ਭਾਰਤੀ ਸਰਹੱਦਾਂ 'ਤੇ ਚੀਨ ਦੇ ਖਤਰਨਾਕ ਇਰਾਦੇ! ਫੌਜੀ ਹਿੱਲਜੁਲ ਵੇਖ ਭਾਰਤ ਨੇ ਬਣਾਈ ਐਮਰਜੈਂਸੀ ਯੋਜਨਾ
ਫ਼ੌਜੀ ਤਾਇਨਾਤੀ ਵੀ ਵਧਾਈ ਜਾ ਰਹੀ ਹੈ। ਚੀਨ ਵੱਲੋਂ ਉੱਤਰ-ਪੂਰਬੀ ਭਾਰਤ 'ਚ ਭੂਟਾਨ ਨਾਲ ਕੂਟਨੀਤਕ ਸਬੰਧ ਬਣਾਉਣ ਦੀਆਂ ਕੋਸ਼ਿਸ਼ਾਂ ਤੋਂ ਵੀ ਭਾਰਤ ਚਿੰਤਾ 'ਚ ਹੈ।
ਨਵੀਂ ਦਿੱਲੀ: ਭਾਰਤ ਨਾਲ ਲੱਗਦੀ ਸਰਹੱਦ ਉੱਪਰ ਚੀਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ। ਚੀਨ ਦੀ ਸਰਗਰਮੀ ਤੋਂ ਸਪਸ਼ਟ ਹੈ ਕਿ ਗੁਆਂਢੀ ਮੁਲਕ ਦਾ ਮਨਸੂਬੇ ਬੇਹੱਦ ਖਤਰਨਾਕ ਹਨ। ਚੀਨ ਨੇ ਪੂਰਬੀ ਲੱਦਾਖ 'ਚ ਡੇਢ ਸਾਲ ਤੋਂ ਜਾਰੀ ਤਣਾਅ ਵਿਚਕਾਰ ਹੁਣ ਅਰੁਣਾਚਲ ਪ੍ਰਦੇਸ਼ ਨਾਲ ਲੱਗਦੀ ਸਰਹੱਦ ਉੱਪਰ ਫੌਜੀ ਸਰਗਰਮੀ ਵਧ ਦਿੱਤੀ ਹੈ। ਉਧਰ ਇਨ੍ਹਾਂ ਹਰਕਤਾਂ ਨੂੰ ਵੇਖ ਭਾਰਤੀ ਫੌਜ ਵੀ ਚੌਕਸ ਹੋ ਗਈ ਹੈ। ਸੁਰੱਖਿਆ ਨਾਲ ਜੁੜੀ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਲਈ ਭਾਰਤੀ ਫ਼ੌਜ ਨੇ ਐਮਰਜੈਂਸੀ ਯੋਜਨਾ ਤਿਆਰ ਕੀਤੀ ਹੈ।
ਪੂਰਬੀ ਕਮਾਂਡ ਦੇ ਕਮਾਂਡਰ ਲੈਫ. ਜਨਰਲ ਮਨੋਜ ਪਾਂਡੇ ਨੇ ਕਿਹਾ, "ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦੇ ਸਾਲਾਨਾ ਟ੍ਰੇਨਿੰਗ ਪ੍ਰੋਗਰਾਮ 'ਚ ਵੀ ਇਸ ਵਾਰ ਗਤੀਵਿਧੀਆਂ ਵਧੀਆਂ ਹਨ। ਉਸ ਦੇ ਫ਼ੌਜੀਆਂ ਨੂੰ ਸਰਹੱਦੀ ਇਲਾਕਿਆਂ 'ਤੇ ਤਾਇਨਾਤ ਕੀਤਾ ਜਾ ਰਿਹਾ ਹੈ। ਲੈਫ. ਜਨਰਲ ਪਾਂਡੇ ਨੇ ਇਹ ਵੀ ਦੱਸਿਆ ਕਿ ਦੋਵੇਂ ਦੇਸ਼ ਅਸਲ ਕੰਟਰੋਲ ਰੇਖਾ (ਐਲਏਸੀ) ਨਾਲ ਬੁਨਿਆਦੀ ਢਾਂਚੇ ਦਾ ਵਿਕਾਸ ਕਰ ਰਹੇ ਹਨ, ਇਸ ਨਾਲ ਕੁਝ ਵਿਵਾਦ ਪੈਦਾ ਹੁੰਦੇ ਰਹਿੰਦੇ ਹਨ।
ਫ਼ੌਜੀ ਤਾਇਨਾਤੀ ਵੀ ਵਧਾਈ ਜਾ ਰਹੀ ਹੈ। ਚੀਨ ਵੱਲੋਂ ਉੱਤਰ-ਪੂਰਬੀ ਭਾਰਤ 'ਚ ਭੂਟਾਨ ਨਾਲ ਕੂਟਨੀਤਕ ਸਬੰਧ ਬਣਾਉਣ ਦੀਆਂ ਕੋਸ਼ਿਸ਼ਾਂ ਤੋਂ ਵੀ ਭਾਰਤ ਚਿੰਤਾ 'ਚ ਹੈ। ਚੀਨ-ਭੂਟਾਨ 'ਚ ਦਹਾਕਿਆਂ ਪੁਰਾਣੇ ਸਰਹੱਦੀ ਵਿਵਾਦ 'ਤੇ ਹੋਏ ਸਮਝੌਤੇ 'ਤੇ ਸਿੱਧੇ ਤੌਰ 'ਤੇ ਕੁੱਝ ਨਾ ਕਹਿੰਦਿਆਂ ਲੈਫ. ਜਨਰਲ ਨੇ ਉਮੀਦ ਪ੍ਰਗਟਾਈ ਹੈ ਕਿ ਇਹ ਸਮਝੌਤਾ ਸਰਕਾਰੀ ਅਧਿਕਾਰੀਆਂ ਦੀ ਨਜ਼ਰ 'ਚ ਹੋਵੇਗਾ।
ਲੈਫ. ਜਨਰਲ ਪਾਂਡੇ ਨੇ ਕਿਹਾ ਕਿ ਚੀਨ ਸਰਹੱਦ ਦੇ ਨੇੜੇ ਨਵੇਂ ਪਿੰਡ ਬਣਾ ਰਿਹਾ ਹੈ। ਭਾਰਤ ਉਸੇ ਅਨੁਸਾਰ ਰਣਨੀਤੀ ਬਣਾ ਰਿਹਾ ਹੈ, ਕਿਉਂਕਿ ਆਬਾਦੀ ਵਾਲੇ ਖੇਤਰਾਂ ਦੀ ਵਰਤੋਂ ਫ਼ੌਜੀ ਉਦੇਸ਼ਾਂ ਲਈ ਕੀਤੀ ਜਾ ਸਕਦੀ ਹੈ। ਲੈਫ. ਜਨਰਲ ਨੇ ਪੂਰਬੀ ਭਾਰਤ 'ਚ 1300 ਕਿਲੋਮੀਟਰ ਲੰਬੀ ਐਲਏਸੀ ਉੱਤੇ ਫ਼ੌਜ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਦੱਸਿਆ ਕਿ ਭਾਰਤੀ ਫ਼ੌਜ ਦੀ ਮਾਉਂਟੇਨ ਸਟ੍ਰਾਈਕ ਕੋਰ ਹੁਣ ਪੂਰੀ ਤਰ੍ਹਾਂ ਕੰਮ ਕਰਨ ਲੱਗੀ ਹੈ।
ਲੈਫ. ਜਨਰਲ ਮਨੋਜ ਪਾਂਡੇ ਨੇ ਕਿਹਾ ਕਿ ਚੀਨ ਵੱਲੋਂ ਸਰਹੱਦੀ ਸਮਝੌਤੇ ਤੇ ਪ੍ਰੋਟੋਕੋਲ ਨੂੰ ਤੋੜਨ ਬਾਰੇ ਉੱਚ ਪੱਧਰੀ ਵਿਚਾਰ-ਚਰਚਾ ਹੋਈ ਹੈ। ਹਾਲ ਹੀ 'ਚ ਚੀਨ ਤੇ ਭਾਰਤ 'ਚ ਚੌਥੀ ਹੌਟਲਾਈਨ ਸ਼ੁਰੂ ਹੋਈ ਹੈ। ਭਾਰਤੀ ਫ਼ੌਜ ਨੂੰ ਨਵੀਂ ਕੰਬੈਟ ਫ਼ਾਰਮੇਸ਼ਨ ਇੰਟੀਗ੍ਰੇਟਿਡ ਬੈਟਲ ਗਰੁੱਪ (ਆਈਬੀਸੀ) ਦੀ ਸਿਧਾਂਤਕ ਸਹਿਮਤੀ ਮਿਲ ਚੁੱਕੀ ਹੈ। ਇਸ 'ਚ ਇਨਫ਼ੈਂਟਰੀ, ਆਰਟਿਲਰੀ, ਹਵਾਈ ਰੱਖਿਆ, ਟੈਂਕ ਤੇ ਲੌਜਿਸਟਿਕਸ ਯੂਨਿਟ ਸ਼ਾਮਲ ਹਨ। ਇਸ ਨਾਲ ਪਾਕਿਸਤਾਨ ਤੇ ਚੀਨ ਦੀ ਸਰਹੱਦ 'ਤੇ ਲੜਾਈ ਸਮਰੱਥਾ ਵਧੇਗੀ।
ਇਸ ਦੇ ਨਾਲ ਹੀ ਭਾਰਤ ਨੇ ਐਲਏਸੀ ਅਤੇ ਸਰਹੱਦ ਦੇ ਅੰਦਰੂਨੀ ਖੇਤਰਾਂ 'ਚ ਨਿਗਰਾਨੀ ਵਧਾ ਦਿੱਤੀ ਹੈ। ਸਾਰੇ ਉਪਲੱਬਧ ਸਰੋਤਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਫ਼ੌਜ ਦੇ ਏਵੀਏਸ਼ਨ ਵਿੰਗ ਨੇ ਵੀ ਲਾਈਟ ਐਡਵਾਂਸ ਹੈਲੀਕਾਪਟਰ ਰੁਦਰ ਦੀ ਏਕੀਕ੍ਰਿਤ ਹਥਿਆਰ ਪ੍ਰਣਾਲੀ ਤਾਇਨਾਤ ਕੀਤੀ ਹੋਈ ਹੈ। ਸਰਕਾਰ ਤਵਾੰਗ ਨੂੰ ਵੀ ਤੇਜ਼ੀ ਨਾਲ ਰੇਲ ਨੈੱਟਵਰਕ ਨਾਲ ਜੋੜ ਰਹੀ ਹੈ। ਇਸ ਸਮੇਂ 50 ਤੋਂ 60 ਹਜ਼ਾਰ ਫ਼ੌਜੀ ਅਸਲ ਕੰਟਰੋਲ ਰੇਖਾ (ਐਲਏਸੀ) 'ਤੇ ਤਾਇਨਾਤ ਹਨ।