ਅਫਗਾਨਿਸਤਾਨ ਤੋਂ ਭਾਰਤ ਪਰਤੇ ਨਾਗਰਿਕ ਨੇ ਸੁਣਾਈ ਹੱਢਬੀਤੀ, ਦੱਸਿਆ ਕਿਵੇਂ ਦਹਿਸ਼ਤ 'ਚ ਜੀ ਰਹੇ ਲੋਕ
ਵਾਪਸ ਪਰਤੇ ਇਕ ਭਾਰਤੀ ਨਾਗਰਿਕ ਨੇ ਦੱਸਿਆ ਕਿ ਅਫਗਾਨਿਸਤਾਨ 'ਚ ਲੋਕਾਂ ਦੇ ਵਿਚ ਤਾਲਿਬਾਨ ਦੀ ਦਹਿਸ਼ਤ ਹੈ।
ਨਵੀਂ ਦਿੱਲੀ: ਅਫਗਾਨਿਸਤਾਨ ਤੋਂ ਤਾਲਿਬਾਨ ਦੇ ਕੰਟਰੋਲ ਮਗਰੋਂ ਸਥਿਤੀ ਕਾਫੀ ਖਰਾਬ ਹੋ ਚੁੱਕੀ ਹੈ। ਇਕ ਪਾਸੇ ਜਿੱਥੇ ਵਿਦੇਸ਼ਾਂ ਤੋਂ ਮਿਲ ਰਹੀ ਸਹਾਇਤਾ 'ਤੇ ਰੋਕ ਲਾ ਦਿੱਤੀ ਗਈ ਹੈ ਉੱਥੇ ਹੀ ਜ਼ਿਆਦਾਤਰ ਦੇਸ਼ਾਂ ਤੋਂ ਆਪਣੇ ਦੂਤਾਵਾਸ ਖਾਲੀ ਕਰ ਦਿੱਤੇ ਗਏ ਹਨ। ਦੂਜੇ ਪਾਸੇ ਲੋਕ ਜਾਨ ਬਚਾ ਕੇ ਉੱਥੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਹਨ।
ਅਫਗਾਨਿਸਤਾਨ 'ਚ ਦਹਿਸ਼ਤ 'ਚ ਜੀ ਰਹੇ ਲੋਕ
ਇਸ ਦਰਮਿਆਨ ਅਫਗਾਨਿਸਤਾਨ 'ਚ ਕਾਬੁਲ ਤੋਂ 150 ਭਾਰਤੀ ਵਾਪਸ ਪਰਤੇ ਹਨ। ਜਿੰਨ੍ਹਾਂ ਨੂੰ ਲੈਕੇ ਹਵਾਈ ਫੌਜ ਦਾ ਸੀ-17 ਜਹਾਜ਼ ਗੁਜਰਾਤ ਦੇ ਜਾਮਨਗਰ 'ਚ ਉੱਤਰਿਆ। ਇਸ ਦੌਰਾਨ ਵਾਪਸ ਪਰਤੇ ਇਕ ਭਾਰਤੀ ਨਾਗਰਿਕ ਨੇ ਦੱਸਿਆ ਕਿ ਅਫਗਾਨਿਸਤਾਨ 'ਚ ਲੋਕਾਂ ਦੇ ਵਿਚ ਤਾਲਿਬਾਨ ਦੀ ਦਹਿਸ਼ਤ ਹੈ। ਉਨ੍ਹਾਂ ਦੱਸਿਆ ਉਨ੍ਹਾਂ ਦੀ ਧੀ ਨੂੰ ਤੇਜ਼ ਬੁਖਾਰ ਸੀ ਰਾਤ 8 ਵਜੇ ਤੋਂ ਸਵੇਰ 6 ਵਜੇ ਤਕ ਕਾਬੁਲ 'ਚ ਕਰਫਿਊ ਸੀ। ਉਸ ਵੇਲੇ ਉਨ੍ਹਾਂ ਲਈ ਬੁਹਤ ਮੁਸ਼ਕਿਲ ਸੀ ਕਿਉਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਬਾਹਰ ਕੀ ਹੋ ਰਿਹਾ ਹੈ। ਉਹ ਸਭ ਤੋਂ ਪਹਿਲਾਂ ਭਾਰਤੀ ਦੂਤਾਵਾਸ ਤੇ ਫਿਰ ਹਵਾਈ ਅੱਡੇ ਪਹੁੰਚੇ ਸਨ।
ਭਾਰਤੀ ਹਵਾਈ ਫੌਜ ਦਾ ਕੀਤਾ ਧੰਨਵਾਦ
ਉਨ੍ਹਾਂ ਦਾ ਕਹਿਣਾ ਹੈ ਕਿ ਆਖਿਰਕਾਰ ਕਾਬੁਲ ਤੋਂ ਨਿੱਕਲਣ 'ਚ ਸਾਨੂੰ 12 ਘੰਟੇ ਲੱਗੇ ਹਨ। ਅਸੀਂ ਦੂਤਾਵਾਸ ਤੇ ਭਾਰਤ ਸਰਕਾਰ ਦੇ ਸ਼ੁਕਰਗੁਜ਼ਾਰ ਹਾਂ। ਮੈਂ ਵਿਸ਼ੇਸ਼ ਰੂਪ ਤੋਂ ਭਾਰਤੀ ਹਵਾਈ ਫੌਜ ਨੂੰ ਸਮੇਂ ਤੇ ਸਾਨੂੰ ਕੱਢਣ ਲਈ ਧੰਨਵਾਦ ਕਹਿੰਦਾ ਹਾਂ। ਉੱਥੇ ਅਜੇ ਵੀ ਬਹੁਤ ਭਾਰਤੀ ਹਨ ਜਿੰਨ੍ਹਾਂ ਨੂੰ ਮਦਦ ਦੀ ਲੋੜ ਹੈ। ਮੈਂ ਸਰਕਾਰ ਨੂੰ ਉਨ੍ਹਾਂ ਨੂੰ ਕੱਢਣ ਦੀ ਅਪੀਲ ਕਰਦਾ ਹਾਂ।
ਵੱਡੀ ਗਿਣਤੀ ਲੋਕ ਅਫਗਾਨਿਸਤਾਨ ਛੱਡਣਾ ਚਾਹੁੰਦੇ
ਉਸ ਵਿਅਕਤੀ ਦਾ ਕਹਿਣਾ ਹੈ ਕਿ ਅਫਗਾਨਿਸਤਾਨ 'ਚ ਤਾਲਿਬਾਨ ਦੇ ਅੱਤਵਾਦ ਦੇ ਬਾਅਦ ਬਜ਼ੁਰਗ, ਮਹਿਲਾਵਾਂ ਤੇ ਬੱਚਿਆਂ ਸਮੇਤ ਹਜ਼ਾਰਾਂ ਲੋਕ ਕਾਬੁਲ ਹਵਾਈ ਅੱਢੇ ਤੇ ਹਨ। ਜੋ ਸ਼ਹਿਰ ਛੱਡਣ ਦਾ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਗੋਲੀਆਂ ਦੀਆਂ ਆਵਾਜ਼ਾਂ ਸੁਣੀਆਂ ਜੋ ਬਹੁਤ ਭਿਆਨਕ ਸਨ।