ਕਸ਼ਮੀਰੀ ਹਿੰਦੂ ਕਰਮਚਾਰੀਆਂ ਲਈ ਮੋਦੀ ਸਰਕਾਰ ਦਾ ਵੱਡਾ ਕਦਮ, ਸੁਰੱਖਿਅਤ ਜ਼ਿਲ੍ਹਿਆਂ 'ਚ ਹੋਵੇਗੀ ਤਾਇਨਾਤੀ, ਪੁਲਿਸ ਦੇਵੇਗੀ ਫੁੱਲਪਰੂਫ ਸੁਰੱਖਿਆ
ਹਾਲ ਹੀ ਵਿੱਚ ਅੱਤਵਾਦੀਆਂ ਵੱਲੋਂ ਸਰਕਾਰੀ ਦਫ਼ਤਰ ਵਿੱਚ ਦਾਖ਼ਲ ਹੋ ਕੇ ਕਸ਼ਮੀਰੀ ਪੰਡਿਤ ਮੁਲਾਜ਼ਮ ਰਾਹੁਲ ਭੱਟ ਨੂੰ ਗੋਲੀ ਮਾਰ ਦਿੱਤੀ ਗਈ ਸੀ।
Deployment of Hindu Kashmiri employees: ਹਾਲ ਹੀ ਵਿੱਚ ਅੱਤਵਾਦੀਆਂ ਵੱਲੋਂ ਸਰਕਾਰੀ ਦਫ਼ਤਰ ਵਿੱਚ ਦਾਖ਼ਲ ਹੋ ਕੇ ਕਸ਼ਮੀਰੀ ਪੰਡਿਤ ਮੁਲਾਜ਼ਮ ਰਾਹੁਲ ਭੱਟ ਨੂੰ ਗੋਲੀ ਮਾਰ ਦਿੱਤੀ ਗਈ ਸੀ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਦੀ ਟਾਰਗੇਟ ਕਿਲਿੰਗ ਦੀ ਸਾਜ਼ਿਸ਼ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੋਦੀ ਸਰਕਾਰ ਨੇ ਹੁਣ ਕਸ਼ਮੀਰੀ ਪੰਡਿਤਾਂ ਦੀ ਸੁਰੱਖਿਆ ਲਈ ਅਹਿਮ ਕਦਮ ਚੁੱਕੇ ਹਨ। ਇਸ ਤਹਿਤ ਲੈਫਟੀਨੈਂਟ ਗਵਰਨਰ ਮਨੋਜ ਸਿਨ੍ਹਾ ਨੇ ਐਤਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਪੈਕੇਜ ਤਹਿਤ ਕਸ਼ਮੀਰ 'ਚ ਤਾਇਨਾਤ ਹਿੰਦੂ ਕਰਮਚਾਰੀਆਂ ਨੂੰ ਸੁਰੱਖਿਅਤ ਜ਼ਿਲ੍ਹਿਆਂ ਤੇ ਤਹਿਸੀਲ ਹੈੱਡਕੁਆਰਟਰ 'ਤੇ ਤਾਇਨਾਤ ਕੀਤਾ ਜਾਵੇਗਾ।
ਜੰਮੂ-ਕਸ਼ਮੀਰ ਪੁਲਿਸ ਪ੍ਰਦਾਨ ਕਰੇਗੀ ਪੂਰੀ ਸੁਰੱਖਿਆ
ਇਸ ਦੇ ਨਾਲ ਹੀ ਰਾਜਪਾਲ ਨੇ ਇਹ ਵੀ ਕਿਹਾ ਕਿ ਜੰਮੂ-ਕਸ਼ਮੀਰ ਪੁਲਿਸ ਕਸ਼ਮੀਰੀ ਹਿੰਦੂ ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪੂਰੀ ਸੁਰੱਖਿਆ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਰਾਹਤ ਪੈਕੇਜ ਤਹਿਤ ਨਿਯੁਕਤ ਕੀਤੇ ਗਏ ਮੁਲਾਜ਼ਮਾਂ ਦੀ ਭਲਾਈ ਤੇ ਸੁਰੱਖਿਆ ਨਾਲ ਸਬੰਧਤ ਸਾਰੇ ਮੁੱਦਿਆਂ ਨੂੰ ਵੀ ਪੜਾਅਵਾਰ ਹੱਲ ਕੀਤਾ ਜਾਵੇਗਾ।
ਪਹਿਲੇ ਪੜਾਅ ਵਿੱਚ 859 ਕਰਮਚਾਰੀ ਸੁਰੱਖਿਅਤ ਜ਼ਿਲ੍ਹਿਆਂ ਵਿੱਚ ਕੀਤੇ ਜਾਣਗੇ ਤਾਇਨਾਤ
ਦੱਸ ਦੇਈਏ ਕਿ ਜੰਮੂ-ਕਸ਼ਮੀਰ ਸਰਕਾਰ ਦੀ ਨਵੀਂ ਰਣਨੀਤੀ ਤਹਿਤ ਪਹਿਲੇ ਪੜਾਅ 'ਚ ਪ੍ਰਸ਼ਾਸਨ ਨੇ 859 ਮੁਲਾਜ਼ਮਾਂ ਦੀ ਸੂਚੀ ਤਿਆਰ ਕੀਤੀ ਹੈ। ਇਨ੍ਹਾਂ ਮੁਲਾਜ਼ਮਾਂ ਨੂੰ 8 ਤੋਂ 10 ਦਿਨਾਂ ਦੇ ਅੰਦਰ ਸੁਰੱਖਿਅਤ ਜ਼ਿਲ੍ਹਿਆਂ ਜਾਂ ਤਹਿਸੀਲਾਂ ਵਿੱਚ ਤਾਇਨਾਤ ਕਰ ਦਿੱਤਾ ਜਾਵੇਗਾ। ਇੰਨਾ ਹੀ ਨਹੀਂ ਇਨ੍ਹਾਂ ਕਰਮਚਾਰੀਆਂ ਲਈ ਕੰਮ ਵਾਲੇ ਸਥਾਨਾਂ ਦੇ ਨਾਲ-ਨਾਲ ਕੈਂਪਾਂ ਤੇ ਕਿਰਾਏ 'ਤੇ ਦਿੱਤੀਆਂ ਥਾਵਾਂ 'ਤੇ ਸੁਰੱਖਿਆ ਦੇ ਸਾਰੇ ਪ੍ਰਬੰਧ ਕੀਤੇ ਜਾਣਗੇ।
ਕਰਮਚਾਰੀਆਂ ਦੀ ਤਰੱਕੀ ਦੇ ਮਾਮਲੇ 'ਚ ਉਪ ਰਾਜਪਾਲ ਨੇ ਕੀ ਕਿਹਾ?
ਇਸ ਦੇ ਨਾਲ ਹੀ ਉਪ ਰਾਜਪਾਲ ਨੇ ਇਹ ਵੀ ਕਿਹਾ ਕਿ ਕਰਮਚਾਰੀਆਂ ਦੀ ਤਰੱਕੀ ਦੇ ਮਾਮਲੇ ਵਿੱਚ ਪ੍ਰਸ਼ਾਸਨਿਕ ਸਕੱਤਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਉਹ ਜਲਦੀ ਹੀ ਇਨ੍ਹਾਂ ਮਾਮਲਿਆਂ ਦੀ ਘੋਖ ਕਰਨਗੇ ਤੇ ਯੋਗ ਕਦਮ ਚੁੱਕਣਗੇ। ਉਨ੍ਹਾਂ ਇਹ ਵੀ ਕਿਹਾ ਕਿ ਲੈਫਟੀਨੈਂਟ ਗਵਰਨਰ ਸਕੱਤਰੇਤ ਵਿੱਚ ਮੁਲਾਜ਼ਮਾਂ ਲਈ ਇੱਕ ਵਿਸ਼ੇਸ਼ ਸੈੱਲ ਵੀ ਬਣਾਇਆ ਗਿਆ ਹੈ।
ਇਸ ਦੌਰਾਨ ਭਾਜਪਾ ਦੇ ਵਫ਼ਦ ਨੇ ਉਪ ਰਾਜਪਾਲ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਵਫ਼ਦ ਨੇ ਅੱਤਵਾਦੀਆਂ ਵੱਲੋਂ ਕਸ਼ਮੀਰੀ ਹਿੰਦੂਆਂ ਨੂੰ ਨਿਸ਼ਾਨਾ ਬਣਾਏ ਜਾਣ 'ਤੇ ਚਿੰਤਾ ਪ੍ਰਗਟਾਈ। ਇਸ ਦੇ ਨਾਲ ਹੀ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਕਸ਼ਮੀਰ 'ਚ ਕੰਮ ਕਰ ਰਹੀਆਂ ਘੱਟ ਗਿਣਤੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਰੱਖਿਆ ਜਾਵੇ ਤਾਂ ਜੋ ਅੱਤਵਾਦੀ ਆਪਣੇ ਨਾਪਾਕ ਮਨਸੂਬਿਆਂ 'ਚ ਕਾਮਯਾਬ ਨਾ ਹੋ ਸਕਣ।