ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਵੱਡਾ ਫੈਸਲਾ, 48 ਰਿਜ਼ੋਰਟ ਤੇ ਮਸ਼ਹੂਰ ਸੈਰ-ਸਪਾਟਾ ਥਾਵਾਂ ਨੂੰ ਕੀਤਾ ਬੰਦ, ਮੁੜ ਅੱਤਵਾਦੀ ਹਮਲੇ ਦਾ ਖ਼ਦਸ਼ਾ
48 Resorts Closed in J&K: ਜੰਮੂ-ਕਸ਼ਮੀਰ ਸਰਕਾਰ ਨੇ ਸੁਰੱਖਿਆ ਚਿੰਤਾਵਾਂ ਦੇ ਕਾਰਨ ਦਰਜਨਾਂ ਰਿਜ਼ੋਰਟ ਅਤੇ ਕਈ ਮਸ਼ਹੂਰ ਸੈਰ-ਸਪਾਟਾ ਸਥਾਨ ਬੰਦ ਕਰ ਦਿੱਤੇ ਹਨ।
48 Resorts Closed in J&K: ਜੰਮੂ-ਕਸ਼ਮੀਰ ਸਰਕਾਰ ਨੇ ਸੁਰੱਖਿਆ ਚਿੰਤਾਵਾਂ ਦੇ ਕਾਰਨ ਦਰਜਨਾਂ ਰਿਜ਼ੋਰਟ ਤੇ ਕਈ ਮਸ਼ਹੂਰ ਸੈਰ-ਸਪਾਟਾ ਸਥਾਨ ਬੰਦ ਕਰ ਦਿੱਤੇ ਹਨ। ਹਾਲ ਹੀ ਵਿੱਚ ਪਹਿਲਗਾਮ ਵਿੱਚ ਇੱਕ ਅੱਤਵਾਦੀ ਹਮਲਾ ਹੋਇਆ ਸੀ, ਜਿਸ ਵਿੱਚ 26 ਲੋਕ ਮਾਰੇ ਗਏ ਸਨ। ਇਸੇ ਲਈ ਇਹ ਫੈਸਲਾ ਲਿਆ ਗਿਆ ਹੈ। ਇਸ ਸੁੰਦਰ ਖੇਤਰ ਵਿੱਚ ਜੋ ਆਪਣੀਆਂ ਸ਼ਾਂਤ ਵਾਦੀਆਂ ਤੇ ਉੱਚੇ ਪਹਾੜਾਂ ਲਈ ਜਾਣਿਆ ਜਾਂਦਾ ਹੈ, ਲਗਭਗ 48 ਰਿਜ਼ੋਰਟ ਬੰਦ ਕਰ ਦਿੱਤੇ ਗਏ ਹਨ। ਦੁੱਧਪਤਰੀ ਤੇ ਵੇਰੀਨਾਗ ਵਰਗੇ ਕਈ ਸੈਰ-ਸਪਾਟਾ ਸਥਾਨ ਹੁਣ ਸੈਲਾਨੀਆਂ ਲਈ ਬੰਦ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਸਰਕਾਰ ਨੇ ਇਹ ਫੈਸਲਾ ਸੁਰੱਖਿਆ ਏਜੰਸੀਆਂ ਦੀ ਸਲਾਹ 'ਤੇ ਲਿਆ ਹੈ। ਖੁਫੀਆ ਏਜੰਸੀਆਂ ਨੇ ਕਸ਼ਮੀਰ ਵਿੱਚ ਅੱਤਵਾਦੀ ਹਮਲਿਆਂ ਦੀ ਸੰਭਾਵਨਾ ਬਾਰੇ ਚੇਤਾਵਨੀ ਦਿੱਤੀ ਸੀ, ਜਿਸ ਕਾਰਨ 87 ਵਿੱਚੋਂ 48 ਸੈਰ-ਸਪਾਟਾ ਸਥਾਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪਹਿਲਗਾਮ ਵਿੱਚ ਹੋਏ ਹਮਲੇ ਤੋਂ ਬਾਅਦ, ਕੁਝ ਲੁਕੇ ਹੋਏ ਅੱਤਵਾਦੀ (ਸਲੀਪਰ ਸੈੱਲ) ਘਾਟੀ ਵਿੱਚ ਸਰਗਰਮ ਹੋ ਗਏ ਹਨ ਤੇ ਉਨ੍ਹਾਂ ਨੂੰ ਹਮਲਾ ਕਰਨ ਦੇ ਨਿਰਦੇਸ਼ ਮਿਲੇ ਹਨ।
ਖੁਫੀਆ ਜਾਣਕਾਰੀ ਦੇ ਅਨੁਸਾਰ, TRF (ਦਿ ਰੇਜ਼ਿਸਟੈਂਸ ਫਰੰਟ) ਸੰਗਠਨ ਪਹਿਲਗਾਮ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਵੱਲੋਂ ਅੱਤਵਾਦੀਆਂ ਦੇ ਘਰਾਂ ਨੂੰ ਉਡਾਉਣ ਦਾ ਬਦਲਾ ਲੈਣ ਲਈ ਕੁਝ ਲੋਕਾਂ ਨੂੰ ਮਾਰਨ ਅਤੇ ਇੱਕ ਵੱਡਾ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਕਾਰਨ ਕਰਕੇ, ਗੁਲਮਰਗ, ਸੋਨਮਰਗ ਅਤੇ ਡੱਲ ਝੀਲ ਵਰਗੇ ਸੰਵੇਦਨਸ਼ੀਲ ਸੈਰ-ਸਪਾਟਾ ਸਥਾਨਾਂ 'ਤੇ ਵਿਸ਼ੇਸ਼ ਪੁਲਿਸ ਟੀਮਾਂ ਤੇ ਆਤਮਘਾਤੀ ਵਿਰੋਧੀ ਦਸਤੇ ਤਾਇਨਾਤ ਕੀਤੇ ਗਏ ਹਨ। ਆਮ ਤੌਰ 'ਤੇ ਘਾਟੀ ਵਿੱਚ ਅੱਤਵਾਦੀ ਘਟਨਾਵਾਂ ਤੋਂ ਬਾਅਦ ਸੁਰੱਖਿਆ ਵਧਾ ਦਿੱਤੀ ਜਾਂਦੀ ਹੈ।
ਇਹ ਹਮਲਾ ਕਸ਼ਮੀਰ ਦੇ ਹਰ ਖੇਤਰ ਨੂੰ ਪ੍ਰਭਾਵਿਤ ਕਰ ਸਕਦਾ ਹੈ, ਪਰ ਸੈਰ-ਸਪਾਟੇ ਨੂੰ ਸਭ ਤੋਂ ਵੱਧ ਨੁਕਸਾਨ ਹੋ ਸਕਦਾ ਹੈ। ਜਿਹੜੇ ਲੋਕ ਉੱਥੇ ਹੋਟਲ ਖੋਲ੍ਹਣਾ, ਕਾਰੋਬਾਰ ਸ਼ੁਰੂ ਕਰਨਾ ਜਾਂ ਫਲਾਂ ਦਾ ਵਪਾਰ ਕਰਨਾ ਚਾਹੁੰਦੇ ਸਨ, ਉਨ੍ਹਾਂ ਦਾ ਵਿਸ਼ਵਾਸ ਡਗਮਗਾ ਸਕਦਾ ਹੈ। ਇਸ ਕਾਰਨ ਕਸ਼ਮੀਰ ਦੀ ਆਰਥਿਕਤਾ, ਜੋ ਕਈ ਸਾਲਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਥੋੜ੍ਹੀ ਜਿਹੀ ਠੀਕ ਹੋ ਰਹੀ ਸੀ, ਦੁਬਾਰਾ ਕਮਜ਼ੋਰ ਹੋ ਸਕਦੀ ਹੈ। ਇਸ ਤੋਂ ਇਲਾਵਾ, ਇਸਦਾ ਕਸ਼ਮੀਰ ਦੇ ਲੋਕਾਂ ਦੀ ਆਮਦਨ 'ਤੇ ਵੀ ਮਾੜਾ ਪ੍ਰਭਾਵ ਪੈ ਸਕਦਾ ਹੈ।






















