ਨਕਲੀ ਰੇਮਡੇਸਿਵਿਰ ਇੰਜੈਕਸ਼ਨ ਮਾਮਲੇ 'ਚ ਹਸਪਤਾਲ ਸੰਚਾਲਕ ਦਾ ਮੁੰਡਾ ਗ੍ਰਿਫ਼ਤਾਰ
ਹਰਕਰਣ ਸਿੰਘ ਦੀ ਤਲਾਸ਼ 'ਚ ਪੁਲਿਸ ਪਿਛਲੇ ਕਈ ਦਿਨਾਂ ਤੋਂ ਜਬਲਪੁਰ ਸਮੇਤ ਹੋਰ ਸ਼ਹਿਰਾਂ ਤੇ ਸੂਬਿਆਂ 'ਚ ਸੰਭਾਵਿਤ ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੀ ਸੀ।
ਜਬਲਪੁਰ: ਨਕਲੀ ਰੇਮਡੇਸਿਵਿਰ ਇੰਜੈਕਸ਼ਨ ਮਾਮਲੇ 'ਚ ਫਰਾਰ ਚੱਲ ਰਹੇ ਸਿਟੀ ਹਸਪਤਾਲ ਦੇ ਸੰਚਾਲਕ ਸਰਬਜੀਤ ਸਿੰਘ ਮੋਖਾ ਦੇ ਵੱਡੇ ਬੇਟੇ ਹਰਕਰਨ ਸਿੰਘ ਮੋਖਾ ਨੂੰ ਸੋਮਵਾਰ ਐਸਆਈਟੀ ਨੇ ਫਿਲਮੀ ਅੰਦਾਜ਼ 'ਚ ਜ਼ਿਲ੍ਹਾ ਕੋਰਟ ਦੇ ਬਾਹਰੋ ਗ੍ਰਿਫ਼ਤਾਰ ਕੀਤਾ। ਹਰਕਰਣ ਸਿੰਘ ਦੀ ਤਲਾਸ਼ 'ਚ ਪੁਲਿਸ ਪਿਛਲੇ ਕਈ ਦਿਨਾਂ ਤੋਂ ਜਬਲਪੁਰ ਸਮੇਤ ਹੋਰ ਸ਼ਹਿਰਾਂ ਤੇ ਸੂਬਿਆਂ 'ਚ ਸੰਭਾਵਿਤ ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੀ ਸੀ।
ਦੱਸਿਆ ਜਾ ਰਿਹਾ ਕਿ ਹਰਕਰਨ ਆਪਣੇ ਵਕੀਲ ਦੀ ਮਦਦ ਨਾਲ ਸਿੱਧਾ ਕੋਰਟ 'ਚ ਸਰੰਡਰ ਕਰਨ ਦੀ ਫਿਰਾਕ 'ਚ ਸੀ। ਜਿਸਦੀ ਭਿਣਕ ਪੁਲਿਸ ਨੂੰ ਵੀ ਲੱਗ ਗਈ ਸੀ। ਇਸ ਲਈ ਪੁਲਿਸ ਪਹਿਲਾਂ ਤੋਂ ਹੀ ਤਿਆਰ ਸੀ। ਗੰਗਾਜਲ, ਫ਼ਿਲਮ ਦੇ ਇਕ ਸੀਨ ਦੀ ਤਰ੍ਹਾਂ ਹਰਕਰਨ ਜਿਵੇਂ ਹੀ ਕੋਰਟ 'ਚ ਆਪਣੀ ਕਾਰ ਤੋਂ ਉੱਤਰ ਕੇ ਅੰਦਰ ਜਾਣ ਲੱਗਾ ਤਾਂ ਐਸਆਈਟੀ ਦੀ ਟੀਮ ਨੇ ਉਸ ਨੂੰ ਦੌੜ ਕੇ ਦਬੋਚ ਲਿਆ।
ਹਰਕਰਨ ਲੰਬੇ ਸਮੇਂ ਤੋਂ ਐਸਆਈਟੀ ਦੀਆਂ ਅੱਖਾਂ ਚ ਘੱਟਾ ਪਾਕੇ ਫਰਾਰ ਸੀ। ਹਰਕਰਨ ਦੇ ਫੜੇ ਜਾਣ ਤੋਂ ਬਾਅਦ ਨਕਲੀ ਇੰਜੈਕਸ਼ਨ ਮਾਮਲੇ 'ਚ ਕਈ ਹੋਰ ਅਹਿਮ ਖੁਲਾਸੇ ਹੋ ਸਕਦੇ ਹਨ। ਇਸ ਮਾਮਲੇ 'ਚ ਉਸ ਦੇ ਮਾਤਾ-ਪਿਤਾ ਦੋਵੇਂ ਜੇਲ੍ਹ 'ਚ ਹਨ।
ਗੁਜਰਾਤ ਦੇ ਸੂਰਤ ਤੋਂ ਵੱਡੇ ਪੈਮਾਨੇ 'ਤੇ ਨਕਲੀ ਰੇਮਡੇਸਿਵਿਰ ਮੱਧ ਪ੍ਰਦੇਸ਼ ਦੇ ਹਸਪਤਾਲਾਂ 'ਚ ਪਹੁੰਚੇ ਸਨ। ਜਬਲਪੁਰ ਦੇ ਇਸ ਹਸਪਤਾਲ 'ਚ ਵੀ ਨਕਲੀ ਇੰਜੈਕਸ਼ਨ ਦੀ ਖੇਪ ਪਹੁੰਚੀ ਸੀ। ਇਸ ਮਾਮਲੇ 'ਚ ਹਸਪਤਾਲ ਸੰਚਾਲਕ ਤੇ ਹੋਰਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ।