ਬਾਰਸ਼ ਨੇ ਕੀਤਾ ਜਲਥਲ, ਗਰਮੀ ਤੋਂ ਰਾਹਤ

ਨਵੀਂ ਦਿੱਲੀ: ਅੱਜ ਚੰਡੀਗੜ੍ਹ ਤੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਬਾਰਸ਼ ਹੋਈ। ਇਸ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਲੁਧਿਆਣਾ ਵਿੱਚ ਬਾਰਸ਼ ਨਾਲ ਕੰਧ ਡਿੱਗ ਗਈ। ਕੰਧ ਦੇ ਮਲਬੇ ਹੇਠ ਆ ਕੇ ਦੋ ਕਾਰਾਂ ਤਬਾਹ ਹੋ ਗਈਆਂ। ਉਧਰ, ਦਿੱਲੀ ਤੇ ਐਨਸੀਆਰ 'ਚ ਭਾਰੀ ਬਾਰਸ਼ ਹੋ ਰਹੀ ਹੈ। ਕਈ ਦਿਨਾਂ ਦੀ ਤਿੱਖੀ ਗਰਮੀ ਤੋਂ ਬਾਅਦ ਹੋਈ ਇਸ ਬਾਰਸ਼ ਨਾਲ ਦਿੱਲੀ ਦੇ ਲੋਕਾਂ ਨੂੰ ਰਾਹਤ ਮਿਲੀ ਹੈ।
ਇਸ ਬਾਰਸ਼ ਨਾਲ ਦਿੱਲੀ ਦੇ ਕਈ ਇਲਾਕਿਆਂ ਸਮੇਤ ਮੁੱਖ ਸਕੱਤਰੇਤ 'ਚ ਵੀ ਪਾਣੀ ਭਰ ਗਿਆ। ਦੱਸ ਦੇਈਏ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਦਫਤਰ ਵੀ ਮੁੱਖ ਸਕੱਤਰੇਤ 'ਚ ਹੀ ਹੈ।
ਇਸ ਤੋਂ ਇਲਾਵਾ ਦਿੱਲੀ ਦੇ ਹੋਰ ਵੀ ਕਈ ਇਲਾਕੇ ਇਸ ਪਹਿਲੀ ਭਾਰੀ ਬਾਰਸ਼ ਨਾਲ ਹੀ ਪਾਣੀ-ਪਾਣੀ ਹੋ ਗਏ ਹਨ। ਅਚਾਨਕ ਆਏ ਇਸ ਮੀਂਹ ਨਾਲ ਮੰਡੀ ਹਾਊਸ, ਕਰੋਲ ਬਾਗ, ਨਿਜ਼ਾਮੁਦੀਨ ਈਸਟ, ਨੋਇਡਾ, ਗਾਜ਼ੀਆਬਾਦ, ਫਰੀਦਾਬਾਦ ਸਮੇਤ ਕਈ ਇਲਾਕਿਆਂ 'ਚ ਪਾਣੀ ਭਰ ਗਿਆ। ਪਾਣੀ ਖੜ੍ਹਾ ਹੋਣ ਕਾਰਨ ਦਿੱਲੀ ਦੇ ਕਈ ਇਲਾਕਿਆਂ 'ਚ ਭਾਰੀ ਜਾਮ ਦੇਖਣ ਨੂੰ ਮਿਲਿਆ।






















