ਪੈਗੰਬਰ ਮੁਹੰਮਦ ਖ਼ਿਲਾਫ਼ ਬਿਆਨਬਾਜ਼ੀ 'ਤੇ ਘਿਰਿਆ ਭਾਰਤ, ਮੁਸਲਿਮ ਦੇਸ਼ਾਂ ਦੇ ਵਿਗੜੇ ਤੇਵਰ, 57 ਮੁਲਕਾਂ ਵਾਲੀ ਓਆਈਸੀ ਸੰਯੁਕਤ ਰਾਸ਼ਟਰ ਪਹੁੰਚੀ
ਪੈਗੰਬਰ ਮੁਹੰਮਦ ਖ਼ਿਲਾਫ਼ ਬਿਆਨਬਾਜ਼ੀ ਕਰਕੇ ਬੀਜੇਪੀ ਤੇ ਮੋਦੀ ਸਰਕਾਰ ਕਸੂਤੀ ਘਿਰ ਗਈ ਹੈ। ਮੁਸਲਿਮ ਦੇਸ਼ਾਂ ਵੱਲੋਂ ਭਾਰਤ ਸਰਕਾਰ ਦਾ ਡਟ ਕੇ ਵਿਰੋਧ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ: ਪੈਗੰਬਰ ਮੁਹੰਮਦ ਖ਼ਿਲਾਫ਼ ਬਿਆਨਬਾਜ਼ੀ ਕਰਕੇ ਬੀਜੇਪੀ ਤੇ ਮੋਦੀ ਸਰਕਾਰ ਕਸੂਤੀ ਘਿਰ ਗਈ ਹੈ। ਮੁਸਲਿਮ ਦੇਸ਼ਾਂ ਵੱਲੋਂ ਭਾਰਤ ਸਰਕਾਰ ਦਾ ਡਟ ਕੇ ਵਿਰੋਧ ਕੀਤਾ ਜਾ ਰਿਹਾ ਹੈ। ਕਈ ਦੇਸ਼ਾਂ ਵਿੱਚ ਭਾਰਤੀ ਸਾਮਾਨ ਦਾ ਬਾਈਕਾਟ ਹੋਣ ਲੱਗਾ ਹੈ। ਇਸ ਸਭ ਕਾਸੇ ਨਾਲ ਕੌਮਾਂਤਰੀ ਪੱਧਰ ਉੱਪਰ ਭਾਰਤ ਦੇ ਅਕਸ ਨੂੰ ਢਾਹ ਲੱਗੀ ਹੈ।
ਉਧਰ, ਵਿਵਾਦਤ ਬਿਆਨ ’ਤੇ ਇਸਲਾਮੀ ਖਾਸ ਕਰਕੇ ਪੱਛਮੀ ਏਸ਼ੀਆ ਤੇ ਖਾੜੀ ਮੁਲਕਾਂ ’ਚ ਰੋਸ ਵਧ ਗਿਆ ਹੈ। 57 ਮੁਲਕਾਂ ਵਾਲੀ ਇਸਲਾਮੀ ਮੁਲਕਾਂ ਦੀ ਜਥੇਬੰਦੀ (ਓਆਈਸੀ) ਨੇ ਬਿਆਨ ਦੀ ਨਿਖੇਧੀ ਕਰਦਿਆਂ ਸੰਯੁਕਤ ਰਾਸ਼ਟਰ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤ ’ਚ ਮੁਸਲਮਾਨਾਂ ਦੇ ਹੱਕਾਂ ਦੀ ਰਾਖੀ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਉਠਾਏ।
ਓਆਈਸੀ ਨੇ ਕਿਹਾ ਕਿ ਭਾਰਤ ’ਚ ਇਸਲਾਮ ਦੇ ਅਪਮਾਨ ਤੇ ਘੱਟ ਗਿਣਤੀਆਂ ਖ਼ਿਲਾਫ਼ ਵਧ ਰਹੀ ਨਫ਼ਰਤ ਦੌਰਾਨ ਪੈਗੰਬਰ ਮੁਹੰਮਦ ਬਾਰੇ ਮਾੜੀ ਸ਼ਬਦਾਵਲੀ ਵਰਤੀ ਗਈ ਹੈ। ਉਨ੍ਹਾਂ ਭਾਰਤ ਦੇ ਕਈ ਸ਼ਹਿਰਾਂ ਦੇ ਵਿਦਿਅਕ ਅਦਾਰਿਆਂ ’ਚ ਹਿਜਾਬ ’ਤੇ ਪਾਬੰਦੀ ਤੇ ਮੁਸਲਮਾਨਾਂ ਦੀਆਂ ਸੰਪਤੀਆਂ ਢਾਹੁਣ ਦੇ ਫ਼ੈਸਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤ ਸਰਕਾਰ ਦਾ ਰਵੱਈਆ ਘੱਟ ਗਿਣਤੀਆਂ ਪ੍ਰਤੀ ਪੱਖਪਾਤੀ ਰਿਹਾ ਹੈ।
ਉਧਰ, ਪਾਕਿਸਤਾਨ ਨੇ ਭਾਰਤੀ ਮਿਸ਼ਨ ਦੇ ਅਧਿਕਾਰੀ ਨੂੰ ਤਲਬ ਕਰਕੇ ਪੈਗੰਬਰ ਮੁਹੰਮਦ ਬਾਰੇ ਕੀਤੀਆਂ ਇਤਰਾਜ਼ਯੋਗ ਟਿੱਪਣੀਆਂ ਦੀ ਆਲੋਚਨਾ ਕੀਤੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਭਾਜਪਾ ਆਗੂ ਨੂਪੁਰ ਸ਼ਰਮਾ ਅਤੇ ਨਵੀਨ ਕੁਮਾਰ ਜਿੰਦਲ ਵੱਲੋਂ ਪੈਗੰਬਰ ਮੁਹੰਮਦ ਦੇ ਅਪਮਾਨ ਦੀ ਟਵਿੱਟਰ ’ਤੇ ਨਿਖੇਧੀ ਕੀਤੀ। ਸਾਊਦੀ ਅਰਬ, ਇੰਡੋਨੇਸ਼ੀਆ, ਜਾਰਡਨ, ਬਹਿਰੀਨ ਤੇ ਅਫ਼ਗਾਨਿਸਤਾਨ ਨੇ ਅਰਬ ਮੁਲਕਾਂ ਦੇ ਰੋਸ ’ਚ ਸ਼ਾਮਲ ਹੁੰਦਿਆਂ ਵਿਵਾਦਤ ਬਿਆਨਾਂ ਦੀ ਨਿਖੇਧੀ ਕਰਦਿਆਂ ਭਾਰਤ ਨੂੰ ਸਾਰੇ ਧਰਮਾਂ ਦਾ ਆਦਰ ਕਰਨ ’ਤੇ ਜ਼ੋਰ ਦਿੱਤਾ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਉਹ ਜਨਤਕ ਤੌਰ ’ਤੇ ਮੁਆਫ਼ੀ ਮੰਗੇ।
ਇਸ ਤੋਂ ਪਹਿਲਾਂ ਕਤਰ, ਕੁਵੈਤ ਅਤੇ ਇਰਾਨ ਨੇ ਐਤਵਾਰ ਨੂੰ ਭਾਰਤੀ ਸਫ਼ੀਰਾਂ ਨੂੰ ਸੱਦ ਕੇ ਆਪਣਾ ਰੋਸ ਜਤਾਇਆ ਸੀ। ਜ਼ਿਕਰਯੋਗ ਹੈ ਕਿ ਪੱਛਮੀ ਏਸ਼ਿਆਈ ਅਤੇ ਖਾੜੀ ਮੁਲਕਾਂ ’ਚ ਭਾਰਤ ਖ਼ਿਲਾਫ਼ ਨਾਰਾਜ਼ਗੀ ਵਧਣ ’ਤੇ ਭਾਜਪਾ ਨੇ ਐਤਵਾਰ ਨੂੰ ਨੂਪੁਰ ਸ਼ਰਮਾ ਨੂੰ ਮੁਅੱਤਲ ਤੇ ਜਿੰਦਲ ਨੂੰ ਪਾਰਟੀ ’ਚੋਂ ਕੱਢ ਦਿੱਤਾ ਸੀ।