ਚੰਦ ਦੀ ਸਤ੍ਹਾ 'ਤੇ ਡਿੱਗੇ ਲੈਂਡਰ ਵਿਕਰਮ ਬਾਰੇ ISRO ਦਾ ਅਹਿਮ ਖ਼ੁਲਾਸਾ
ਚੰਦਰਯਾਨ-2 ਦੇ ਲੈਂਡਰ ਵਿਕਰਮ ਨਾਲ ਸਬੰਧਿਤ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਇਸਰੋ ਦੇ ਇੱਕ ਅਧਿਕਾਰੀ ਨੇ ਖ਼ੁਲਾਸਾ ਕੀਤਾ ਹੈ ਕਿ ਚੰਦ ਦੀ ਸਤ੍ਹਾ 'ਤੇ ਉੱਤਰਨ ਦੌਰਾਨ ਵਿਕਰਮ ਟੇਢਾ ਹੋ ਕੇ ਡਿੱਗਿਆ ਹੈ, ਪਰ ਟੁੱਟਾ ਨਹੀਂ। ਉਹ ਇਕੱਲੇ ਟੁਕੜੇ ਵਿੱਚ ਹੈ ਤੇ ਉਸ ਨਾਲ ਸੰਪਰਕ ਕਰਨ ਲਈ ਸਾਰੀਆਂ ਕੋਸ਼ਿਸ਼ਾਂ ਜਾਰੀ ਹਨ।
ਨਵੀਂ ਦਿੱਲੀ: ਚੰਦਰਯਾਨ-2 ਦੇ ਲੈਂਡਰ ਵਿਕਰਮ ਨਾਲ ਸਬੰਧਿਤ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਇਸਰੋ ਦੇ ਇੱਕ ਅਧਿਕਾਰੀ ਨੇ ਖ਼ੁਲਾਸਾ ਕੀਤਾ ਹੈ ਕਿ ਚੰਦ ਦੀ ਸਤ੍ਹਾ 'ਤੇ ਉੱਤਰਨ ਦੌਰਾਨ ਵਿਕਰਮ ਟੇਢਾ ਹੋ ਕੇ ਡਿੱਗਿਆ ਹੈ, ਪਰ ਟੁੱਟਾ ਨਹੀਂ। ਉਹ ਇਕੱਲੇ ਟੁਕੜੇ ਵਿੱਚ ਹੈ ਤੇ ਉਸ ਨਾਲ ਸੰਪਰਕ ਕਰਨ ਲਈ ਸਾਰੀਆਂ ਕੋਸ਼ਿਸ਼ਾਂ ਜਾਰੀ ਹਨ। ਇਸ ਤੋਂ ਪਹਿਲਾਂ ਇਸਰੋ ਦੇ ਹਵਾਲੇ ਨਾਲ ਆਈਆਂ ਖ਼ਬਰਾਂ ਵਿੱਚ ਵੀ ਲੈਂਡਰ ਦੇ ਪਲਟ ਜਾਣ ਦਾ ਅਨੁਮਾਨ ਲਾਇਆ ਗਿਆ ਸੀ, ਪਰ ਇਹ ਜਾਣਕਾਰੀ ਸਾਹਮਣੇ ਨਹੀਂ ਸੀ ਕਿ ਉਹ ਟੁੱਟਾ ਹੈ ਜਾਂ ਨਹੀਂ।
ਇਸਰੋ ਦੇ ਅਧਿਕਾਰੀ ਤੋਂ ਇੱਕ ਹੋਰ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਕਿ ਲੈਂਡਰ ਵਿਕਰਮ ਚੰਦਰਮਾ ਦੀ ਸਤ੍ਹਾ 'ਤੇ ਉੱਤਰਨ ਲਈ ਤੈਅ ਥਾਂ ਤੋਂ ਕਾਫੀ ਨੇੜੇ ਉੱਤਰਿਆ। ਉਸਦੀ ਲੈਂਡਿੰਗ ਕਾਫੀ ਮੁਸ਼ਕਲ ਭਰੀ ਰਹੀ। ਇਸਰੋ ਨੂੰ ਇਹ ਜਾਣਕਾਰੀ ਚੰਦਰਮਾ ਦੇ ਚੱਕਰ ਵਿੱਚ ਮੌਜੂਦ ਚੰਦਰਯਾਨ-2 ਦੇ ਆਰਬਿਟਰ ਤੋਂ ਹਾਸਲ ਹੋਈ ਹੈ। 7 ਸਤੰਬਰ ਨੂੰ ਚੰਦਰਯਾਨ-2 ਦੇ ਲੈਂਡਰ ਵਿਕਰਮ ਦੀ ਚੰਦਰਮਾ 'ਤੇ ਹਾਰਡ ਲੈਂਡਿੰਗ ਹੋਈ ਸੀ। ਉਸ ਵੇਲੇ ਚੰਦ ਦੀ ਸਤ੍ਹਾ ਨੂੰ ਛੂਹਣ ਤੋਂ ਸਿਰਫ 2.1 ਕਿਲੋਮੀਟਰ ਪਹਿਲਾਂ ਲੈਂਡਰ ਦਾ ਇਸਰੋ ਨਾਲ ਸੰਪਰਕ ਟੁੱਟ ਗਿਆ ਸੀ।
ਮਿਸ਼ਨ ਦੇ ਲੈਂਡਰ ਤੇ ਰੋਵਰ ਦੀ ਜ਼ਿੰਦਗੀ ਇੱਕ ਲੂਨਰ ਡੇਅ, ਯਾਨੀ ਚੰਦਰਮਾ ਦੇ 14 ਦਿਨਾਂ ਦੇ ਬਰਾਬਰ ਹੈ। ਸ਼ਨੀਵਾਰ ਨੂੰ ਇਸਰੋ ਦੇ ਚੇਅਰਮੈਨ ਕੇ ਸਿਵਨ ਨੇ ਕਿਹਾ ਕਿ ਉਹ ਅਗਲੇ 14 ਦਿਨਾਂ ਤਕ ਲੈਂਡਰ ਤੇ ਰੋਵਰ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰੱਖਾਂਗੇ। ਇਸ ਤੋਂ ਬਾਅਦ ਐਤਵਾਰ ਨੂੰ ਚੰਦਰਮਾ ਦੇ ਪੰਧ ਵਿੱਚ ਚੱਕਰ ਲਾ ਰਹੇ ਆਰਬਿਟਰ ਨੇ ਚੰਦ ਦੀ ਸਤ੍ਹਾ 'ਤੇ ਲੈਂਡਰ ਦੀਆਂ ਕੁਝ ਤਸਵੀਰਾਂ (ਥਰਮਲ ਇਮੇਜ) ਲਈਆਂ ਸੀ।