3 ਘੰਟੇ ਤਕ ਭਾਰੀ ਮੀਂਹ ਦਾ ਅਲਰਟ, ਖਸਤਾ ਇਮਾਰਤਾਂ ਖਾਲੀ ਕਰਨ ਦੇ ਹੁਕਮ, ਜਾਣੋ ਪੰਜਾਬ-ਹਰਿਆਣਾ ਦੇ ਮੌਸਮ ਦਾ ਹਾਲ
ਮੌਸਮ ਵਿਭਾਗ (ਆਈਐਮਡੀ) ਅਨੁਸਾਰ ਮਾਨਸੂਨ ਦੇ 20 ਜੂਨ ਤੋਂ ਬਾਅਦ ਮੱਧ ਪ੍ਰਦੇਸ਼, ਗੁਜਰਾਤ, ਦਿੱਲੀ, ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼ ਵਿੱਚ ਪਹੁੰਚਣ ਦੀ ਸੰਭਾਵਨਾ ਹੈ। ਇਸ ਦੌਰਾਨ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ, ਆਂਧਰਾ ਪ੍ਰਦੇਸ਼, ਉੜੀਸਾ, ਝਾਰਖੰਡ, ਪੱਛਮੀ ਬੰਗਾਲ, ਬਿਹਾਰ, ਸਿੱਕਮ, ਅਸਾਮ, ਮੇਘਾਲਿਆ ਤੇ ਅਰੁਣਾਚਲ ਪ੍ਰਦੇਸ਼ 'ਚ ਮੰਗਲਵਾਰ ਨੂੰ ਯੈਲੋ ਅਲਰਟ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਨਵੀਂ ਦਿੱਲੀ: ਇੱਕ ਦਿਨ ਪਹਿਲਾਂ ਉੱਤਰ-ਪੂਰਬੀ ਸੂਬਿਆਂ 'ਚ ਪਹੁੰਚਣ ਤੋਂ ਬਾਅਦ ਮਾਨਸੂਨ ਹੁਣ ਮੁੰਬਈ ਸਮੇਤ ਮਹਾਰਾਸ਼ਟਰ ਦੇ 30% ਖੇਤਰਾਂ 'ਚ ਆਪਣਾ ਪ੍ਰਭਾਵ ਵਿਖਾ ਰਿਹਾ ਹੈ। ਇੱਥੇ ਪ੍ਰੀ-ਮਾਨਸੂਨ ਐਕਟਿਵਿਟੀ ਸ਼ੁਰੂ ਹੋ ਗਈ ਹੈ। ਸੋਮਵਾਰ ਸਵੇਰੇ ਮੁੰਬਈ 'ਚ 3 ਘੰਟੇ ਤਕ ਜ਼ੋਰਦਾਰ ਮੀਂਹ ਪਿਆ। ਇਸ ਤੋਂ ਬਾਅਦ ਖਸਤਾ ਹਾਲ ਇਮਾਰਤਾਂ ਨੂੰ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਉੱਥੇ ਹੀ ਕੇਰਲ, ਲਕਸ਼ਦਵੀਪ ਸਮੇਤ ਪੂਰੇ ਦੱਖਣੀ ਭਾਰਤ ਤੇ ਉੱਤਰ-ਪੂਰਬੀ ਸੂਬਿਆਂ ਵਿੱਚ ਮੀਂਹ ਵਾਲਾ ਮੌਸਮ ਬਣਿਆ ਹੋਇਆ ਹੈ, ਜਦਕਿ ਪੰਜਾਬ ਤੇ ਹਰਿਆਣਾ ਵਿੱਚ ਭਾਰੀ ਗਰਮੀ ਪੈ ਰਹੀ ਹੈ।
ਮੌਸਮ ਵਿਭਾਗ (ਆਈਐਮਡੀ) ਅਨੁਸਾਰ ਮਾਨਸੂਨ ਦੇ 20 ਜੂਨ ਤੋਂ ਬਾਅਦ ਮੱਧ ਪ੍ਰਦੇਸ਼, ਗੁਜਰਾਤ, ਦਿੱਲੀ, ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼ ਵਿੱਚ ਪਹੁੰਚਣ ਦੀ ਸੰਭਾਵਨਾ ਹੈ। ਇਸ ਦੌਰਾਨ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ, ਆਂਧਰਾ ਪ੍ਰਦੇਸ਼, ਉੜੀਸਾ, ਝਾਰਖੰਡ, ਪੱਛਮੀ ਬੰਗਾਲ, ਬਿਹਾਰ, ਸਿੱਕਮ, ਅਸਾਮ, ਮੇਘਾਲਿਆ ਤੇ ਅਰੁਣਾਚਲ ਪ੍ਰਦੇਸ਼ 'ਚ ਮੰਗਲਵਾਰ ਨੂੰ ਯੈਲੋ ਅਲਰਟ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਪੰਜਾਬ 'ਚ 11 ਜੂਨ ਤੋਂ ਮੀਂਹ ਪੈਣ ਦੀ ਸੰਭਾਵਨਾ
ਸੂਬੇ 'ਚ ਸੋਮਵਾਰ ਨੂੰ ਤਿੱਖੀ ਧੁੱਪ ਰਹੀ, ਜਿਸ ਕਾਰਨ ਗਰਮੀ ਨੇ ਰਫ਼ਤਾਰ ਫੜ ਲਈ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ 3 ਦਿਨ ਮੌਸਮ ਇਸੇ ਤਰ੍ਹਾਂ ਰਹੇਗਾ। 8 ਤੋਂ 10 ਜੂਨ ਤਕ ਕਈ ਜ਼ਿਲ੍ਹਿਆਂ 'ਚ 25 ਤੋਂ 30 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫ਼ਾਨ ਆਉਣ ਦੀ ਸੰਭਾਵਨਾ ਹੈ, ਜਦਕਿ 11 ਤੋਂ 13 ਜੂਨ ਤਕ ਬਾਰਸ਼ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਤੇਜ਼ ਹਵਾਵਾਂ ਚੱਲਣਗੀਆਂ। ਪੂਰਾ ਦਿਨ ਬੱਦਲਵਾਈ ਨਾਲ ਗਰਮੀ ਤੋਂ ਰਾਹਤ ਮਿਲੇਗੀ।
ਹਰਿਆਣੇ 'ਚ ਪਾਰਾ 43 ਡਿਗਰੀ ਦੇ ਨੇੜੇ ਪਹੁੰਚਿਆ
ਹਰਿਆਣੇ 'ਚ ਹੁਣ ਗਰਮੀ ਵਧਣੀ ਸ਼ੁਰੂ ਹੋ ਗਈ ਹੈ। ਦਿਨ ਦਾ ਤਾਪਮਾਨ ਸੋਮਵਾਰ ਨੂੰ ਸਿਰਸਾ 'ਚ 42.9 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ। ਹਿਸਾਰ 'ਚ 42.5 ਡਿਗਰੀ, ਨਾਰਨੌਲ 'ਚ 41.8 ਡਿਗਰੀ ਰਿਹਾ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ 8 ਤੋਂ 11 ਜੂਨ ਤਕ ਸੂਬੇ 'ਚ ਤਾਪਮਾਨ ਤੇਜ਼ੀ ਨਾਲ ਵੱਧ ਸਕਦਾ ਹੈ। ਵੱਧ ਤੋਂ ਵੱਧ ਤਾਪਮਾਨ ਵਿੱਚ 2 ਤੋਂ 4 ਡਿਗਰੀ ਦੇ ਵਾਧੇ ਦੀ ਉਮੀਦ ਹੈ।