੇ ਸਿਰਮੌਰ ਜ਼ਿਲ੍ਹਿਆਂ ਦੇ ਤਿੰਨ ਕੌਮੀ ਮਾਰਗ ਵੀ ਢਿੱਗਾਂ ਡਿੱਗਣ ਕਾਰਨ ਬੰਦ ਹਨ।
ਮੰਡੀ ਜ਼ਿਲ੍ਹੇ ਵਿੱਚ 203, ਕੁੱਲੂ ਵਿੱਚ 164, ਸਿਰਮੌਰ ਵਿੱਚ 137, ਸ਼ਿਮਲਾ ਵਿੱਚ 122, ਲਾਹੌਲ-ਸਪੀਤੀ ਵਿੱਚ 88, ਸੋਲਨ ਵਿੱਚ 77, ਊਨਾ ਵਿੱਚ 14, ਬਿਲਾਸਪੁਰ ਵਿੱਚ 13 ਸੜਕਾਂ ਬੰਦ ਕੀਤੀਆਂ ਗਈਆਂ। ਕੁੱਲੂ ਜ਼ਿਲ੍ਹੇ ਵਿੱਚ 1849 ਟਰਾਂਸਫਾਰਮਰ ਫੇਲ ਹੋਣ ਕਾਰਨ ਬਿਜਲੀ ਗੁੱਲ ਹੋ ਗਈ ਹੈ।
ਸੋਲਨ ਵਿੱਚ 709, ਮੰਡੀ ਵਿੱਚ 643, ਸ਼ਿਮਲਾ ਵਿੱਚ 551, ਸਿਰਮੌਰ ਵਿੱਚ 473, ਲਾਹੌਲ-ਸਪੀਤੀ ਵਿੱਚ 272, ਊਨਾ ਵਿੱਚ 97 ਤੇ ਕਿਨੌਰ ਵਿੱਚ 89 ਟਰਾਂਸਫਾਰਮਰ ਬੰਦ ਪਏ ਹਨ। ਸ਼ਿਮਲਾ ਵਿੱਚ 484 ਜਲ ਯੋਜਨਾਵਾਂ ਦੇ ਬੰਦ ਹੋਣ ਕਾਰਨ ਜਲ ਸਪਲਾਈ ਪ੍ਰਭਾਵਿਤ ਹੋਈ ਹੈ। ਬਿਲਾਸਪੁਰ ਵਿੱਚ 87 ਤੇ ਮੰਡੀ ਵਿੱਚ 75 ਜਲ ਸਕੀਮਾਂ ਠੱਪ ਪਈਆਂ ਹਨ।
ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਬਿਲਾਸਪੁਰ ਜ਼ਿਲ੍ਹੇ ਦੇ ਨੈਣਾ ਦੇਵੀ ਵਿੱਚ ਸਭ ਤੋਂ ਵੱਧ 198 ਮਿਲੀਮੀਟਰ ਮੀਂਹ ਪਿਆ ਹੈ। ਇਸੇ ਤਰ੍ਹਾਂ ਧਰਮਸ਼ਾਲਾ ਵਿੱਚ 191 ਮਿਲੀਮੀਟਰ, ਡੇਹਰਾ ਗੋਪੀਪੁਰ ਵਿੱਚ 175, ਊਨਾ ਵਿੱਚ 169, ਸੋਲਨ ਵਿੱਚ 165, ਧੌਲਕੂਆਂ ਵਿੱਚ 161, ਰੋਹੜੂ ਵਿੱਚ 160, ਨਾਹਨ ਵਿੱਚ 138, ਮੰਡੀ ਵਿੱਚ 118 ਅਤੇ ਪਾਲਮਪੁਰ ਵਿੱਚ 105 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ