Haryana Election: ਹਰਿਆਣਾ 'ਚ ਵੋਟਿੰਗ ਦੌਰਾਨ ਭਾਜਪਾ ਦੀ ਵੱਡੀ ਕਾਰਵਾਈ, 4 ਵੱਡੇ ਲੀਡਰਾਂ ਨੂੰ ਕੱਢਿਆ ਪਾਰਟੀ ਚੋਂ ਬਾਹਰ, ਜਾਣੋ ਕਿਉਂ ਹੋਈ ਕਾਰਵਾਈ
Haryana Election 2024: ਹਰਿਆਣਾ 'ਚ ਅੱਜ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋ ਰਹੀ ਹੈ। ਇਸ ਦੌਰਾਨ ਭਾਜਪਾ ਨੇ ਵੱਡਾ ਕਦਮ ਚੁੱਕਦਿਆਂ ਸੰਸਦ ਮੈਂਬਰ ਨਵੀਨ ਜਿੰਦਲ ਦੀ ਮਾਂ ਸਾਵਿਤਰੀ ਜਿੰਦਲ ਨੂੰ ਪਾਰਟੀ 'ਚੋਂ ਕੱਢ ਦਿੱਤਾ ਹੈ।
Haryana Assembly Election 2024: ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਵਾਲੇ ਦਿਨ ਭਾਜਪਾ ਨੇ ਚਾਰ ਆਗੂਆਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਇਹ ਚਾਰੇ ਹਿਸਾਰ ਵਿਧਾਨ ਸਭਾ ਤੋਂ ਆਜ਼ਾਦ ਚੋਣ ਲੜ ਰਹੇ ਹਨ। ਭਾਜਪਾ ਦੇ ਕੁਰੂਕਸ਼ੇਤਰ ਦੇ ਸੰਸਦ ਮੈਂਬਰ ਨਵੀਨ ਜਿੰਦਲ ਦੀ ਮਾਂ ਸਾਵਿਤਰੀ ਜਿੰਦਲ ਵੀ ਪਾਰਟੀ ਵਿੱਚੋਂ ਕੱਢੇ ਗਏ ਆਗੂਆਂ ਵਿੱਚ ਸ਼ਾਮਲ ਹੈ। ਇਸ ਦੇ ਨਾਲ ਹੀ ਗੌਤਮ ਸਰਦਾਨਾ, ਤਰੁਣ ਜੈਨ ਅਤੇ ਅਮਿਤ ਗਰੋਵਰ ਨੂੰ ਵੀ ਪਾਰਟੀ 'ਚੋਂ ਕੱਢ ਦਿੱਤਾ ਗਿਆ ਹੈ। ਇਹ ਜਾਣਕਾਰੀ ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ ਵੱਲੋਂ ਪ੍ਰੈੱਸ ਨੋਟ ਜਾਰੀ ਕਰਕੇ ਦਿੱਤੀ ਗਈ ਹੈ।
ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ ਕਿ ਆਜ਼ਾਦ ਉਮੀਦਵਾਰ ਵਜੋਂ ਵਿਧਾਨ ਸਭਾ ਚੋਣ ਲੜ ਰਹੇ ਪਾਰਟੀ ਵਰਕਰਾਂ ਨੂੰ ਤੁਰੰਤ ਪ੍ਰਭਾਵ ਨਾਲ ਛੇ ਸਾਲਾਂ ਲਈ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ।
ਸਾਵਿਤਰੀ ਜਿੰਦਲ ਨੇ ਬਰਖਾਸਤਗੀ 'ਤੇ ਕੀ ਕਿਹਾ?
ਜਦੋਂ ਸਾਵਿਤਰੀ ਜਿੰਦਲ ਨੂੰ ਭਾਜਪਾ ਤੋਂ ਕੱਢੇ ਜਾਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, "ਮੈਨੂੰ ਇਸ ਬਾਰੇ ਕੁਝ ਨਹੀਂ ਪਤਾ। ਜੇ ਮੈਨੂੰ ਪਤਾ ਲੱਗੇ ਤਾਂ ਮੈਂ ਤੁਹਾਨੂੰ ਦੱਸਾਂਗੀ। ਮੈਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੀ ਹਾਂ। ਮੈਨੂੰ ਕੱਢਣ ਬਾਰੇ ਕੁਝ ਨਹੀਂ ਪਤਾ। ਦੱਸ ਦੇਈਏ ਕਿ ਸਾਵਿਤਰੀ ਜਿੰਦਲ ਨੇ 2009 'ਚ ਕਾਂਗਰਸ ਦੀ ਟਿਕਟ 'ਤੇ ਹਿਸਾਰ ਸੀਟ ਤੋਂ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਨੂੰ 2014 ਦੀਆਂ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਦੂਜੇ ਪਾਸੇ ਸਾਵਿਤਰੀ ਜਿੰਦਲ ਦੇ ਬੇਟੇ ਨਵੀਨ ਜਿੰਦਲ ਘੋੜੇ 'ਤੇ ਸਵਾਰ ਹੋ ਕੇ ਵੋਟ ਪਾਉਣ ਪਹੁੰਚੇ। ਇਸ ਬਾਰੇ ਉਨ੍ਹਾਂ ਕਿਹਾ ਕਿ ਘੋੜੇ ਦੀ ਸਵਾਰੀ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਮੇਰੀ ਮਾਂ ਸਾਵਿਤਰੀ ਜਿੰਦਲ ਹਿਸਾਰ ਤੋਂ ਚੋਣ ਲੜ ਰਹੀ ਹੈ। ਉਹ ਹਿਸਾਰ ਦੇ ਵਿਕਾਸ ਲਈ ਬਹੁਤ ਕੁਝ ਕਰਨਾ ਚਾਹੁੰਦੀ ਹੈ। ਇੱਕ ਇੰਟਰਵਿਊ ਦੌਰਾਨ ਨਵੀਨ ਜਿੰਦਲ ਨੇ ਆਪਣੀ ਮਾਂ ਦੇ ਭਾਜਪਾ ਖ਼ਿਲਾਫ਼ ਬਗਾਵਤ ਕਰਨ ਦੇ ਫੈਸਲੇ ਨੂੰ ਸਹੀ ਠਹਿਰਾਇਆ। ਉਨ੍ਹਾਂ ਕਿਹਾ ਸੀ ਕਿ ਮੈਂ ਟਿਕਟਾਂ ਦੀ ਵੰਡ ਦੇ ਪਾਰਟੀ ਦੇ ਫੈਸਲੇ ਨੂੰ ਸਹੀ ਮੰਨਦਾ ਹਾਂ, ਪਰ ਮੈਂ ਆਪਣੀ ਮਾਂ ਦੇ ਫੈਸਲੇ ਦਾ ਵੀ ਸਨਮਾਨ ਕਰਾਂਗਾ ਅਤੇ ਉਨ੍ਹਾਂ ਦਾ ਸਮਰਥਨ ਕਰਾਂਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :