ਕੋਰੋਨਾ ਵਾਇਰਸ ਨੇ ਝੰਬਿਆ ਰੋਜ਼ਗਾਰ, 20 ਲੱਖ ਲੋਕਾਂ ਦੀ ਨੌਕਰੀ ਨੂੰ ਖ਼ਤਰਾ
ਲੱਖਾਂ ਲੋਕਾਂ ਦੇ ਰੋਜ਼ਗਾਰ 'ਤੇ ਖਤਰਾ ਮੰਡਰਾ ਰਿਹਾ ਤੇ ਕਈਆਂ ਦਾ ਰੋਜ਼ਗਾਰ ਖੁੱਸ ਚੁੱਕਾ ਹੈ। ਅਜਿਹੇ 'ਚ ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ (ਆਈਏਟੀਏ) ਮੁਤਾਬਕ ਭਾਰਤੀ ਜਹਾਜ਼ ਉਦਯੋਗ ਨਾਲ ਜੁੜੇ ਕਰੀਬ 20 ਲੱਖ ਲੋਕਾਂ ਦੀ ਨੌਕਰੀ ਖਤਰੇ 'ਚ ਹੈ।
ਚੰਡੀਗੜ੍ਹ: ਕੋਰੋਨਾ ਵਾਇਰਸ ਕਾਰਨ ਸਰੀਰਕ ਤੇ ਮਾਨਸਿਕ ਪੀੜਾ ਤੋਂ ਇਲਾਵਾ ਇਸਦੇ ਹੋਰ ਵੀ ਮਾਰੂ ਪ੍ਰਭਾਵ ਸਾਹਮਣੇ ਆ ਰਹੇ ਹਨ। ਖ਼ਤਰਨਾਕ ਵਾਇਰਸ ਦੇ ਫੈਲਾਅ 'ਤੇ ਕਾਬੂ ਪਾਉਣ ਲਈ ਕਈ ਦੇਸ਼ਾਂ ਨੇ ਲੌਕਡਾਊਨ ਦਾ ਸਹਾਰਾ ਲਿਆ ਜਿਸ ਕਾਰਨ ਲੱਖਾਂ ਲੋਕਾਂ ਦੇ ਰੋਜ਼ਗਾਰ 'ਤੇ ਖਤਰਾ ਮੰਡਰਾ ਰਿਹਾ ਤੇ ਕਈਆਂ ਦਾ ਰੋਜ਼ਗਾਰ ਖੁੱਸ ਚੁੱਕਾ ਹੈ। ਅਜਿਹੇ 'ਚ ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ (ਆਈਏਟੀਏ) ਮੁਤਾਬਕ ਭਾਰਤੀ ਜਹਾਜ਼ ਉਦਯੋਗ ਨਾਲ ਜੁੜੇ ਕਰੀਬ 20 ਲੱਖ ਲੋਕਾਂ ਦੀ ਨੌਕਰੀ ਖਤਰੇ 'ਚ ਹੈ।
ਭਾਰਤ 'ਚ ਲੌਕਡਾਊਨ ਕਾਰਨ 3 ਮਈ ਤਕ ਸਾਰੀਆਂ ਉਡਾਣਾਂ ਬੰਦ ਹਨ। ਹਾਲਾਤ ਇਹ ਹਨ ਕਿ ਕਈ ਏਅਰਲਾਇਨਜ਼ ਦੀ ਹਾਲਤ ਕਾਫੀ ਖ਼ਸਤਾ ਹੈ ਤੇ ਹੌਲ਼ੀ-ਹੌਲ਼ੀ ਆਰਥਿਕ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਇੱਥੋਂ ਤਕ ਕਿ ਕਈ ਕੰਪਨੀਆਂ ਨੇ ਤਾਂ ਆਪਣੇ ਕਰਮਚਾਰੀਆਂ ਨੂੰ ਬਿਨਾਂ ਤਨਖ਼ਾਹ ਛੁੱਟੀ 'ਤੇ ਭੇਜ ਦਿੱਤਾ ਹੈ।
ਆਈਏਟੀਏ ਮੁਤਾਬਕ ਏਵੀਏਸ਼ਨ ਦੇ ਨਾਲ ਉਨ੍ਹਾਂ ਨੌਕਰੀਆਂ ਲਈ ਵੀ ਖਤਰਾ ਹੈ ਜੋ ਸਿੱਧੇ ਤੌਰ 'ਤੇ ਇਸ ਇੰਡਸਟਰੀ ਨਾਲ ਜੁੜੀਆਂ ਹੋਈਆਂ ਹਨ। ਆਈਏਟੀਏ ਦੇ ਅਸਿਸਟੈਂਟ ਡਾਇਰੈਕਟਰ ਏਸ਼ੀਆ ਪੈਸੇਫਿਕ ਅਲਬਰਟ ਟਜੋਇੰਗ ਨੇ ਕਿਹਾ ਕਿ ਇਸ ਦਿਸ਼ਾ 'ਚ ਭਾਰਤ ਸਰਕਾਰ ਨੂੰ ਪੁਖ਼ਤਾ ਕਦਮ ਚੁੱਕਣੇ ਚਾਹੀਦੇ ਹਨ।
ਦਰਅਸਲ 25 ਮਾਰਚ ਤੋਂ ਤਿੰਨ ਮਈ ਤਕ ਸਾਰੀਆਂ ਘਰੇਲੂ ਅਤੇ ਇੰਟਰਨੈਸ਼ਨਲ ਉਡਾਣਾਂ ਬੰਦ ਹਨ। ਹਾਲ ਹੀ 'ਚ ਕੁਝ ਏਅਰਲਾਇਨਜ਼ ਨੇ ਤਨਖ਼ਾਹ ਕਟੌਤੀ ਪਾਲਿਸੀ ਦਾ ਐਲਾਨ ਕੀਤਾ ਹੈ। ਆਈਏਟੀਏ ਮੁਤਾਬਕ ਲੌਕਡਾਊਨ ਦੇ ਚੱਲਦਿਆਂ ਯਾਤਰੀ ਸੇਵਾ ਤੋਂ 8.8 ਅਰਬ ਡਾਲਰ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ ਹੈ ਜਿਸਦੇ ਚੱਲਦਿਆਂ ਏਵੀਏਸ਼ਨ ਸੈਕਟਰ 'ਚ 20 ਲੱਖ ਤੋਂ ਵੱਧ ਲੋਕਾਂ ਦੀ ਨੌਕਰੀ 'ਤੇ ਖਤਰਾ ਬਣਿਆ ਹੋਇਆ।
ਦੁਨੀਆਂਭਰ 'ਚ ਕਰੀਬ 6.55 ਕਰੋੜ ਲੋਕ ਏਵੀਏਸ਼ਨ ਸੈਕਟਰ 'ਤੇ ਨਿਰਭਰ ਕਰਦੇ ਹਨ। ਇਨ੍ਹਾਂ 'ਚ ਟ੍ਰੈਵਲ ਅਤੇ ਟੂਰਿਜ਼ਮ ਦੇ ਲੋਕ ਵੀ ਸ਼ਾਮਲ ਹਨ।