ਖੱਟਰ ਨੂੰ ਸਮਝ ਨਹੀਂ ਆਉਣਾ ਕਿਸਾਨਾਂ ਦਾ ਦਰਦ, ਕਦੇ ਕੀਤੀ ਨਹੀਂ ਖੇਤੀ: ਹਰਿਆਣਾ ਖਾਪ ਦਾ ਦਾਅਵਾ
ਅੰਤਿਲ ਖਾਪ ਦੇ ਪ੍ਰਧਾਨ ਹਵਾ ਸਿੰਘ ਅੰਤਿਲ ਨੇ ਦੱਸਿਆ ਕਿ ਅਸੀਂ ਅੱਜ ਕਿਸਾਨਾਂ ਨੂੰ ਸਮਰਥਨ ਦੇ ਦਿੱਤਾ ਤੇ ਜਦੋਂ ਤਕ ਸਰਕਾਰ ਸਾਡੀਆਂ ਗੱਲਾਂ ਨਹੀਂ ਮੰਨੇਗੀ ਉਦੋਂ ਤਕ ਅਸੀਂ ਬੈਠੇ ਨਹੀਂ ਰਹਾਂਗੇ।
ਦੇਸ਼ਭਰ ਦੇ ਕਿਸਾਨ ਲਗਾਤਾਰ ਤਿੰਨ ਖੇਤੀ ਕਾਨੂੰਨਾਂ 'ਤੇ ਆਪਣੀਆਂ ਮੰਗਾਂ ਨੂੰ ਲੈਕੇ ਸੜਕਾਂ 'ਤੇ ਅੰਦੋਲਨ ਕਰ ਰਹੇ ਹਨ ਤੇ ਸਰਕਾਰ ਦੇ ਨਾਲ ਵੀ ਕਿਸਾਨਾਂ ਦੀ ਗੱਲਬਾਤ ਚੱਲ ਰਹੀ ਹੈ। ਇਸ ਦਰਮਿਆਨ ਹਰਿਆਣਾ ਦੀਆਂ ਖਾਪ ਪੰਚਾਇਤਾਂ ਵੀ ਪੰਜਾਬ ਤੋਂ ਆਏ ਕਿਸਾਨਾਂ ਨੂੰ ਸਮਰਥਨ ਦੇ ਰਹੀਆਂ ਹਨ। ਅੱਜ ਅੰਤਿਲ ਖਾਪ ਨੇ ਇਸ ਅੰਦੋਲਨ 'ਚ ਹਿੱਸੇਦਾਰੀ ਵਧਾ ਦਿੱਤੀ ਹੈ। ਕਰੀਬ 40 ਟ੍ਰੈਕਟਰ-ਟਰਾਲੀਆਂ ਅੰਤਿਲ ਖਾਪ ਦੇ ਲੋਕ ਸਿੰਘੂ ਬਾਰਡਰ 'ਤੇ ਪਹੁੰਚ ਰਹੇ ਹਨ।
ਉਨ੍ਹਾਂ ਮਨੋਹਰ ਲਾਲ ਖੱਟਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮਨੋਹਰ ਲਾਲ ਖੱਟਰ ਕਿਸਾਨਾਂ ਦਾ ਦਰਦ ਸਮਝ ਨਹੀਂ ਸਕਦੇ ਕਿਉਂਕਿ ਉਨ੍ਹਾਂ ਅੱਜ ਤਕ ਖੇਤੀ ਕੀਤੀ ਹੀ ਨਹੀਂ।
ਉਨ੍ਹਾਂ ਕਿਹਾ ਅਸੀਂ 27 ਤਾਰੀਖ ਨੂੰ ਸਮਰਥਨ ਦੇ ਦਿੱਤਾ ਸੀ ਤੇ ਅੱਜ ਸਿੰਘੂ ਬਾਰਡਰ 'ਤੇ ਪਹੁੰਚ ਰਹੇ ਹਾਂ। ਸਾਡੀਆਂ ਮੰਗਾਂ ਹਨ ਕਿ ਕੇਂਦਰ ਸਰਕਾਰ ਵੱਲੋਂ ਜੋ ਕਾਲੇ ਕਾਨੂੰਨ ਬਣਾਏ ਗਏ ਹਨ ਉਹ ਵਾਪਸ ਲੈਣਾ ਤੇ ਜਦੋਂ ਤਕ ਸਰਕਾਰ ਵਾਪਸ ਨਹੀਂ ਲਵੇਗੀ ਉਦੋਂ ਤਕ ਅਸੀਂ ਪੰਜਾਬ ਦੇ ਕਿਸਾਨਾਂ ਨਾਲ ਬਾਰਡਰ 'ਤੇ ਬੈਠੇ ਰਹਾਂਗੇ।
ਖਾਪ ਪੰਚਾਇਤ ਨੇ ਕਿਹਾ ਕਿ ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣੇ ਪੈਣਗੇ। ਕਿਉਂਕਿ ਇਹ ਕਿਸਾਨਾਂ ਦੇ ਹੱਕ 'ਚ ਨਹੀਂ ਹਨ। ਇਨ੍ਹਾਂ 'ਚ ਕਿਤੇ ਵੀ ਕਿਸਾਨਾਂ ਦਾ ਹੱਕ ਨਜ਼ਰ ਨਹੀਂ ਆਉਂਦਾ। ਉਨ੍ਹਾਂ ਕਿਹਾ ਮੰਡੀਆਂ ਖਤਮ ਹੋ ਜਾਣਗੀਆਂ, ਮਹਿੰਗਾਈ ਤੇ ਬੇਰੋਜ਼ਗਾਰੀ ਵਧੇਗੀ। ਉਨ੍ਹਾਂ ਕਿਹਾ ਹਰਿਆਣਾ ਦੇ ਹਰ ਪਿੰਡ ਤੋਂ ਕਿਸਾਨ ਸਿੰਘੂ ਬਾਰਡਰ 'ਤੇ ਪਹੁੰਚਣਗੇ ਤੇ ਇਨ੍ਹਾਂ ਕਾਨੂੰਨਾਂ ਦਾ ਪੁਰਜ਼ੋਰ ਵਿਰੋਧ ਕੀਤਾ ਜਾਏਗਾ। ਉਨ੍ਹਾਂ ਕਿਹਾ ਅਸੀਂ ਕਾਨੂੰਨ ਵਾਪਸ ਕਰਵਾ ਕੇ ਹੀ ਦਮ ਲਵਾਂਗੇ ਨਹੀਂ ਤਾਂ ਦਿੱਲੀ ਦੇ ਚਾਰੇ ਪਾਸੇ ਤੋਂ ਰਾਹ ਬੰਦ ਕਰ ਦਿੱਤੇ ਜਾਣਗੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ