ਪੰਜਾਬ ਤੇ ਹਰਿਆਣਾ ਦੇਸ਼ ਦੇ ਪਹਿਲੇ 10 ‘ਇਨੋਵੇਟਿਵ’ ਰਾਜਾਂ ’ਚ ਸ਼ਾਮਲ
ਰਾਜਾਂ ਦੀ ਇਹ ਰੈਂਕਿੰਗ ਨੀਤੀ ਆਯੋਗ ਨੇ ‘ਇੰਡੀਆ ਇਨੋਵੇਟਿਵ ਇੰਡੈਕਸ 2020’ ਬਾਰੇ ਆਪਣੀ ਰਿਪੋਰਟ ’ਚ ਕੀਤੀ ਗਈ ਹੈ।
ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਦੇਸ਼ ਦੇ ਪਹਿਲੇ 10 ‘ਇਨੋਵੇਟਿਵ’ ਰਾਜਾਂ ’ਚ ਸ਼ਾਮਲ ਹਨ। ਇਸ ਮਾਮਲੇ ’ਚ ਹਰਿਆਣਾ 6ਵੇਂ ਸਥਾਨ ’ਤੇ ਹੈ ਤੇ ਪੰਜਾਬ 10ਵੇਂ ’ਤੇ। ਨਵੀਆਂ ਪਿਰਤਾਂ ਪਾਉਣ ’ਚ ਕਰਨਾਟਕ ਅੱਵਲ ਰਿਹਾ ਹੈ। ਰਾਜਾਂ ਦੀ ਇਹ ਰੈਂਕਿੰਗ ਨੀਤੀ ਆਯੋਗ ਨੇ ‘ਇੰਡੀਆ ਇਨੋਵੇਟਿਵ ਇੰਡੈਕਸ 2020’ ਬਾਰੇ ਆਪਣੀ ਰਿਪੋਰਟ ’ਚ ਕੀਤੀ ਗਈ ਹੈ।
ਨੀਤੀ ਆਯੋਗ ਦੇ ਵਾਈਸ ਚੇਅਰਮੈਨ ਰਾਜੀਵ ਕੁਮਾਰ ਨੇ ਆਯੋਗ ਦੇ ਮੈਂਬਰਾਂ ਵੀਕੇ ਪੌਲ (ਸਿਹਤ) ਤੇ ਰਮੇਸ਼ ਚੰਦ (ਖੇਤੀਬਾੜੀ) ਤੇ ਸੀਈਓ ਅਮਿਤਾਭ ਕਾਂਤ ਦੀ ਮੌਜੂਦਗੀ ’ਚ ਦੱਸਿਆ ਕਿ ਪਹਾੜੀ ਤੇ ਉੱਤਰ-ਪੂਰਬੀ ਰਾਜਾਂ ’ਚੋਂ ਹਿਮਾਚਲ ਪ੍ਰਦੇਸ਼ ਅੱਵਲ ਰਿਹਾ ਹੈ। ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਦੂਜੇ ਨੰਬਰ ਉੱਤੇ ਤੇ ਦਿੱਲੀ ਅੱਵਲ ਰਿਹਾ ਹੈ।
ਇਹ ਸੂਚਕ ਅੰਕ ਨਵੇਂ ਕਾਰੋਬਾਰ ਰਜਿਸਟਰ ਕਰਨ ਲਈ ਸੁਖਾਵਾਂ ਮਾਹੌਲ ਮੁਹੱਈਆ ਕਰਵਾਉਣ, ਪੇਟੈਂਟਸ ਲਈ ਅਰਜ਼ੀਆਂ ਦੇਣ, ਨਿਵੇਸ਼ ਕਰਨ, ਮਨੁੱਖੀ ਪੂੰਜੀ ਤੇ ਅਜਿਹੇ ਹੋਰ ਖੇਤਰਾਂ ’ਚ ਪਹਿਲਕਦਮੀਆਂ ਦੇ ਆਧਾਰ ਉੱਤੇ ਤਿਆਰ ਕੀਤਾ ਜਾਂਦਾ ਹੈ।
ਪਿਛਲੇ ਸਾਲ ਦੂਜੇ ਨੰਬਰ ਉੱਤੇ ਤਾਮਿਲਨਾਡੂ ਸੀ ਪਰ ਇਸ ਵਾਰ ਮਹਾਰਾਸ਼ਟਰ ਨੇ ਉਸ ਦਾ ਸਥਾਨ ਲੈ ਲਿਆ ਹੈ। ਤੇਲੰਗਾਨਾ ਚੌਥੇ, ਕੇਰਲ ਪੰਜਵੇਂ ਸਥਾਨ ਉੱਤੇ ਰਿਹਾ ਹੈ। ਬਿਹਾਰ ਸਭ ਤੋਂ ਫਾਡੀ ਰਿਹਾ ਹੈ। ਪਹਾੜੀ ਰਾਜਾਂ ’ਚ ਹਿਮਾਚਲ ਪ੍ਰਦੇਸ਼ ਤੋਂ ਬਾਅਦ ਉੱਤਰਾਖੰਡ, ਮਨੀਪੁਰ ਤੇ ਸਿੱਕਿਮ ਦੇ ਨੰਬਰ ਹਨ।
ਗੁਰੂਗ੍ਰਾਮ ਸਥਿਤ ਇੰਸਟੀਚਿਊਟ ਫ਼ਾਰ ਕੰਪੀਟੀਟਿਵਨੈੱਸ ਦੇ ਚੇਅਰਮੈਨ ਅਮਿਤ ਕਪੂਰ ਨੇ ਕਿਹਾ ਕਿ ਇਨੋਵੇਸ਼ਨ ਤੇ ਵਿਕਾਸ ਵਿਚਾਲੇ ਬਹੁਤ ਮਜ਼ਬੂਤ ਆਪਸੀ ਸਬੰਧ ਹੁੰਦਾ ਹੈ। ਰਾਜੀਵ ਕੁਮਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਪਹਿਲਾਂ ਹੀ ਸਪੱਸ਼ਟ ਆਖ ਚੁੱਕੇ ਹਨ ਕਿ ਇਨੋਵੇਸ਼ਨ ਤੇ ਟੈਕਨੋਲੋਜੀ ਹੀ ਭਾਰਤ ਦੀਆਂ ਸਾਰੀਆਂ ਚੁਣੌਤੀਆਂ ਦਾ ਹੱਲ ਲੱਭਣਗੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ